ਕਿਸੇ ਨੂੰ ਮਾਹੌਲ ਖਰਾਬ ਕਰਨ ਨਹੀਂ ਦਿੱਤਾ ਜਾਵੇਗਾ : ਇੰਸ. ਸੋਨਮਦੀਪ
ਚੋਣਾਂ ਮੌਕੇ ਕਿਸੇ ਵੀ ਸ਼ਰਾਰਤੀ ਤੱਤ ਨੂੰ ਮਾਹੌਲ ਖਰਾਬ ਕਰਨ ਨਹੀਂ ਦਿੱਤਾ ਜਾਵੇਗਾ : ਇੰਸਪੈਕਟਰ ਸੋਨਮਦੀਪ ਕੌਰ
Publish Date: Fri, 12 Dec 2025 08:22 PM (IST)
Updated Date: Fri, 12 Dec 2025 08:24 PM (IST)
ਪੁਲਿਸ ਨੇ ਕੀਤੀ ਸਪੈਸ਼ਲ ਨਾਕੇਬੰਦੀ, ਵਾਹਨਾਂ ਦੀ ਕੀਤੀ ਜਾਂਚ ਪੜਤਾਲ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵਿਚ ਜਿਥੇ ਉਮੀਦਵਾਰ ਚੋਣਾਂ ਦਾ ਪ੍ਰਚਾਰ ਕਰਨ ਲਈ ਦਿਨ-ਰਾਤ ਡਟੇ ਹੋਏ ਹਨ, ਉਥੇ ਪੁਲਿਸ ਪ੍ਰਸ਼ਾਸਨ ਵੀ ਚੋਣਾਂ ਨੂੰ ਨਿਰਪੱਖ ਤੇ ਅਜ਼ਾਦ ਮਾਹੌਲ ਵਿਚ ਕਰਵਾਉਣ ਲਈ ਪੱਬਾਂ ਭਾਰ ਹੈ। ਹਲਕਾ ਸੁਲਤਾਨਪੁਰ ਲੋਧੀ ਵਿਚ ਚੋਣਾਂ ਦੇ ਮੱਦੇਨਜ਼ਰ ਐੱਸਐੱਚਓ ਸੁਲਤਾਨਪੁਰ ਲੋਧੀ ਇੰਸਪੈਕਟਰ ਸੋਨਮਦੀਪ ਕੌਰ ਵੱਲੋਂ ਤਲਵੰਡੀ ਚੌਧਰੀਆਂ ਰੋਡ ’ਤੇ ਸਪੈਸ਼ਲ ਨਾਕੇਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਜਾਂਚ-ਪੜਤਾਲ ਕੀਤੀ ਗਈ। ਇਸ ਮੌਕੇ ਇੰਸ. ਸੋਨਮਦੀਪ ਕੌਰ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਪੁਲਿਸ ਚੋਣਾਂ ਅਮਨ-ਸ਼ਾਂਤੀ ਨਾਲ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਵਿਸ਼ਵਾਸ ਪੈਦਾ ਕਰਨ ਲਈ ਪੁਲਿਸ ਵੱਲੋਂ ਸਪੈਸ਼ਲ ਨਾਕੇਬੰਦੀ ਕੀਤੀ ਗਈ ਹੈ ਤਾਂ ਕਿ ਲੋਕ ਆਪਣੀ ਵੋਟ ਦਾ ਇਸਤੇਮਾਲ ਖੁੱਲ੍ਹ ਕੇ ਅਤੇ ਬਿਨਾਂ ਕਿਸੇ ਡਰ-ਭੈਅ ਤੋਂ ਕਰ ਸਕਣ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਸੰਵੇਦਨਸ਼ੀਲ ਬੂਥਾਂ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਸਾਰੇ ਪਾਸੇ ਹੀ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਲਾ ਕੇ ਅਮਨ-ਅਮਾਨ ਨਾਲ ਵੋਟਿੰਗ ਕਰਵਾਈ ਜਾਵੇਗੀ। ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਚੋਣਾਂ ਮੌਕੇ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਲੈਣ ਵਾਲਿਆਂ ਨਾਲ ਸਖਤੀ ਨਾਲ ਨਿਪਟੇਗੀ। ਇਸ ਮੌਕੇ ਇੰਸ. ਸੋਨਮਦੀਪ ਕੌਰ, ਏਐੱਸਆਈ ਹਰੀਸ਼ ਕੁਮਾਰ ਅਤੇ ਪੁਲਿਸ ਮੁਲਾਜ਼ਮ ਹਾਜ਼ਰ ਸਨ।