6 ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਾਂਗੇ : ਟੂਰਾ
ਭੱਖਦੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਾਂਗੇ:-ਟੂਰਾ
Publish Date: Tue, 18 Nov 2025 09:31 PM (IST)
Updated Date: Tue, 18 Nov 2025 09:34 PM (IST)

ਅੰਬੇਡਕਰ ਜੀ ਦੇ ਪ੍ਰੀ-ਨਿਰਵਾਣ ਦਿਵਸ ਮੌਕੇ ਕਰਾਂਗੇ ਐਕਸ਼ਨ ਦਲਿਤ ਸਮਾਜ ਅਤੇ ਮੁਲਾਜ਼ਮ ਵਰਗ ਦੀਆਂ ਮੰਗਾਂ ਮੰਨੀਆਂ ਜਾਣ ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਐੱਸਸੀ/ਬੀਸੀ ਸਮਾਜ ਅਤੇ ਮੁਲਾਜ਼ਮ ਵਰਗ ਦੀ ਆਵਾਜ਼ ਬੁਲੰਦ ਕਰਨ ਵਾਲੀ ਜਥੇਬੰਦੀ ਗਜ਼ਟਿਡ ਅਤੇ ਨਾਨ ਗਜ਼ਟਿਡ ਐੱਸਸੀ/ਬੀਸੀ ਇੰਪਲਾਈਜ਼ ਵੈੱਲਫ਼ੇਅਰ ਫ਼ੈਡਰੇਸ਼ਨ ਇਕਾਈ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਸਤਵੰਤ ਸਿੰਘ ਟੂਰਾ, ਸੰਤੋਖ ਸਿੰਘ ਮੱਲ੍ਹੀ, ਮਨਜੀਤ ਗਾਟ, ਲਖਵੀਰ ਚੰਦ, ਬਲਵਿੰਦਰ ਮਸੀਹ, ਵਿਨੋਦ ਕੁਮਾਰ, ਸਤਨਾਮ ਗਿੱਲ, ਬਲਵਿੰਦਰ ਨਿਧੜਕ ਨੇ ਕਿਹਾ ਕਿ ਫੈਡਰੇਸ਼ਨ ਵੱਲੋਂ ਦਲਿਤ ਸਮਾਜ ਅਤੇ ਮੁਲਾਜ਼ਮ ਵਰਗ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਫੈਡਰੇਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਪਾਲ ਅਤੇ ਕੁਲਵਿੰਦਰ ਬੋਦਲ ਪੰਜਾਬ ਪ੍ਰਧਾਨ ਦੀ ਅਗਵਾਈ ਅਧੀਨ ਸੰਗਰੂਰ ਵਿਖੇ 6 ਦਸੰਬਰ ਦਿਨ ਸ਼ਨੀਵਾਰ ਨੂੰ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀ-ਨਿਰਵਾਣ ਦਿਵਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਿਰਾਓ ਕਰਾਂਗੇ, ਕਿਉਂਕਿ ਲਗਾਤਾਰ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਦਲਿਤ ਸਮਾਜ ਅਤੇ ਮੁਲਾਜ਼ਮ ਵਰਗ ਦੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਆਨਾ-ਕਾਨੀ ਕਰ ਰਹੀ ਹੈ। ਮਨਜੀਤ ਗਾਟ ਨੇ ਕਿਹਾ ਕਿ ਆਪਣੇ ਸਮਾਜ ਅਤੇ ਮੁਲਾਜ਼ਮ ਵਰਗ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਵੱਖ-ਵੱਖ ਵਿਧਾਇਕਾਂ, ਕੈਬਨਿਟ ਮੰਤਰੀਆਂ, ਡਿਪਟੀ ਕਮਿਸ਼ਨਰਾਂ ਰਾਹੀਂ ਭੇਜੇ ਜਾ ਚੁੱਕੇ ਹਨ ਪਰ ਸਰਕਾਰ ਦਾ ਰਵੱਇਆ ਨਾਕਾਰਾਤਮਕ ਹੀ ਰਿਹਾ ਹੈ। ਇਸ ਨਾਲ ਮੁਲਾਜ਼ਮ ਵਰਗ ਵਿਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਟੂਰਾ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਰਾਖਵਾਂਕਰਨ ਦਾ ਲਾਭ ਲੈ ਕੇ ਸੱਤਾ ਵਿਚ ਬਣੇ ਐੱਸਸੀ ਮੰਤਰੀਆਂ ਅਤੇ ਵਿਧਾਇਕਾਂ ਕੋਲ ਸਮਾਜ ਦੇ ਮਸਲਿਆਂ ਨੂੰ ਲੈ ਕੇ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਲਈ ਸਮਾਂ ਨਹੀਂ। ਅਸੀਂ ਆਪਣੀਆਂ ਮੁੱਖ ਮੰਗਾਂ 85ਵੀਂ ਸੰਵਿਧਾਨਿਕ ਸੋਧ ਨੂੰ 1995 ਤੋਂ ਲਾਗੂ ਕਰਵਾਉਣਾ, 10 ਅਕਤੂਬਰ 2014 ਦੇ ਗੈਰ ਸੰਵਿਧਾਨਕ ਪੱਤਰ ਨੂੰ ਜਾਰੀ ਕਰਨ ਦੀ ਮਿਤੀ ਤੋਂ ਰੱਦ ਕਰਵਾਉਣਾ, ਸਾਰੇ ਵਿਭਾਗਾਂ ਵਿਚ ਤਰੱਕੀ ਕੋਟਾ 75% ਕਰਵਾਉਣਾ, ਆਬਾਦੀ ਅਨੁਸਾਰ ਹਰ ਪੱਧਰ ’ਤੇ ਭਰਤੀ ਅਤੇ ਤਰੱਕੀਆਂ ਵਿਚ 40% ਰਾਖਵਾਂਕਰਨ ਲੈਣਾ, ਠੇਕਾ ਅਧਾਰਿਤ ਅਤੇ ਠੇਕੇਦਾਰੀ ਪ੍ਰਥਾ ਬੰਦ ਕਰਕੇ ਰੈਗੂਲਰ ਭਰਤੀ ਜਾਰੀ ਕਰਵਾਉਣਾ, ਪੁਰਾਣੀ ਪੈਨਸ਼ਨ ਸਕੀਮ 1972 ਦੇ ਨਿਯਮਾਂ ਅਨੁਸਾਰ ਲਾਗੂ ਕਰਵਾਉਣਾ, ਵੱਖ-ਵੱਖ ਵਿਭਾਗਾਂ ਵਿਚ ਫਰੀਜ਼ ਪੋਸਟਾਂ ਨੂੰ ਮੁੜ ਬਹਾਲ ਕਰਵਾਉਣਾ, ਕੰਪਿਊਟਰ ਅਧਿਆਪਕਾਂ ਨੂੰ ਪੂਰੇ ਲਾਭਾਂ ਸਮੇਤ ਸਿੱਖਿਆ ਵਿਭਾਗ ਵਿਚ ਮਰਜ਼ ਕਰਨਾ, ਮਿੱਡ ਡੇ ਮੀਲ ਵਰਕਰਾਂ ਦੇ ਮਾਣਭੱਤੇ ਨੂੰ ਡੀਸੀ ਰੇਟ ਨਾਲ ਜੋੜਨਾ, ਕਰਮਚਾਰੀਆਂ ਦੇ ਡੀਏ ਨੂੰ ਕੇਂਦਰ ਸਰਕਾਰ ਵੱਲੋਂ ਦਿੱਤੇ ਜਾ ਰਹੇ ਡੀਏ ਦੇ ਬਰਾਬਰ ਕਰਨਾ ਆਦਿ ਲਈ ਮੁੱਖ ਮੰਤਰੀ ਪੰਜਾਬ ਦੀ ਕੋਠੀ ਨੂੰ ਘੇਰਾਂਗੇ ਅਤੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਾਂਗੇ। ਫੈਡਰੇਸ਼ਨ ਦੇ ਆਗੂਆਂ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਮੁੱਦਿਆਂ ’ਤੇ ਫੈਡਰੇਸ਼ਨ ਦੀ ਕੈਬਨਿਟ ਸਬ ਕਮੇਟੀ ਦੇ ਨਾਲ ਕਈ ਵਾਰ ਮੀਟਿੰਗ ਹੋ ਚੁੱਕੀ ਹੈ ਪਰ ਸਰਕਾਰ ਇਨ੍ਹਾਂ ਨੂੰ ਹੱਲ ਕਰਨ ਲਈ ਕੋਈ ਸੁਹਿਰਦਤਾ ਨਹੀਂ ਦਿਖਾ ਰਹੀ ਅਤੇ ਡੰਗ ਟਪਾਊ ਨੀਤੀਆਂ ਅਪਣਾ ਰਹੀ ਹੈ। ਫੈਡਰੇਸ਼ਨ ਦੇ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਨ੍ਹਾਂ ਮੰਗਾਂ ਦਾ ਜਲਦ ਹੱਲ ਨਾ ਕੀਤਾ ਤਾਂ 2027 ਦੀਆਂ ਚੋਣਾਂ ਵਿਚ ਸਰਕਾਰ ਦੀ ਵਾਅਦਾਖਿਲਾਫੀ ਦਾ ਘਰ-ਘਰ ਪਿੱਟ ਸਿਆਪਾ ਕਰੇਗੀ। ਜ਼ਿਲ੍ਹਾ ਕਪੂਰਥਲਾ ਦੇ ਮੁਲਾਜ਼ਮ ਵਰਗ ਵਿਚ ਸੰਗਰੂਰ ਰੈਲੀ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ੳਨ੍ਹਾਂ ਨੇ ਭਰਾਤਰੀ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਰੋਸ ਪ੍ਰਦਰਸ਼ਨ ਵਿਚ ਸ਼ਾਮਿਲ ਹੋਣ। ਇਸ ਮੌਕੇ ਸੁਖਦੇਵ ਬੋਹਾਨੀ, ਗੁਰਸੇਵਕ ਸਿੰਘ, ਪਵਨ ਕੁਮਾਰ, ਮਨਜੀਤ ਦਾਸ, ਰਾਮਪਾਲ, ਪ੍ਰਵੀਨ ਭੁੱਟਾ, ਸੁਰਜੀਤ ਲਾਲ, ਜਸਵੀਰ ਲਾਲ, ਅਮਰਿੰਦਰ ਸਿੰਘ ,ਗੁਰਸੇਵਕ, ਅਸ਼ੋਕ ਮੂਲਨਿਵਾਸੀ, ਦੀਸ਼ ਕੁਮਾਰ, ਜੋਗਿੰਦਰ ਪਾਲ, ਰਮਨ ਕੁਮਾਰ ਤੇ ਕਈ ਹੋਰ ਮੈਂਬਰ ਹਾਜ਼ਰ ਸਨ। ਕੈਪਸ਼ਨ-18ਪੀਐਚਜੀ8