ਨਡਾਲਾ ਪੁਲਿਸ ਵੱਲੋਂ ਨਸ਼ੇ ਵਾਲੇ ਕੈਪਸੂਲ ਵੇਚਣ ਵਾਲੀ ਮਹਿਲਾ ਕਾਬੂ
ਨਡਾਲਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਤਹਿਤ ਪ੍ਰੈਗਾ ਕੈਪਸੂਲ ਵੇਚਣ ਵਾਲੀ ਮਹਿਲਾ ਕਾਬੂ
Publish Date: Sun, 25 Jan 2026 08:55 PM (IST)
Updated Date: Sun, 25 Jan 2026 08:58 PM (IST)
ਕੰਗ ਪੰਜਾਬੀ ਜਾਗਰਣ ਨਡਾਲਾ : ਨਡਾਲਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਪ੍ਰੈਗਾ ਕੈਪਸੂਲ ਵੇਚਣ ਵਾਲੀ ਇਕ ਔਰਤ ਨੂੰ ਕਾਬੂ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਨਡਾਲਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਅਤੇ ਭੈੜੇ ਪੁਰਸ਼ਾਂ ਦੀ ਤਲਾਸ਼ ਦੇ ਸਬੰਧ ਵਿਚ ਨਡਾਲਾ ਅੱਡੇ ’ਤੇ ਮੌਜੂਦ ਸੀ। ਇਸ ਦੌਰਾਨ ਇਤਲਾਹ ਮਿਲੀ ਕਿ ਨਡਾਲਾ-ਢਿੱਲਵਾ ਰੋਡ ’ਤੇ ਇਕ ਔਰਤ ਫਲਾਂ ਦੀ ਰੇਹੜੀ ਲਗਾਉਂਦੀ ਹੈ, ਜੋ ਰੇਹੜੀ ਦੀ ਆੜ ਵਿਚ ਨਸ਼ੇ ਵਾਲੇ ਕੈਪਸੂਲ ਵੇਚਣ ਦਾ ਧੰਦਾ ਕਰ ਰਹੀ ਹੈ। ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਵੱਲੋਂ ਤੁਰੰਤ ਰੇਡ ਕੀਤੀ ਗਈ। ਜਦੋਂ ਪੁਲਿਸ ਪਾਰਟੀ ਉਕਤ ਰੇਹੜੀ ’ਤੇ ਪਹੁੰਚੀ ਤਾਂ ਔਰਤ ਪੁਲਿਸ ਨੂੰ ਦੇਖ ਕੇ ਮੌਕੇ ਤੋਂ ਖਿਸਕਣ ਦੀ ਕੋਸ਼ਿਸ਼ ਕਰਨ ਲੱਗੀ, ਜਿਸਨੂੰ ਪੁਲਿਸ ਨੇ ਤੁਰੰਤ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਮ ਰੇਖਾ ਪਤਨੀ ਗੁਣੇਸ਼, ਵਾਸੀ ਨਡਾਲਾ, ਥਾਣਾ ਸੁਭਾਨਪੁਰ ਦੱਸਿਆ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿਚੋਂ 120 ਪ੍ਰੈਗਾ ਕੈਪਸੂਲ, 1500 ਰੁਪਏ ਭਾਰਤੀ ਕਰੰਸੀ ਤੇ ਇਕ ਮੋਬਾਇਲ ਫ਼ੋਨ ਬਰਾਮਦ ਕੀਤਾ ਗਿਆ। ਚੌਂਕੀ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਹਿਲਾ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਉਪਰੰਤ ਜਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ।