ਇੱਕ ਵਾਰ ਫੇਰ ਵਿਧਾਇਕ ਧਾਲੀਵਾਲ ਦੇ ਸਕਦੇ ਹਨ ਸੱਤਾਧਾਰੀ ਪਾਰਟੀ ਨੂੰ ਝਟਕਾ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਸਬ-ਡਿਵੀਜ਼ਨ ਫਗਵਾੜਾ ਅੰਦਰ ਦੋ ਜ਼ਿਲ੍ਹਾ ਪ੍ਰੀਸ਼ਦ ਅਤੇ 20 ਬਲਾਕ ਸੰਮਤੀ ਦੀਆਂ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ ਚੁੱਕਿਆ ਹੈ ਤੇ ਮਿਤੀ 17 ਦਸੰਬਰ ਨੂੰ ਚੋਣ ਨਤੀਜੇ ਵੀ ਲੋਕਾਂ ਦੇ ਸਾਹਮਣੇ ਆ ਜਾਣਗੇ। ਜੇਕਰ ਸੂਤਰਾਂ ਵੱਲ ਧਿਆਨ ਦੇਈਏ ਤਾਂ ਇਕ ਵਾਰ ਫਿਰ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਦਬਦਬਾ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਦੇਖਿਆ ਜਾ ਸਕਦਾ ਹੈ। ਪਿਛਲੇ ਸਮੇਂ ਵਿਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਜ਼ਿਲ੍ਹਾ ਪ੍ਰੀਸ਼ਦ ਦੀਆਂ ਦੋਵੇਂ ਸੀਟਾਂ ਅਤੇ 15 ਬਲਾਕ ਸੰਮਤੀਆਂ ’ਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕਾਂਗਰਸੀਆਂ ਨੇ ਕਬਜ਼ਾ ਕੀਤਾ ਸੀ। ਇਸੇ ਤਰ੍ਹਾਂ ਫਗਵਾੜਾ ਸ਼ਹਿਰ ਅੰਦਰ ਹੋਈ ਨਗਰ ਨਿਗਮ ਦੀ ਚੋਣ ਵਿਚ ਵੀ ਕਾਂਗਰਸ ਪਾਰਟੀ ਦਾ ਮਜ਼ਬੂਤ ਦਬਦਬਾ ਦੇਖਣ ਨੂੰ ਮਿਲਿਆ। ਕੁਝ ਕਾਂਗਰਸੀ ਲੀਡਰਾਂ ਦੇ ਪਾਲਾ ਬਦਲਣ ਕਾਰਨ ਕਾਂਗਰਸ ਦੀ ਖੇਡ ਜ਼ਰੂਰ ਬਦਲ ਗਈ ਪਰ ਇਸ ਵਾਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਅਜਿਹਾ ਨਹੀਂ ਜਾਪਦਾ। ਬੀਤੇ ਸਮੇਂ ਵਿਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕਾਂਗਰਸ ਨੇ 15 ਬਲਾਕ ਸੰਮਤੀ ਤੇ ਦੋ ਜਿਲ੍ਹਾ ਪਰਿਸ਼ਦ ਤੇ ਕਬਜ਼ਾ ਕਰਕੇ ਆਪਣੇ ਚੇਅਰਮੈਨ ਨਿਯੁਕਤ ਕੀਤੇ ਸਨ ਜਦ ਕਿ ਸ਼੍ਰੋਮਣੀ ਅਕਾਲੀ ਦਲ ਨੇ ਚਾਰ ਬਲਾਕ ਸੰਮਤੀ ’ਤੇ ਕਬਜ਼ਾ ਕੀਤਾ ਸੀ ਤੇ ਇਕ ’ਤੇ ਆਜ਼ਾਦ ਉਮੀਦਵਾਰ ਜੇਤੂ ਰਿਹਾ ਸੀ। ਇਕ ਵਾਰ ਫਿਰ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਜਾਦੂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਦੇਖਿਆ ਜਾ ਸਕਦਾ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਜੋੜੀ ਵੀ ਕਰ ਸਕਦੀ ਹੈ ਕਮਾਲ
ਸਵ. ਜਥੇਦਾਰ ਸਰਵਣ ਸਿੰਘ ਕੁਲਾਰ ਦੇ ਅਕਾਲ ਚਲਾਣੇ ਤੋਂ ਬਾਅਦ ਫਗਵਾੜਾ ਸ਼ਹਿਰੀ ਅਤੇ ਦਿਹਾਤੀ ਦੀ ਜ਼ਿੰਮੇਵਾਰੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ ਅਤੇ ਦਿਹਾਤੀ ਇੰਚਾਰਜ ਰਜਿੰਦਰ ਸਿੰਘ ਚੰਦੀ ਨੂੰ ਦਿੱਤੀ ਗਈ ਗਈ ਹੈ। ਇਹ ਜੋੜੀ ਵੀ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਕਮਾਲ ਕਰ ਸਕਦੀ ਹੈ। ਪਿਛਲੀ ਵਾਰ ਸਵ. ਜਥੇ. ਸਰਵਣ ਸਿੰਘ ਕੁਲਾਰ ਦੀ ਅਗਵਾਈ ਹੇਠ ਚਾਰ ਬਲਾਕ ਸੰਮਤੀਆਂ ’ਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਰਿਹਾ ਸੀ। ਪਿੰਡਾਂ ਵਿਚ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਦੇਖਿਆ ਜਾਂਦਾ ਰਿਹਾ ਹੈ। ਪੰਚਾਇਤੀ ਚੋਣਾਂ ਵਿਚ ਵੀ ਇਸ ਜੋੜੀ ਨੇ ਕਈ ਪੰਚਾਇਤਾਂ ’ਤੇ ਕਬਜ਼ਾ ਕੀਤਾ ਤੇ ਹੋ ਸਕਦਾ ਹੈ ਕਿ ਇਹ ਜੋੜੀ ਵੀ ਇਸ ਵਾਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਕੁਝ ਕਮਾਲ ਕਰਕੇ ਦਿਖਾ ਸਕੇ ।
ਆਪ ਦੇ ਹਲਕਾ ਇੰਚਾਰਜ ਹਰਜੀ ਮਾਨ ’ਤੇ ਸਾਰਿਆਂ ਦੀਆਂ ਨਜ਼ਰਾਂ
ਆਮ ਆਦਮੀ ਪਾਰਟੀ (ਆਪ) ਵੱਲੋਂ ਨਵ-ਨਿਯੁਕਤ ਹਲਕਾ ਇੰਚਾਰਜ ਹਰਜੀ ਮਾਨ ਦੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਹ ਪਹਿਲੀਆਂ ਚੋਣਾਂ ਹਨ। ਇਸ ਵਿਚ ਸਾਰੀਆਂ ਨਜ਼ਰਾਂ ਉਨ੍ਹਾਂ ਵੱਲ ਹੀ ਹੋਣਗੀਆਂ ਕਿ ਉਹ ਕੀ ਕਮਾਲ ਕਰਦੇ ਹਨ। ਜੇਕਰ ਦੇਖਿਆ ਜਾਵੇ ਤਾਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਰਣਨੀਤੀ ਤੋਂ ਪਾਰ ਪਾਉਣਾ ਆਮ ਆਦਮੀ ਪਾਰਟੀ ਦੇ ਆਗੂਆਂ ਲਈ ਸੁਖਾਲਾ ਨਹੀਂ ਜਾਪਦਾ। ਜੇਕਰ ਦੇਖਿਆ ਜਾਵੇ ਤਾਂ ਆਮ ਆਦਮੀ ਦੀ ਪਾਟੋਧਾਰ ਇਕ ਵਾਰ ਫਿਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਨੁਕਸਾਨ ਜ਼ਰੂਰ ਪਹੁੰਚਾ ਸਕਦੀ ਹੈ। ਕਿਉਂਕਿ ਇਨ੍ਹਾਂ ਚੋਣਾਂ ਨੂੰ 2027 ਵਿਧਾਨ ਸਭਾ ਚੋਣਾਂ ਦਾ ਮੁੱਢ ਮੰਨਿਆ ਜਾ ਰਿਹਾ ਹੈ। ਪਿੰਡਾਂ ਵਿਚ ਸਾਰੀਆਂ ਪਾਰਟੀਆਂ ਦਾ ਕਿਹੋ-ਜਿਹਾ ਰੁਝਾਨ ਰਹਿਣ ਵਾਲਾ ਹੈ, ਉਹ ਵੀ ਇਸ ਨੂੰ ਹੀ ਮੰਨ ਕੇ ਚੱਲਿਆ ਜਾ ਰਿਹਾ ਹੈ। ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਲਗਾਤਾਰ ਤੀਜੀ ਵਾਰ ਐੱਮਐੱਲਏ ਬਣਨ ਲਈ ਇਨ੍ਹਾਂ ਚੋਣਾਂ ਨੂੰ ਜ਼ਰੂਰ ਜਿੱਤਣਾ ਚਾਹੁਣਗੇ ਜਦਕਿ ਹਰਜੀ ਮਾਨ ਲਈ ਹਲਕਾ ਇੰਚਾਰਜ ਤੋਂ 2027 ਵਿਚ ਵਿਧਾਇਕ ਬਣਨ ਦੀ ਰਾਹ ਨੂੰ ਪੱਧਰਾ ਕਰਨ ਲਈ ਇਨ੍ਹਾਂ ਚੋਣਾਂ ਦਾ ਜਿੱਤਣਾ ਲਾਜ਼ਮੀ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਵੱਲ ਦੇਖਿਆ ਜਾਵੇ ਤਾਂ ਹੋ ਸਕਦਾ ਹੈ ਆਉਣ ਵਾਲੇ ਸਮੇਂ ਵਿਚ ਜੇਕਰ ਇਨ੍ਹਾਂ ਦਾ ਭਾਜਪਾ ਨਾਲ ਗੱਠਜੋੜ ਹੋ ਜਾਂਦਾ ਹੈ ਤਾਂ ਫਿਰ 2027 ਵਿਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਤੋਂ ਪਾਰ ਪਾਉਣਾ ਸਾਰਿਆਂ ਲਈ ਟੇਢੀ ਖੀਰ ਸਾਬਤ ਹੋਵੇਗਾ ਕਿੳਕਿ ਭਾਜਪਾ ਦਾ ਸ਼ਹਿਰਾਂ ਅੰਦਰ ਗੜ੍ਹ ਹੈ ਪਰ ਪਿੰਡਾਂ ਵਿਚੋਂ ਲੀਡ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੋਣ ’ਤੇ ਹੀ ਆਉਂਦੀ ਹੈ।