ਨਗਰ ਕੀਰਤਨ ਦਾ ਫਗਵਾੜਾ ‘ਚ ਹੋਵੇਗਾ ਨਿੱਘਾ ਸਵਾਗਤ : ਹਰਜੀ ਮਾਨ
350ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਦਾ ਫਗਵਾੜਾ ‘ਚ ਹੋਵੇਗਾ ਨਿੱਘਾ ਸਵਾਗਤ - ਹਰਜੀ ਮਾਨ
Publish Date: Wed, 19 Nov 2025 08:03 PM (IST)
Updated Date: Wed, 19 Nov 2025 08:04 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਦਾ 22 ਨਵੰਬਰ ਦਿਨ ਸ਼ਨੀਵਾਰ ਨੂੰ ਫਗਵਾੜਾ ਪੁੱਜਣ ‘ਤੇ ਸਮੂਹ ਸੰਗਤਾਂ ਅਤੇ ਸਥਾਨਕ ਪ੍ਰਸ਼ਾਸਨ ਵਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ। ਇਸ ਸਬੰਧੀ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਸਮੇਂ ਆਮ ਆਦਮੀ ਪਾਰਟੀ ਦੇ ਸੂਬਾ ਸਪੋਕਸ ਪਰਸਨ ਅਤੇ ਵਿਧਾਨਸਭਾ ਹਲਕਾ ਫਗਵਾੜਾ ਦੇ ਇੰਚਾਰਜ ਹਰਨੂਰ ਸਿੰਘ ਹਰਜੀ ਮਾਨ ਨੇ ਦੱਸਿਆ ਕਿ ਸੜਕਾਂ ਦੀ ਮੁਰੰਮਤ ਕਰਵਾਈ ਜਾ ਰਹੀ ਹੈ। ਸਟਰੀਟ ਲਾਈਟਾਂ ਨੂੰ ਠੀਕ ਕਰਵਾਇਆ ਜਾ ਰਿਹਾ ਹੈ ਅਤੇ ਸਵੱਛਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਮਨੁੱਖੀ ਅਧਿਕਾਰਾਂ ਦੇ ਪਹਿਲੇ ਰੱਖਿਅਕ ਹਨ, ਜਿਨ੍ਹਾਂ ਨੇ ਆਪਣਾ ਜੀਵਨ ਮਨੁੱਖਤਾ ਦੀ ਸੇਵਾ ਅਤੇ ਰੱਖਿਆ ਲਈ ਸਮਰਪਿਤ ਕੀਤਾ। ਹਰਜੀ ਮਾਨ ਨੇ ਭਰੋਸਾ ਦਿੱਤਾ ਕਿ ਨਗਰ ਕੀਰਤਨ ਜਿਨ੍ਹਾਂ ਥਾਵਾਂ ਤੋਂ ਲੰਘੇਗਾ, ਉਨ੍ਹਾਂ ਥਾਵਾਂ ’ਤੇ ਸ਼ਰਾਬ ਅਤੇ ਮੀਟ ਦੀਆਂ ਦੁਕਾਨਾਂ ਬੰਦ ਰੱਖਣ ਦਾ ਪ੍ਰਸ਼ਾਸਨ ਵੱਲੋਂ ਨਿਰਦੇਸ਼ ਜਾਰੀ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਵਡਭਾਗੇ ਹਾਂ ਕਿ ਇਸ ਇਤਿਹਾਸਕ ਮੌਕੇ ’ਤੇ ਸਾਨੂੰ ਸੇਵਾ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਸਮੂਹ ਫਗਵਾੜਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਸ ਨਗਰ ਕੀਰਤਨ ਦੇ ਸਵਾਗਤ ਲਈ ਪੂਰੀ ਸ਼ਰਧਾ ਭਾਵਨਾ ਦੇ ਨਾਲ ਆਪਣੀ ਹਾਜ਼ਰੀ ਨੂੰ ਯਕੀਨੀ ਬਣਾਇਆ ਜਾਵੇ। ਕੈਪਸ਼ਨ- 19ਪੀਐਚਜੀ8