ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ ਫਗਵਾੜਾ ਸ਼ੂਗਰ ਮਿਲ ਪੁੱਲ
ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ ਫਗਵਾੜਾ ਸ਼ੂਗਰ ਮਿਲ ਪੁੱਲ
Publish Date: Thu, 20 Nov 2025 08:38 PM (IST)
Updated Date: Thu, 20 Nov 2025 08:40 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਭਾਵੇਂ ਫਗਵਾੜਾ ਪੁਲਿਸ ਪ੍ਰਸ਼ਾਸਨ ਨੇ ਸ਼ੂਗਰ ਮਿੱਲ ਪੁੱਲ ਉੱਪਰ ਦੁਰਘਟਨਾਵਾਂ ਰੋਕਣ ਲਈ ਕੌਮੀ ਰਾਜ ਮਾਰਗ ਦੇ ਵਿਚਾਲੇ ਬੈਰੀਕੇਡ ਲਗਾ ਕੇ ਰਸਤੇ ਨੂੰ ਬੰਦ ਕਰ ਦਿੱਤਾ ਹੈ ਪਰ ਇਸ ਦੇ ਬਾਵਜੂਦ ਵੀ ਲੋਕਾਂ ਵੱਲੋਂ ਸ਼ਾਰਟਕਟ ਮਾਰਨ ਦੇ ਚੱਕਰ ਵਿਚ ਅਨੇਕਾਂ ਹਾਦਸੇ ਵਾਪਰਦੇ ਰਹਿੰਦੇ ਹਨ। ਜਿਸ ਦੀ ਤਾਜ਼ਾ ਮਿਸਾਲ ਅੱਜ ਦੇਖਣ ਨੂੰ ਮਿਲੀ ਜਦੋਂ ਪੰਜਾਬ ਰੋਡਵੇਜ਼ ਦੀ ਇਕ ਬੱਸ ਦੇ ਹੇਠਾਂ ਐਕਟਿਵਾ ਸਵਾਰ ਰੋਂਗ ਸਾਈਡ ਤੋਂ ਸੜਕ ਪਾਰ ਕਰਦਾ ਹੋਇਆ ਆ ਗਿਆ ਤੇ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਫਗਵਾੜਾ ਇਲਾਜ ਲਈ ਲਿਆਂਦਾ ਗਿਆ। ਮੌਕੇ ’ਤੇ ਮਿਲੀ ਜਾਣਕਾਰੀ ਮੁਤਾਬਿਕ ਅਭਿਨਵ ਕੁਮਾਰ ਉਮਰ 22 ਸਾਲ ਜੋ ਕਿ ਕੌਮੀ ਰਾਜਮਾਰਗ ਦੇ ਬੰਦ ਪਏ ਰਾਸਤੇ ਕੋਲੋਂ ਸ਼ਾਰਟਕੱਟ ਮਾਰ ਕੇ ਦੂਜੇ ਪਾਸੇ ਵੱਲ ਜਾ ਰਿਹਾ ਸੀ, ਤੇਜ਼ ਸਪੀਡ ਨਾਲ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਹੇਠਾਂ ਉਸਦੀ ਐਕਟਿਵਾ ਆ ਗਈ। ਸਿਵਲ ਹਸਪਤਾਲ ਵਿਚ ਮੌਜੂਦ ਡਾਕਟਰ ਅਨੀਸ਼ ਨੇ ਦੱਸਿਆ ਕਿ ਨੌਜਵਾਨ ਅਭਿਨਵ ਕੁਮਾਰ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਸਨ। ਉਸ ਨੂੰ ਮੁੱਢਲਾ ਇਲਾਜ ਦੇ ਕੇ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਆਏ ਦਿਨ ਸ਼ੂਗਰ ਮਿੱਲ ਪੁੱਲ ਉੱਪਰ ਨੌਜਵਾਨ ਦੋਪਹੀਆ ਵਾਹਨਾਂ ਨੂੰ ਇਕ ਸਾਈਡ ਤੋਂ ਦੂਜੀ ਸਾਈਡ ਸ਼ਾਰਟਕੱਟ ਮਾਰਨ ਦੇ ਚੱਕਰ ਵਿਚ ਆਉਂਦੇ-ਜਾਂਦੇ ਹੀ ਰਹਿੰਦੇ ਹਨ, ਜਿਸ ਨਾਲ ਗੰਭੀਰ ਹਾਦਸਾ ਵਾਪਰਨ ਦਾ ਖਦਸ਼ਾ ਬਣਿਆ ਹੀ ਰਹਿੰਦਾ ਹੈ। ਇਸ ਦੇ ਬਾਵਜੂਦ ਵੀ ਫਗਵਾੜਾ ਪ੍ਰਸ਼ਾਸਨ ਇਸ ਵੱਲ ਗੰਭੀਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਅਤੇ ਨਾ ਹੀ ਇਸ ਦਾ ਕੋਈ ਸਾਰਥਕ ਹੱਲ ਕੀਤਾ ਜਾ ਰਿਹਾ ਹੈ ਕਿਉਂਕਿ ਸਤਨਾਮਪੁਰਾ ਸਾਈਡ ਤੋਂ ਆਉਣ ਵਾਲੇ ਵਿਅਕਤੀਆਂ ਨੂੰ ਜੇਕਰ ਦੂਜੇ ਪਾਸੇ ਜਾਣਾ ਹੋਵੇ ਤਾਂ ਪੁਲ ਦੇ ਹੇਠੋਂ ਉਤਰ ਕੇ ਫਿਰ ਘੁੰਮ ਕੇ ਜਾਣਾ ਪੈਂਦਾ ਹੈ, ਜਿਸ ਕਾਰਨ ਨੌਜਵਾਨ ਪੁਲ ਉਪਰੋਂ ਸ਼ਾਰਟਕੱਟ ਮਾਰਦੇ ਹਨ ਤੇ ਨਤੀਜੇ ਵਜੋਂ ਕਈ ਗੰਭੀਰ ਹਾਦਸੇ ਵਾਪਰ ਜਾਂਦੇ ਹਨ। ਕੈਪਸ਼ਨ-20ਪੀਐਚਜੀ14 ਕੈਪਸ਼ਨ-20ਪੀਐਚਜੀ15 ਕੈਪਸ਼ਨ-20ਪੀਐਚਜੀ16