ਓਵਰਲੋਡ, ਓਵਰਵੇਟ ਅਤੇ ਸੜਕ ਵਿਚਕਾਰ ਖਰਾਬ ਗੱਡੀਆਂ – ਲੋਕਾਂ ਦੀ ਜਾਨ ਲਈ ਬਣ ਰਹੀਆਂ ਕਾਲ

ਪਰਮਜੀਤ ਸਿੰਘ ਪੰਜਾਬੀ ਜਾਗਰਣ
ਡਡਵਿੰਡੀ : ਪੰਜਾਬ ਸਮੇਤ ਉੱਤਰੀ ਭਾਰਤ ਦੀਆਂ ਸੜਕਾਂ ’ਤੇ ਵਧ ਰਹੇ ਹਾਦਸਿਆਂ ਦੇ ਮੁੱਖ ਕਾਰਨਾਂ ਵਿਚੋਂ ਇਕ ਓਵਰਲੋਡ ਅਤੇ ਓਵਰਵੇਟ ਗੱਡੀਆਂ ਹਨ। ਇਸਦੇ ਨਾਲ ਖਰਾਬ ਹੋ ਕੇ ਸੜਕ ਵਿਚਕਾਰ ਬਿਨਾਂ ਕਿਸੇ ਸੁਰੱਖਿਆ ਚਿੰਨ੍ਹ ਦੇ ਖੜ੍ਹ ਜਾਣ ਵਾਲੀਆਂ ਗੱਡੀਆਂ ਵੀ ਲੋਕਾਂ ਦੀ ਜ਼ਿੰਦਗੀ ਲਈ ਹਰ ਰੋਜ਼ ਖ਼ਤਰਾ ਬਣ ਰਹੀਆਂ ਹਨ। ਕਈ ਮਾਮਲਿਆਂ ਵਿਚ ਇਹੋ-ਜਿਹੀਆਂ ਗੱਡੀਆਂ ਨਾਲ ਟੱਕਰ ਹੋਣ ਕਰਕੇ ਮੌਤਾਂ ਅਤੇ ਗੰਭੀਰ ਜ਼ਖ਼ਮੀ ਹੋਣ ਦੇ ਕੇਸ ਸਾਹਮਣੇ ਆ ਰਹੇ ਹਨ।
ਮਾਹਿਰਾਂ ਮੁਤਾਬਕ ਜਦੋਂ ਵਾਹਨ ਸਮਰੱਥਾ ਤੋਂ ਵੱਧ ਭਾਰ ਚੁੱਕਦਾ ਹੈ ਤਾਂ ਗੱਡੀ ਦੇ ਬ੍ਰੇਕ ਸਹੀ ਢੰਗ ਨਾਲ ਕੰਮ ਨਹੀਂ ਕਰਦੇ ਹਨ ਅਤੇ ਵਾਹਨ ਦਾ ਬੈਲੰਸ ਖ਼ਤਮ ਹੋ ਜਾਂਦਾ ਹੈ। ਹਾਈਵੇ ’ਤੇ ਸਲੋ ਸਪੀਡ ਹੋਣ ਕਾਰਨ ਹੋਰ ਗੱਡੀਆਂ ਨਾਲ ਸਾਹਮਣੇ ਤੋ ਟੱਕਰ ਹੁੰਦੀ ਹੈ। ਇਸ ਨਾਲ ਟਾਇਰ ਫਟਣ ਦੀ ਸੰਭਾਵਨਾ ਵੀ ਕਈ ਗੁਣਾ ਵੱਧ ਜਾਂਦੀ ਹੈ। ਕਈ ਵਾਰ ਢਲਾਨਾਂ ’ਤੇ ਓਵਰਲੋਡ ਗੱਡੀ ਕੰਟਰੋਲ ਤੋਂ ਬਾਹਰ ਹੋ ਸਕਦੀ ਹੈ। ਇਹ ਸਭ ਕਾਰਨ ਮਿਲ ਕੇ ਇਸਨੂੰ "ਚਲਦੀ ਫਿਰਦੀ ਮੌਤ" ਬਣਾ ਦਿੰਦੇ ਹਨ। ਓਵਰਲੋਡ ਤੇ ਓਵਰਵੇਟ ਗੱਡੀਆਂ ਅਤੇ ਸੜਕ ਵਿਚਕਾਰ ਖਰਾਬ ਖੜ੍ਹੀਆਂ ਵਾਹਨਾਂ ਕਾਰਨ ਹੋ ਰਹੇ ਹਾਦਸੇ ਸੜਕ ਸੁਰੱਖਿਆ ਲਈ ਇਕ ਵੱਡੀ ਚੁਣੌਤੀ ਹੈ। ਮਾਹਿਰਾਂ ਦੀ ਰਾਏ, ਪੁਲਿਸ ਦੀ ਕਾਰਵਾਈ ਅਤੇ ਕਾਨੂੰਨੀ ਦੰਡ ਸਾਬਤ ਕਰਦੇ ਹਨ ਕਿ ਜੇਕਰ ਸਾਰੇ ਸਹਿਯੋਗ ਨਾਲ ਕੰਮ ਕਰਨ ਤਾਂ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਰਾਤ ਦੇ ਹਨੇਰੇ ’ਚ ਮੌਤ ਦਾ ਫੰਦਾ
ਰਾਤ ਦੇ ਸਮੇਂ ਬਿਨਾਂ ਰਿਫਲੈਕਟਰ, ਬਿਨਾਂ ਤਿਕੋਣ ਚਿੰਨ੍ਹ ਅਤੇ ਬਿਨਾਂ ਹਾਈਡਰੋਲਾਈਟ ਦੇ ਸੜਕ ਵਿਚਕਾਰ ਖਰਾਬ ਖੜ੍ਹੀ ਗੱਡੀ ਹੋਰ ਵਾਹਨਾਂ ਨੂੰ ਆਖ਼ਰੀ ਪਲ ਵਿਚ ਦਿਸਦੀ ਹੈ। ਇਸ ਕਾਰਨ ਹੁੰਦੀ ਟੱਕਰ ਅਕਸਰ ਜਾਨਲੇਵਾ ਹੁੰਦੀ ਹੈ। ਇਸ ਨਾਲ ਸਭ ਤੋਂ ਵੱਧ ਖ਼ਤਰਾ ਬਾਈਕ ਸਵਾਰਾਂ ਅਤੇ ਤੇਜ਼ ਰਫ਼ਤਾਰ ਕਾਰਾਂ ਨੂੰ ਹੁੰਦਾ ਹੈ।
ਡੀਐੱਸਪੀ ਦੀ ਰਾਏ
ਸੜਕ ਸੁਰੱਖਿਆ ਬਾਰੇ ਗੱਲ ਕਰਦਿਆਂ ਡੀਐੱਸਪੀ ਧੀਰੇਂਦਰ ਵਰਮਾ ਏਸੀਪੀ ਸੁਲਤਾਨਪੁਰ ਲੋਧੀ ਨੇ ਕਿਹਾ ਕਿ ਓਵਰਲੋਡ ਗੱਡੀਆਂ ਸਿਰਫ਼ ਕਾਨੂੰਨੀ ਉਲੰਘਣਾ ਹੀ ਨਹੀਂ, ਬਲਕਿ ਸਿੱਧਾ–ਸਿੱਧਾ ਜਾਨਲੇਵਾ ਕਦਮ ਹੈ। ਅਸੀਂ ਨਿਰੰਤਰ ਨਾਕਾਬੰਦੀ ਅਤੇ ਚੈਕਿੰਗ ਰਾਹੀਂ ਓਵਰਲੋਡਿੰਗ ’ਤੇ ਕਰੈਕਡਾਊਨ ਕਰ ਰਹੇ ਹਾਂ, ਪਰ ਡਰਾਈਵਰਾਂ ਅਤੇ ਮਾਲਕਾਂ ਦੀ ਸੋਚ ਬਦਲਣਾ ਵੀ ਬਹੁਤ ਜ਼ਰੂਰੀ ਹੈ। ਖਰਾਬ ਹੋ ਕੇ ਸੜਕ ਵਿਚਕਾਰ ਖੜ੍ਹ ਜਾਣ ਵਾਲੀਆਂ ਗੱਡੀਆਂ ਨੂੰ ਤੁਰੰਤ ਹਟਾਉਣਾ ਪੁਲਿਸ ਦੀ ਪਹਿਲਕਦਮੀ ਹੁੰਦੀ ਹੈ।
ਐਡਵੋਕੇਟ ਦੀ ਰਾਏ
