ਨੌਜਵਾਨ ਦੀ ਹੱਤਿਆ ਦੇ ਮਾਮਲੇ ’ਚ ਇਕ ਗ੍ਰਿਫਤਾਰ, ਪਿਸਤੌਲ ਬਰਾਮਦ
ਸੰਵਾਦ ਸੂਤਰ, ਜਾਗਰਣ ਫਗਵਾੜਾ :
Publish Date: Sat, 17 Jan 2026 09:02 PM (IST)
Updated Date: Sat, 17 Jan 2026 09:04 PM (IST)

ਫਗਵਾੜਾ : ਫਗਵਾੜਾ ਦੇ ਹਦਿਆਬਾਦ ਦੇ ਮੁਹੱਲਾ ਵਾਲਮੀਕਿ ’ਚ ਲੰਘੀ 3 ਦਸੰਬਰ ਨੂੰ ਦੇਰ ਰਾਤ ਇਕ ਨੌਜਵਾਨ ਦੀ ਗੋਲੀ ਮਾਲਕੇ ਹੱਤਿਆ ਕਰਨ ਦੇ ਮਾਮਲੇ ’ਚ ਪੁਲਿਸ ਨੇ ਤਿੰਨ ਮੁਲਜ਼ਮਾਂ ਵਿਰੁੱਧ ਹੱਤਿਆ ਦਾ ਕੇਸ ਦਰਜ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ। ਮ੍ਰਿਤ ਨੌਜਵਾਨ ਦੀ ਪਛਾਣ ਅਵਿਨਾਸ਼ ਕੁਮਾਰ (31) ਪੁੱਤਰ ਨੰਦਲਾਲ ਵਾਸੀ ਹਦਿਆਬਾਦ ਫਗਵਾੜਾ ਦੇ ਰੂਪ ’ਚ ਹੋਈ ਸੀ। ਸ਼ਨੀਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐੱਸਪੀ ਮਾਧਵੀ ਸ਼ਰਮਾ ਨੇ ਦੱਸਿਆ ਕਿ ਹਦਿਆਬਾਦ ਦੇ ਮੁਹੱਲਾ ਵਾਲਮੀਕਿ ’ਚ ਬੀਤੀ 3 ਦਸੰਬਰ ਨੂੰ ਬੁੱਧਵਾਰ ਦੀ ਰਾਤ ਕੁਝ ਨੌਜਵਾਨ ਜੰਜ ਘਰ ਕੋਲ ਬੈਠੇ ਸਨ। ਇਸ ਦੌਰਾਨ ਕਰੇਟਾ ਗੱਡੀ ’ਚ ਆਏ ਨੌਜਵਾਨਾਂ ਨੇ ਉਨ੍ਹਾਂ ਨਾਲ ਬਹਿਸਬਾਜ਼ੀ ਕੀਤੀ। ਇਸ ਦੌਰਾਨ ਜਸਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਜਸਵਿੰਦਰ ਕੁਮਾਰ ਵਾਸੀ ਪਿੰਡ ਖਜੂਰਲਾ ਨੇ ਅਵਿਨਾਸ਼ ਕੁਮਾਰ ਨਾਂ ਦੇ ਨੌਜਵਾਨ ’ਤੇ ਗੋਲੀ ਚਲਾ ਦਿੱਤੀ, ਜਿਸ ’ਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ’ਚ ਫਗਵਾੜਾ ਪੁਲਿਸ ਨੇ ਰਾਜਕਰਨ ਉਰਫ ਗੋਲੂ ਪੁੱਤਰ ਜਰਨੈਲ ਸਿੰਘ ਵਾਸੀ ਮਾਨਕਪੁਰ ਸ਼ਾਹਕੋਟ ਜ਼ਿਲ੍ਹਾ ਜਲੰਧਰ ਤੇ ਚੇਤਨ ਪੁੱਤਰ ਭਗਵਾਨਦੀਨ ਵਾਸੀ ਪਿੰਡ ਖਜੂਰਲਾ ਥਾਣਾ ਸਦਰ ਫਗਵਾੜਾ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ। ਐੱਸਪੀ ਮਾਧਵੀ ਸ਼ਰਮਾ ਨੇ ਦੱਸਿਆ ਕਿ ਉਕਤ ਮਾਮਲੇ ’ਚ ਮੁੱਖ ਦੋਸ਼ੀ ਜਸਪ੍ਰੀਤ ਉਰਫ ਜੱਸੀ ਪੁੱਤਰ ਜਸਵਿੰਦਰ ਕੁਮਾਰ ਵਾਸੀ ਖਜੂਰਲਾ ਥਾਣਾ ਸਦਰ ਫਗਵਾੜਾ, ਜੋ ਫਰਾਰ ਸੀ, ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਉਸ ਕੋਲੋਂ 7.65 ਐੱਮਐੱਮ ਦਾ ਪਿਸਤੌਲ ਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਮੌਕੇ ਡੀਐੱਸਪੀ ਭਾਰਤ ਭੂਸ਼ਣ ਸੈਣੀ, ਐੱਸਐੱਚਓ ਹਰਦੀਪ ਸਿੰਘ ਵੀ ਮੌਜੂਦ ਸਨ।