ਜੈਟਿੰਗ ਮਸ਼ੀਨ ਨਾਲ ਸੀਵਰੇਜ ਸਮੱਸਿਆ ਦਾ ਹੋਵੇਗਾ ਹੱਲ : ਰਾਣਾ ਗੁਰਜੀਤ ਸਿੰਘ
ਜੈਟਿੰਗ ਮਸ਼ੀਨ ਨਾਲ ਲੋਕਾਂ ਦੀ ਸੀਵਰੇਜ ਸਮੱਸਿਆ ਦਾ ਹੋਵੇਗਾ ਹੱਲ : ਰਾਣਾ ਗੁਰਜੀਤ ਸਿੰਘ
Publish Date: Wed, 19 Nov 2025 10:23 PM (IST)
Updated Date: Wed, 19 Nov 2025 10:25 PM (IST)

--ਆਪਣੇ ਨਿੱਜੀ ਫੰਡਾਂ ’ਚੋਂ ਰਾਣਾ ਨੇ 35 ਲੱਖ ਦੀ ਜੈਟਿੰਗ ਮਸ਼ੀਨ ਸ਼ਹਿਰ ਨੂੰ ਕੀਤੀ ਭੇਟ --ਸਰਕਾਰ ਤੇ ਪ੍ਰਸ਼ਾਸਨ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ’ਚ ਫੇਲ੍ਹ : ਰਾਣਾ ਅਮਰੀਕ ਸਿੰਘ ਮੱਲ੍ਹੀ/ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਸ਼ਹਿਰ ਦੇ ਕੂੜਾ ਕਰਕਟ ਨੂੰ ਨਿੱਜੀ ਤੌਰ ਉੱਤੇ ਲਿਫਟ ਕਰਵਾਉਣ ਦੇ ਪ੍ਰੋਜੈਕਟ ਨੂੰ 50 ਦਿਨ ਲੰਘਣ ਦੇ ਬਾਅਦ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸ਼ਹਿਰ ਦੀ ਸੀਵਰੇਜ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਦੇ ਹੋਏ ਆਪਣੇ ਨਿੱਜੀ ਫੰਡਾਂ ਵਿਚੋਂ 35 ਲੱਖ ਰੁਪਏ ਦੀ ਕੀਮਤ ਵਾਲੀ ਜੈਟਿੰਗ ਮਸ਼ੀਨ ਨੂੰ ਲੋਕਾਂ ਦੀ ਸੀਵਰੇਜ ਸਮੱਸਿਆ ਦੇ ਹੱਲ ਲਈ ਸੜਕਾਂ ਉੱਤੇ ਉਤਾਰ ਦਿੱਤਾ ਹੈ, ਜੋ ਕਿ ਸੀਵਰੇਜ ਦੀ ਓਵਰਫਲੋ ਦੀ ਸਮੱਸਿਆ ਨੂੰ ਤੱਤਕਾਲ ਠੀਕ ਕਰਣ ਲਈ ਕਪੂਰਥਲਾ ਵਿਚ ਟਰਾਇਲ ਦੇ ਰੂਪ ਵਿਚ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਉਕਤ ਗੱਡੀ ਲੋਕਾਂ ਦੀ ਫੋਨ ਕਾਲ ਉੱਤੇ ਪਹਿਲ ਦੇ ਆਧਾਰ ’ਤੇ ਉਪਲਬਧ ਹੋਵੇਗੀ। ਸਥਾਨਕ ਏਕਤਾ ਭਵਨ ਵਿਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਅਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਨਗਰ ਨਿਗਮ ਪ੍ਰਸ਼ਾਸਨ ਸ਼ਹਿਰ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਿਚ ਲਗਪਗ ਸਾਡੇ ਤਿੰਨ ਸਾਲ ਤੋਂ ਜ਼ਿਆਦਾ ਸਮਾਂ ਵਿਚ ਫੇਲ੍ਹ ਸਾਬਤ ਹੋਏ ਹਨ। ਲੋਕਾਂ ਦੀ ਕੂੜਾ-ਕਰਕਟ ਦੀ ਸਮੱਸਿਆ ਨੂੰ ਹੱਲ ਕਰਣ ਲਈ ਉਨ੍ਹਾਂ ਨੇ ਫੈਸਲਾ ਲੈ ਕੇ 9 ਲੱਖ ਰੁਪਏ ਪ੍ਰਤੀ ਮਹੀਨਾ ਨਿੱਜੀ ਤੌਰ ਉੱਤੇ ਪ੍ਰੋਜੈਕਟ ਸ਼ਹਿਰ ਵਿਚ ਸ਼ੁਰੂ ਕੀਤਾ ਹੈ। ਉਸਦੇ ਬਾਅਦ ਹੁਣ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਣ ਵਿਚ ਵੀ ਨਗਰ ਨਿਗਮ ਦੀ ਵੱਡੀ ਨਾਕਾਮੀ ਦੇ ਬਾਅਦ ਉਨ੍ਹਾਂ ਨੇ ਇਕ ਆਧੁਨਿਕ ਮਾਡਲ ਦੀ ਜੈਟਿੰਗ ਮਸ਼ੀਨ ਨੂੰ ਲੋਕਾਂ ਦੀ ਸੇਵਾ ਲਈ ਨਿੱਜੀ ਤੌਰ ਉੱਤੇ ਕੰਮ ਉੱਤੇ ਲਗਾਇਆ ਹੈ, ਜੋ ਕਿ ਸ਼ਹਿਰ ਦੇ ਤਕਰੀਬਨ ਹਰ ਖੇਤਰ ਵਿਚ ਪਹੁੰਚ ਕੇ ਸੀਵਰੇਜ ਸਮੱਸਿਆ ਦਾ ਹੱਲ ਕਰੇਗੀ, ਕਿਉਂਕਿ ਨਗਰ ਨਿਗਮ ਦੀ ਸੀਵਰੇਜ ਜੈਟਿੰਗ ਮਸ਼ੀਨ ਅਕਸਰ ਖ਼ਰਾਬ ਰਹਿੰਦੀ ਹੈ ਅਤੇ ਉਸਦੀ ਡਿਮਾਂਡ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਉਸਦੀ ਨਵੀਂ ਖਰੀਦ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਸਮੱਸਿਆ ਨਾਲ ਸਬੰਧਤ ਲੋਕ ਆਪਣੇ ਕੌਂਸਲਰ ਦੇ ਮਾਧਿਅਮ ਨਾਲ ਏਕਤਾ ਭਵਨ ਵਿਖੇ ਮੋਬਾਇਲ ਕਾਲ ਦੁਆਰਾ ਸੰਪਰਕ ਕਰ ਸਕਦੇ ਹਨ ਅਤੇ ਫੋਨ ਕਾਲ ਆਉਣ ਦੇ ਬਾਅਦ ਸੀਵਰੇਜ ਦੀ ਜੈਟਿੰਗ ਮਸ਼ੀਨ ਮੌਕੇ ਉੱਤੇ ਸਮੱਸਿਆ ਦਾ ਹੱਲ ਕਰਨ ਲਈ ਪੁੱਜੇਗੀ। ਜੈਟਿੰਗ ਮਸ਼ੀਨ ਦੀ ਦੇਖ-ਭਾਲ ਦਾ ਜਿੰਮਾ ਕੌਂਸਲਰ ਬਲਜੀਤ ਸਿੰਘ ਕਾਲਾ ਨੂੰ ਦਿੱਤਾ ਗਿਆ ਹੈ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਰਾਜਨੀਤਿਕ ਦੇ ਕਾਰਨ ਆਪ ਦੀ ਸੂਬਾ ਸਰਕਾਰ ਅਤੇ ਨਗਰ ਨਿਗਮ ਪ੍ਰਸ਼ਾਸਨ ਵਿਕਾਸ ਕਾਰਜਾਂ ਨੂੰ ਰੋਕ ਕੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਜਦੋਂ ਕਿ ਨਗਰ ਨਿਗਮ ਵਿਚ ਕਾਂਗਰਸ ਵੱਲੋਂ ਵੱਖ-ਵੱਖ ਸਮਿਆਂ ਵਿਚ ਆਯੋਜਿਤ ਬੈਠਕਾਂ ਵਿਚ ਕਰੋੜਾਂ ਰੁਪਏ ਦੇ ਪ੍ਰੋਜੈਕਟ ਜਿਨ੍ਹਾਂ ਵਿਚ ਸੀਵਰੇਜ, ਸੜਕਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਪੂਰਤੀ ਲਈ ਹਰ ਪ੍ਰਸਤਾਵ ਰੱਖੇ ਹਨ। ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਬੀਤੀ 9 ਜੂਨ ਨੂੰ ਨਗਰ ਨਿਗਮ ਦੀ ਹਾਊਸ ਬੈਠਕ ਵਿਚ ਸ਼ਹਿਰ ਦੇ ਕੂੜਾ ਕਰਕਟ ਦੀ ਲਿਫਟਿੰਗ ਲਈ 70 ਲੱਖ ਰੁਪਏ ਦੀ ਰਾਸ਼ੀ ਇਕ ਸਾਲ ਲਈ ਰੱਖੀ ਗਈ ਹੈ, ਜਿਸ ਵਿਚ ਟਰੈਕਟਰ ਟਰਾਲੀ, ਜੇਸੀਬੀ ਅਤੇ ਹੋਰ ਸਾਮਾਨ ਸ਼ਾਮਿਲ ਹਨ, ਪ੍ਰੰਤੂ ਨਗਰ ਨਿਗਮ ਪ੍ਰਸ਼ਾਸਨ ਦਾ ਇੰਨਾ ਮਾੜਾ ਹਾਲ ਹੈ ਕਿ ਉਕਤ ਪ੍ਰੋਜੈਕਟ ਉੱਤੇ ਕੰਮ ਕਰਣ ਨੂੰ ਵੀ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨਿੱਜੀ ਪ੍ਰੋਜੈਕਟ ਦੇ ਤਹਿਤ ਸਾਲ ਦੇ 365 ਦਿਨ ਲਗਾਤਾਰ ਕੂੜਾ ਲਿਫਟਿੰਗ ਕੰਮ ਜਾਰੀ ਰਹੇਗਾ। ਰਾਣਾ ਨੇ ਕਿਹਾ ਕਿ ਸ਼ਹਿਰ ਦੀ ਅੰਦਰੂਨੀ ਖੇਤਰਾਂ ਦੀ ਸਫਾਈ ਕਰਣ ਦਾ ਜ਼ਿੰਮਾ ਵੀ ਨਗਰ ਨਿਗਮ ਪ੍ਰਸ਼ਾਸਨ ਦੇ ਕੋਲ ਹੈ ਪ੍ਰੰਤੂ ਉਹ ਉਕਤ ਕੰਮ ਨੂੰ ਵੀ ਠੱਪ ਕਰਕੇ ਬੈਠਾ ਹੈ। ਇਸੇ ਤਰ੍ਹਾਂ ਰਾਣਾ ਨੇ ਦੱਸਿਆ ਕਿ 32 ਕਰੋੜ ਰੁਪਏ ਦੀ ਲਾਗਤ ਨਾਲ ਕੇਂਦਰ ਸਰਕਾਰ ਦੀ ਸਕੀਮ ਅਮ੍ਰਿਤ-2 ਦੇ ਤਹਿਤ ਸ਼ਹਿਰ ਵਿੱਚ ਪੁਰਾਣੇ ਪਾਇਪ ਦੇ ਬਦਲਨ ਦੇ ਟੈਂਡਰ ਲਗਾਏ ਗਏ ਹਨ। ਉਕਤ ਪ੍ਰੋਜੈਕਟ ਨੂੰ ਸ਼ੁਰੂ ਕਰਵਾਉਣ ਵਿਚ ਉਨ੍ਹਾਂ ਨੇ ਬੜੀ ਹੀ ਤਨਦੇਹੀ ਦੇ ਨਾਲ ਕੰਮ ਕੀਤਾ ਸੀ, ਜਿਸਦੇ ਨਤੀਜੇ ਵਜੋਂ ਨਗਰ ਨਿਗਮ ਤੱਕ ਅਮ੍ਰਿਤ-2 ਪ੍ਰੋਜੈਕਟ ਦੇ ਤਹਿਤ ਕੰਮ ਕਰਵਾਏ ਜਾਣਗੇ। ਉਕਤ ਪ੍ਰੋਜੈਕਟ ਨਾਲ ਸ਼ਹਿਰ ਦੇ ਲੋਕਾਂ ਨੂੰ 100 ਫੀਸਦੀ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਹੋਵੇਗਾ। ਇਸ ਮੌਕੇ ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ, ਮੇਅਰ ਕੁਲਵੰਤ ਕੌਰ, ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ, ਵਿਧਾਇਕ ਰਾਣਾ ਦੇ ਨਿੱਜੀ ਸਕੱਤਰ ਮਨਪ੍ਰੀਤ ਸਿੰਘ ਮਾਂਗਟ, ਜਤਿਨ ਸ਼ਰਮਾ, ਮਨੀਸ਼ ਅੱਗਰਵਾਲ, ਵਿਕਾਸ ਸ਼ਰਮਾ, ਕਿੱਕੀ ਵਾਲੀਆ, ਹਰਜੀਤ ਸਿੰਘ ਬੱਬਾ ਵਾਲੀਆ, ਸਿਮਰਨਜੀਤ ਵਾਲੀਆ, ਰਾਜਿੰਦਰ ਸਿੰਘ ਪਾਲਾ, ਕੌਂਸਲਰ ਬਲਜੀਤ ਕਾਲਾ, ਪ੍ਰੇਮ ਅਟਵਾਲ, ਪਰਵਿੰਦਰ ਸ਼ਰਮਾ, ਠਾਕੁਰ ਦਾਸ, ਕੌਂਸਲਰ ਹਰਸਿਮਰਨਜੀਤ ਸਿੰਘ ਪ੍ਰਿੰਸ, ਕਾਂਗਰਸ ਆਗੂ ਕੁਲਦੀਪ ਸਿੰਘ, ਜਤਿੰਦਰ ਸਿੰਘ, ਹਰਭਜਨ ਸਿੰਘ ਦੇ ਇਲਾਵਾ ਕੌਂਸਲਰ ਅਤੇ ਆਗੂ ਸ਼ਾਮਿਲ ਸਨ। ਕੈਪਸ਼ਨ: 19ਕੇਪੀਟੀ33 ਕੈਪਸ਼ਨ: 19ਕੇਪੀਟੀ34