‘ਈ-ਫਾਈਲਿੰਗ ਤੇ ਜੀਐੱਸਟੀ ਰਿਟਰਨ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ
ਜੀ ਐਸ ਟੀ ਰਿਟਰਨ’ ਵਿਸ਼ੇ ’ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ
Publish Date: Sun, 25 Jan 2026 07:48 PM (IST)
Updated Date: Sun, 25 Jan 2026 07:52 PM (IST)

ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂ ਢੀਂਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ “ਈ-ਫਾਈਲਿੰਗ ਆਫ਼ ਇਨਕਮ ਟੈਕਸ ਤੇ ਜੀ ਐਸ ਟੀ ਰਿਟਰਨ ਆਨ ਪੋਰਟਲ” ਵਿਸ਼ੇ ’ਤੇ ਇਕ ਦਿਨ ਦੀ ਵਰਕਸ਼ਾਪ ਦਾ ਸਫ਼ਲ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਉਪ-ਕੁਲਪਤੀ ਪ੍ਰੋ. ਡਾ. ਕਰਮਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤੇ ਪ੍ਰੋ. ਡਾ. ਸਰੋਜ ਅਰੋੜਾ, ਡੀਨ ਕਾਲਜਿਜ਼ ਵਿਕਾਸ ਕੌਂਸਲ ਦੀ ਅਗਵਾਈ ਹੇਠ ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਨਿਊਰਸ਼ਿਪ ਐਂਡ ਇਨੋਵੇਸ਼ਨ ਦੇ ਸਹਿਯੋਗ ਅਤੇ ਰੂਸਾ ਦੀ ਸਪਾਂਸਰਸ਼ਿਪ ਨਾਲ ਆਯੋਜਿਤ ਕੀਤੀ ਗਈ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਟੈਕਸ ਪ੍ਰਣਾਲੀ ਬਾਰੇ ਵਿਹਾਰਕ ਜਾਣਕਾਰੀ ਪ੍ਰਦਾਨ ਕਰਨਾ ਤੇ ਡਿਜੀਟਲ ਯੁੱਗ ਦੀਆਂ ਲੋੜਾਂ ਨਾਲ ਜਾਣੂ ਕਰਵਾਉਣਾ ਸੀ। ਇਸ ਮੌਕੇ ਮੁੱਖ ਬੁਲਾਰੇ ਵਜੋਂ ਪ੍ਰੋ. ਡਾ. ਵਿਕਰਮ ਸੰਧੂ, ਮੁਖੀ ਯੂਨੀਵਰਸਿਟੀ ਬਿਜ਼ਨੈੱਸ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਵਿਦਿਆਰਥੀਆਂ ਨੂੰ ਟੈਕਸਾਂ ਦੀਆਂ ਵੱਖ-ਵੱਖ ਕਿਸਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਾਮਰਸ ਵਿਸ਼ੇ ਦੀ ਪੜ੍ਹਾਈ ਨੂੰ ਵਿਦਿਆਰਥੀਆਂ ਦੇ ਉਜਲੇ ਭਵਿੱਖ ਨਾਲ ਜੋੜਦਿਆਂ ਇਸਦੇ ਕਰੀਅਰ ਲਾਭਾਂ ’ਤੇ ਚਾਨਣ ਪਾਇਆ। ਹਰਦੇਵ ਸਿੰਘ ਸਹਾਇਕ ਪ੍ਰੋਫੈਸਰ, ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼ ਵੱਲੋਂ ਜੀਐੱਸਟੀ ਤੇ ਇਨਕਮ ਟੈਕਸ ਰਿਟਰਨ ਦੀ ਈ-ਫਾਈਲਿੰਗ ਬਾਰੇ ਪੋਰਟਲ ਰਾਹੀਂ ਪ੍ਰਯੋਗਿਕ ਸਿਖਲਾਈ ਦਿੱਤੀ ਗਈ, ਜਿਸ ਨਾਲ ਵਿਦਿਆਰਥੀਆਂ ਨੂੰ ਰਿਟਰਨ ਫਾਈਲ ਕਰਨ ਦੀ ਪ੍ਰਕਿਰਿਆ ਦੀ ਪ੍ਰੈਕਟੀਕਲ ਜਾਣਕਾਰੀ ਮਿਲੀ। ਸਟੂਡੈਂਟਸ ਫੀਡਬੈਕ ਤੇ ਸਵਾਲ-ਜਵਾਬ ਦੇ ਸੈਸ਼ਨ ਵਿਚ ਵਿਦਿਆਰਥੀਆਂ ਵੱਲੋਂ ਆਪਣੀਆਂ ਰੁਚੀਆਂ ਅਨੁਸਾਰ ਮੁੱਖ ਬੁਲਾਰਿਆਂ ਨੂੰ ਸਵਾਲ ਕੀਤੇ ਗਏ, ਜਿਨ੍ਹਾਂ ਦੇ ਸੰਤੁਸ਼ਟੀਜਨਕ ਜਵਾਬ ਬੁਲਾਰਿਆਂ ਦੁਆਰਾ ਦਿੱਤੇ ਗਏ। ਵਰਕਸ਼ਾਪ ਦੇ ਕੋਆਰਡੀਨੇਟਰ ਡਾ. ਪਰਮਜੀਤ ਕੌਰ, ਮੁਖੀ ਕਾਮਰਸ ਵਿਭਾਗ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਵਿਦਿਆਰਥੀਆਂ ਨੂੰ ਪ੍ਰਯੋਗਿਕ ਗਿਆਨ ਨਾਲ ਜੋੜਦੀਆਂ ਹਨ ਤੇ ਉਨ੍ਹਾਂ ਨੂੰ ਰੋਜ਼ਗਾਰ ਦੇ ਯੋਗ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਸਾਇੰਸ ਵਿਭਾਗ ਦੇ ਮੁਖੀ ਡਾ. ਪਰਮਜੀਤ ਕੌਰ ਨੇ ਪ੍ਰਯੋਗਿਕ ਸਿੱਖਿਆ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਕਾਲਜ ਦੇ ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਕਿਹਾ ਕਿ ਕਾਲਜ ਹਮੇਸ਼ਾ ਵਿਦਿਆਰਥੀਆਂ ਨੂੰ ਸਮੇਂ ਦੀ ਹਾਣੀ ਤੇ ਵਿਹਾਰਕ ਸਿੱਖਿਆ ਦੇਣ ਲਈ ਯਤਨਸ਼ੀਲ ਹੈ ਤੇ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਵਰਕਸ਼ਾਪ ਵਿਚ ਹਾਜ਼ਰ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਯਾਦਗਾਰੀ ਚਿੰਨ ਨਾਲ ਸਨਮਾਨਿਤ ਕੀਤਾ। ਇਸ ਵਰਕਸ਼ਾਪ ਦੇ ਸਫ਼ਲ ਆਯੋਜਨ ਵਿਚ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਤੇ ਮੈਡਮ ਅਨਾਮਿਕਾ ਦਾ ਵਿਸ਼ੇਸ਼ ਯੋਗਦਾਨ ਰਿਹਾ।