ਨਿਗਮ ਕਮਿਸ਼ਨਰ ਡਾਕਟਰ ਨਯਨ ਜੱਸਲ ਨੂੰ ਯਾਦ ਕਰਨ ਲੱਗੇ ਫਗਵਾੜਾ ਵਾਸੀ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਨਗਰ ਨਿਗਮ ਫਗਵਾੜਾ ਦੀ ਚੱਲ ਰਹੀ ਕਾਰਜ ਪ੍ਰਣਾਲੀ ਨਾਲ ਜਿਥੇ ਲੋਕਾਂ ਨੂੰ ਸਹੂਲਤ ਮਿਲਣੀ ਚਾਹੀਦੀ ਸੀ ਪਰ ਲੋਕ ਉਸ ਤੋਂ ਜ਼ਿਆਦਾ ਪਰੇਸ਼ਾਨ ਲੱਗ ਰਹੇ ਹਨ। ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਇਨ੍ਹਾਂ ਕੂੜੇ ਦੇ ਢੇਰਾਂ ਦਾ ਕੋਈ ਹੱਲ ਨਗਰ ਨਿਗਮ ਤੋਂ ਕਿਉਂ ਨਹੀਂ ਹੋ ਰਿਹਾ। ਦੂਜੇ ਪਾਸੇ ਇਨ੍ਹਾਂ ਕੂੜੇ ਦੇ ਢੇਰਾਂ ’ਤੇ ਘੁੰਮਦੇ ਅਵਾਰਾ ਪਸ਼ੂ ਧੁੰਦ ਦੇ ਦਿਨਾਂ ਵਿਚ ਜੀਅ ਦਾ ਜੰਜਾਲ ਬਣੇ ਹੋਏ ਹਨ ਪਰ ਨਿਗਮ ਅਧਿਕਾਰੀ ਆਪਣੀਆਂ ਤਨਖਾਹਾਂ ਲੈ ਕੇ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਉੱਧਰ ਫਗਵਾੜਾ ਵਾਸੀ ਅੱਜ ਵੀ ਨਿਗਮ ਕਮਿਸ਼ਨਰ ਕਮ ਏਡੀਸੀ ਡਾ. ਨਯਨ ਜੱਸਲ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਕਾਰਜਕਾਲ ਨੂੰ ਯਾਦ ਕਰਦੇ ਹਨ। ਨਿਗਮ ਕਮਿਸ਼ਨਰ ਡਾ. ਨੱਯਨ ਜੱਸਲ ਵੱਲੋਂ ਅਵਾਰਾ ਪਸ਼ੂਆਂ ਨੂੰ ਲੁਧਿਆਣਾ ਦੀ ਗਊਸ਼ਾਲਾ ਨਾਲ ਗੱਲਬਾਤ ਕਰਕੇ ਉੱਥੇ ਭੇਜਣਾ ਸ਼ੁਰੂ ਕਰਵਾ ਦਿੱਤਾ ਸੀ, ਜਿਸ ਨਾਲ ਸ਼ਹਿਰ ਵਿਚ ਅਵਾਰਾ ਪਸ਼ੂ ਲਗਭਗ ਖਤਮ ਹੋ ਗਏ ਸਨ। ਕੂੜੇ ਦੇ ਢੇਰਾਂ ਦਾ ਸਵੇਰ ਸਮੇਂ ਹੀ ਪੂਰੀ ਤਰ੍ਹਾਂ ਸਫਾਇਆ ਹੋ ਜਾਂਦਾ ਸੀ ਪਰ ਹੁਣ ਜਦ ਨਗਰ ਨਿਗਮ ਫਗਵਾੜਾ ਅੰਦਰ ਮੇਅਰ ਅਤੇ ਨਿਗਮ ਕਮਿਸ਼ਨਰ ਦੋਨੋਂ ਹੀ ਮੌਜੂਦ ਹਨ, ਇਸਦੇ ਬਾਅਦ ਵੀ ਫਗਵਾੜਾ ਵਾਸੀਆਂ ਦੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ। ਦੂਜੇ ਪਾਸੇ ਮੁਲਾਜ਼ਮ ਸਿਰਫ ਲੋਕਾਂ ਨੂੰ ਤੰਗ-ਪਰੇਸ਼ਾਨ ਕਰਨ ਵਿਚ ਹੀ ਲੱਗੇ ਹੋਏ ਹਨ। ਦੱਸ ਦੇਈਏ ਕਿ ਅਧਿਕਾਰੀ ਲੋਕ ਦਿਖਾਵੇ ਲਈ ਆਪਣੇ ਹੀਟਰਾਂ ਵਾਲੇ ਗਰਮ ਕਮਰਿਆਂ ’ਚੋਂ ਥੋੜੀ ਦੇਰ ਲਈ ਬਾਹਰ ਨਿਕਲਦੇ ਹਨ ਅਤੇ ਸੜਕਾਂ ’ਤੇ ਦੋ-ਚਾਰ ਫੋਟੋਆਂ ਖਿਚਵਾ ਕੇ ਵਾਪਸ ਆਪਣੇ ਕਮਰਿਆਂ ਵਿਚ ਜਾ ਬੈਠਦੇ ਹਨ। ਜੇਕਰ ਗੱਲ ਕਰੀਏ ਫਗਵਾੜਾ ਚਾਚੋਕੀ ਨਹਿਰ ਨਜ਼ਦੀਕ ਬਣੇ ਡੰਪ ਦੀ ਤਾਂ ਉੱਥੇ ਕੂੜੇ ਦੇ ਢੇਰਾਂ ਦਾ ਤਾਂ ਅੰਬਾਰ ਲੱਗਾ ਹੀ ਹੋਇਆ ਹੈ, ਨਾਲ ਅਵਾਰਾ ਜਾਨਵਰਾਂ ਦੀ ਵੀ ਬਹੁਤ ਵੱਡੀ ਸਮੱਸਿਆ ਹੈ ਜੋ ਕਿ ਬੀਤੇ ਕਈ ਮਹੀਨਿਆਂ ਤੋਂ ਇਸੇ ਤਰ੍ਹਾਂ ਜਾਰੀ ਹੈ ਪਰ ਨਗਰ ਨਿਗਮ ਅਧਿਕਾਰੀ ਸਿਰਫ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੇ ਹਨ। ਹੁਣ ਧੁੰਦਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਹਨ ਜਿਸ ਵਿਚ ਅਵਾਰਾ ਪਸ਼ੂ ਜੇਕਰ ਕਿਸੇ ਵਾਹਨ ਚਾਲਕ ਦੇ ਅੱਗੇ ਆ ਗਏ ਤਾਂ ਕੋਈ ਵੀ ਵੱਡੀ ਘਟਨਾ ਵਾਪਰ ਸਕਦੀ ਹੈ। ਨਜ਼ਦੀਕ ਹੀ ਕਈ ਸਕੂਲ, ਹਸਪਤਾਲ ਵੀ ਮੌਜੂਦ ਹਨ। ਇਸ ਦੇ ਬਾਵਜੂਦ ਵੀ ਨਗਰ ਨਿਗਮ ਅਧਿਕਾਰੀ ਅੱਖਾਂ ’ਤੇ ਪੱਟੀਆਂ ਬੰਨ ਕੇ ਕਮਰਿਆਂ ਵਿਚ ਬੈਠੇ ਹੋਏ ਹਨ। ਫਗਵਾੜਾ ਸ਼ਹਿਰ ਦਾ ਪੌਸ਼ ਇਲਾਕਾ ਅਰਬਨ ਅਸਟੇਟ ਜਿਥੇ ਕਈ ਮੰਤਰੀਆਂ ਦੇ ਘਰ ਵੀ ਮੌਜੂਦ ਹਨ, ਉਥੇ ਵੀ ਸਫਾਈ ਦਾ ਬਹੁਤ ਹੀ ਬੁਰਾ ਹਾਲ ਹੋਇਆ ਪਿਆ ਹੈ। ਲੋਕ ਡਾ. ਨਯਨ ਜੱਸਲ ਨੂੰ ਯਾਦ ਕਰਦਿਆਂ ਕਹਿੰਦੇ ਹਨ ਕਿ ਉਨ੍ਹਾਂ ਦੇ ਕਾਰਜਕਾਲ ਸਮੇਂ ਅਵਾਰਾ ਪਸ਼ੂ ਵੀ ਖਤਮ ਹੋ ਗਏ ਸਨ ਅਤੇ ਗੰਦਗੀ ਦੇ ਕੂੜੇ ਦੇ ਢੇਰਾਂ ਦਾ ਵੀ ਸਫਾਇਆ ਹੋਣ ਲੱਗਾ ਸੀ। ਅਜਿਹੇ ਮਿਹਨਤੀ ਤੇ ਇਮਾਨਦਾਰ ਅਧਿਕਾਰੀਆਂ ਦੀ ਫਗਵਾੜਾ ਨੂੰ ਹਮੇਸ਼ਾ ਜ਼ਰੂਰਤ ਰਹੀ ਹੈ ਜੋ ਕਿ ਕਦੇ ਹੁਣ ਪੂਰੀ ਹੋਣ ਦੀ ਉਮੀਦ ਵੀ ਨਹੀਂ ਲਗਾਈ ਜਾ ਸਕਦੀ।