ਟ੍ਰੈਫਿਕ ਕਾਨੂੰਨਾਂ ਦੇ ਮਾਮਲਿਆਂ ਨੂੰ ਵੇਖਣ ਵਾਲੇ ਸੀਨੀਅਰ ਐਡਵੋਕੇਟ ਜਰਨੈਲ ਸਿੰਘ ਸੰਧਾ ਪ੍ਰਧਾਨ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਅਨੁਸਾਰ ਮੋਟਰ ਵਾਹਨ ਐਕਟ ਅਨੁਸਾਰ ਓਵਰਲੋਡ ਵਾਹਨ ਚਲਾਉਣ ’ਤੇ ਭਾਰੀ ਜੁਰਮਾਨੇ, ਪਰਮਿਟ ਰੱਦ ਕਰਨ ਅਤੇ ਵਾਹਨ ਸੀਜ਼ ਕਰਨ ਤੱਕ ਦੀ ਕਾਰਵਾਈ ਹੋ ਸਕਦੀ ਹੈ। ਜੇ ਓਵਰਲੋਡਿੰਗ ਜਾਂ ਖਰਾਬ ਖੜ੍ਹੀ ਗੱਡੀ ਕਾਰਨ ਕਿਸੇ ਦੀ ਜਾਨ ਚਲੀ ਜਾਂਦੀ ਹੈ ਤਾਂ ਇਹ ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨਾ ਆਈਪੀਸੀ ਦੀ ਧਾਰਾ 304 ਏ ਦੀ ਸ਼੍ਰੇਣੀ ਵਿਚ ਆ ਸਕਦਾ ਹੈ।
ਟ੍ਰਾਂਸਪੋਰਟ ਮਾਹਿਰਾਂ ਦੀ ਰਾਏ
ਭਾਰ ਵੱਧ ਹੋਣ ਨਾਲ ਚੈਸੀ ਦੇ ਕ੍ਰੈਕ, ਐਕਸਲ ਟੁੱਟਣ ਅਤੇ ਬ੍ਰੇਕ ਫੇਲ ਜਿਹੀਆਂ ਗੰਭੀਰ ਗੜਬੜਾਂ ਹੁੰਦੀਆਂ ਹਨ।
ਸੱਤਰ ਪ੍ਰਤੀਸ਼ਤ ਹਾਦਸਿਆਂ ਦਾ ਸਿੱਧਾ ਕਾਰਨ ਵਾਹਨਾਂ ਦੀ ਮੈਂਟੇਨੈਂਸ ਦੀ ਕਮੀ ਨਾਲ ਹੁੰਦਾ ਹੈ।
ਖਰਾਬ ਗੱਡੀ ਨੂੰ ਸੜਕ ਦੇ ਕਿਨਾਰੇ ਲਗਾਉਣਾ ਅਤੇ ਰਿਫਲੈਕਟਰ/ਰੇਡ ਲਾਈਟ ਲਾਉਣਾ ਹਰ ਡਰਾਈਵਰ ਦਾ ਫਰਜ਼ ਹੈ।
ਜ਼ਿੰਮੇਵਾਰੀ ਕਿਸਦੀ ਹੈ?
ਟਰਾਂਸਪੋਰਟ ਵਿਭਾਗ–ਓਵਰਲੋਡ ਗੱਡੀਆਂ ਨੂੰ ਰੋਕਣਾ ਅਤੇ ਵਜ਼ਨ ਪਾਸਿੰਗ ਸਿਸਟਮ ਨੂੰ ਸਖ਼ਤ ਕਰਨਾ ਹੁੰਦਾ ਹੈ।
ਟਰੈਫਿਕ ਪੁਲਿਸ–ਰਾਤ ਦੀ ਗਸ਼ਤ ਵਧਾ ਕੇ ਖਰਾਬ ਗੱਡੀਆਂ ਨੂੰ ਤੁਰੰਤ ਹਟਾਉਣਾ ਚਾਹੀਦਾ ਹੈ।
ਡਰਾਈਵਰ/ਮਾਲਕ–ਵਾਹਨ ਦੀ ਮੈਂਟੇਨੈਂਸ ਅਤੇ ਉਸ ਨੂੰ ਭਾਰ ਅਨੁਸਾਰ ਚਲਾਉਣਾ ਚਾਹੀਦਾ ਹੈ।
ਜਨਤਾ ਵੱਲੋਂ ਇਸ ਤਰ੍ਹਾਂ ਦੀਆਂ ਉਲੰਘਣਾਵਾਂ ਦੀ ਸੂਚਨਾ 100/112 ’ਤੇ ਦੇਣੀ ਚਾਹੀਦੀ ਹੈ।