ਨਗਰ ਨਿਗਮ ਵੱਲੋਂ ਵਪਾਰਕ ਅਦਾਰਿਆਂ ਦੀ ਚੈਕਿੰਗ; 15 ਕਿੱਲੋ ਪਲਾਸਟਿਕ ਜ਼ਬਤ ; 7 ਚਲਾਨ
ਨਗਰ ਨਿਗਮ ਵੱਲੋਂ ਵਪਾਰਕ ਅਦਾਰਿਆਂ ਦੀ ਚੈਕਿੰਗ ; 15 ਕਿੱਲੋ ਪਲਾਸਟਿਕ ਜਬਤ ; 7 ਚਲਾਨ
Publish Date: Tue, 30 Dec 2025 09:38 PM (IST)
Updated Date: Tue, 30 Dec 2025 09:41 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਿੱਲੀ ਦੇ ਆਦੇਸ਼ਾਂ ਦੇ ਤਹਿਤ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਦੇ ਹੁਕਮਾਂ ਅਤੇ ਅਨੁਪਮ ਕਲੇਰ ਕਮਿਸ਼ਨਰ ਨਗਰ ਨਿਗਮ ਕਪੂਰਥਲਾ ਦੇ ਨਿਰਦੇਸ਼ਾਂ ਦੀ ਪਾਲਣਾ ਵਿਚ ਨਗਰ ਨਿਗਮ ਕਪੂਰਥਲਾ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਹਿਯੋਗ ਨਾਲ ਪਲਾਸਟਿਕ ਕੈਰੀ ਬੈਗ ਅਤੇ ਸਿੰਗਲ-ਯੂਜ਼ ਪਲਾਸਟਿਕ ’ਤੇ ਪਾਬੰਦੀ ਸਬੰਧੀ ਇਕ ਵਿਸ਼ੇਸ਼ ਜਾਗਰੂਕਤਾ ਅਤੇ ਲਾਗੂਕਰਨ ਮੁਹਿੰਮ ਚਲਾਈ ਗਈ। ਇਸ ਮੁਹਿੰਮ ਤਹਿਤ ਵਪਾਰਕ ਅਦਾਰਿਆਂ ਅਤੇ ਦੁਕਾਨਦਾਰਾਂ ਦਾ ਨਿਰੀਖਣ ਕੀਤਾ ਗਿਆ, ਜਿਸ ਦੌਰਾਨ 15 ਕਿਲੋਗ੍ਰਾਮ ਪਲਾਸਟਿਕ ਜ਼ਬਤ ਕੀਤਾ ਗਿਆ, 7 ਚਲਾਨ ਜਾਰੀ ਕੀਤੇ ਗਏ ਤੇ 5 ਵਿਕਰੇਤਾਵਾਂ ਨੂੰ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ। ਦੁਕਾਨਦਾਰਾਂ ਨੂੰ ਸਖ਼ਤੀ ਨਾਲ ਹਦਾਇਤ ਕੀਤੀ ਗਈ ਕਿ ਉਹ ਗਾਹਕਾਂ ਨੂੰ ਆਪਣੇ ਖੁਦ ਦੇ ਮੁੜ-ਵਰਤੋਂ ਯੋਗ ਬੈਗ ਲਿਆਉਣ ਲਈ ਉਤਸ਼ਾਹਿਤ ਕਰਨ ਤੇ ਉਨ੍ਹਾਂ ਨੂੰ ਪਲਾਸਟਿਕ ਦੀ ਬਜਾਏ ਕੱਪੜੇ ਅਤੇ ਜੂਟ ਦੇ ਥੈਲਿਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ। ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸਡੀਓ ਵੀਰੇਸ਼ ਓਹਰੀ ਨੇ ਕਿਹਾ ਕਿ ਡੀਸੀ ਕਪੂਰਥਲਾ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨਗਰ ਨਿਗਮ ਵੱਲੋਂ ਪਲਾਸਟਿਕ ਦੇ ਥੈਲਿਆਂ ਤੇ ਪਾਬੰਦੀ ਲਗਾਈ ਗਈ ਹੈ ਕਿਉਂਕਿ ਪਲਾਸਟਿਕ ਸੀਵਰੇਜ ਪ੍ਰਣਾਲੀਆਂ ਨੂੰ ਰੋਕਦਾ ਹੈ, ਕੂੜਾ ਫੈਲਾਉਂਦਾ ਹੈ ਅਤੇ ਸੀਵਰੇਜ ਦਾ ਪਾਣੀ ਸੜਕਾਂ ਤੇ ਭਰ ਜਾਂਦਾ ਹੈ, ਜਿਸ ਨਾਲ ਗੰਭੀਰ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਨਗਰ ਨਿਗਮ ਕਪੂਰਥਲਾ ਦੇ ਮੁੱਖ ਸੈਨੇਟਰੀ ਇੰਸਪੈਕਟਰ ਹਿਤੇਸ਼ ਕੁਮਾਰ ਅਗਰਵਾਲ ਅਤੇ ਸੈਨੇਟਰੀ ਇੰਸਪੈਕਟਰ ਰਿੰਪੀ ਕਲਿਆਣ ਨੇ ਕਿਹਾ ਕਿ ਨਗਰ ਨਿਗਮ ਜਨਤਾ ਅਤੇ ਮਾਰਕੀਟ ਵਿਕਰੇਤਾਵਾਂ ਨੂੰ ਪਲਾਸਟਿਕ ਕੈਰੀ ਬੈਗਾਂ ਦੀ ਵਰਤੋਂ ਤੋਂ ਬਚਣ ਅਤੇ ਟਿਕਾਊ ਵਿਕਲਪਾਂ ਨੂੰ ਉਤਸ਼ਾਹਿਤ ਕਰਨ ਲਈ ਜਾਗਰੂਕਤਾ ਮੁਹਿੰਮਾਂ ਲਗਾਤਾਰ ਚਲਾ ਰਿਹਾ ਹੈ। ਚੀਨੀ ਡੋਰ ਬਾਰੇ ਜਾਗਰੂਕਤਾ ਮੁਹਿੰਮ ਦੌਰਾਨ ਵਿਕਰੇਤਾਵਾਂ ਨੂੰ ਪੰਜਾਬ ਸਰਕਾਰ, ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੁਆਰਾ ਜਾਰੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੋਟੀਫਿਕੇਸ਼ਨ ਨੰਬਰ 3/25/23-STE4/293 ਦੇ ਅਨੁਸਾਰ, ਚੀਨੀ ਡੋਰ ਨਾ ਵੇਚਣ ਲਈ ਵੀ ਜਾਗਰੂਕ ਕੀਤਾ ਗਿਆ ਅਤੇ ਹਦਾਇਤ ਕੀਤੀ ਗਈ। ਇਸ ਮੌਕੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸਡੀਓ ਵੀਰੇਸ਼ ਓਹਰੀ ਅਤੇ ਸਹਾਇਕ ਪਲਵਿੰਦਰ ਸਿੰਘ, ਸੀਐੱਸਆਈ ਹਿਤੇਸ਼ ਕੁਮਾਰ, ਸੈਨੇਟਰੀ ਇੰਸਪੈਕਟਰ ਰਿੰਪੀ ਕਲਿਆਣ, ਨਗਰ ਨਿਗਮ ਦੇ ਬਲਰਾਮ ਮੱਲਾਹ, ਰੌਬਿਨ ਗੁਰਸੇਵਕ ਸਿੰਘ, ਦਿਨੇਸ਼ ਕੁਮਾਰ, ਅਭਿਸ਼ੇਕ ਅਤੇ ਹੋਰ ਮੌਜੂਦ ਸਨ।