ਵਿਧਾਇਕ ਰਾਣਾ ਯੂਨੀਵਰਸਿਟੀ ਦੀ ਉਸਾਰੀ ਲਈ ਦੇਣਗੇ 11 ਲੱਖ
ਵਿਧਾਇਕ ਰਾਣਾ ਨੇ ਯੂਨੀਵਰਸਿਟੀ ਦੀ ਉਸਾਰੀ ਲਈ 11 ਲੱਖ ਦੀ ਧੰਨ ਰਾਸ਼ੀ ਦੇਣ ਦਾ ਕੀਤਾ ਐਲਾਨ
Publish Date: Sat, 27 Dec 2025 09:28 PM (IST)
Updated Date: Sat, 27 Dec 2025 09:31 PM (IST)
ਗੁਰਵਿੰਦਰ ਕੌਰ, ਪੰਜਾਬੀ ਜਾਗਰਣ
ਕਪੂਰਥਲਾ : ਕਪੂਰਥਲਾ ਦੇ ਪਿੰਡ ਨਿਜਾਮਪੁਰ ਵਿਚ ਸ਼ਹੀਦ ਊਧਮ ਸਿੰਘ ਦੇ ਜਨਮ ਦਿਵਸ ਉੱਤੇ ਊਧਮ ਸਿੰਘ ਸ਼ਹੀਦ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰਨਿਓਰ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਮੌਕੇ ਕਪੂਰਥਲਾ ਦੇ ਕਾਂਗਰਸੀ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਯੂਨੀਵਰਸਿਟੀ ਦੀ ਉਸਾਰੀ ਲਈ ਸਮੂਹ ਕੰਬੋਜ ਭਾਈਚਾਰੇ ਅਤੇ ਕੰਬੋਜ ਫਾਉਂਡੇਸ਼ਨ ਦੀ ਸ਼ਲਾਘਾ ਕੀਤੀ ਅਤੇ ਸੰਸਾਰ ਪੱਧਰ ਦੀ ਯੂਨੀਵਰਸਿਟੀ ਸ਼ੁਰੂ ਕਰਣ ਲਈ ਸ਼ੁਭਕਾਮਨਾਵਾਂ ਭੇਟ ਕਰਦੇ ਹੋਏ ਆਪਣੇ ਨਿੱਜੀ ਫੰਡਾਂ ਵਿਚੋਂ 11 ਲੱਖ ਰੁਪਏ ਦੀ ਧਨ ਰਾਸ਼ੀ ਯੂਨੀਵਰਸਿਟੀ ਦੀ ਉਸਾਰੀ ਲਈ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਮਾਜ ਵਿਚ ਸਿੱਖਿਆ ਦਾ ਪਸਾਰ ਕਰਨਾ ਸਭ ਤੋਂ ਉੱਤਮ ਅਤੇ ਚੰਗੇਰੇ ਕਾਰਜ ਹੈ, ਇਸ ਲਈ ਉਹ ਮੈਨੇਜਮੈਂਟ ਦੀ ਵਾਰ-ਵਾਰ ਸ਼ਲਾਘਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਰਤਮਾਨ ਯੁੱਗ ਵਿਚ ਸਕਿੱਲ ਯੂਨਿਵਰਸਿਟੀਆਂ ਦੀ ਬਹੁਤ ਜ਼ਰੂਰਤ ਹੈ। ਸ਼ਹੀਦ ਊਧਮ ਸਿੰਘ ਦੇ ਨਾਮ ਉੱਤੇ ਸ਼ੁਰੂ ਕੀਤੀ ਜਾ ਰਹੀ ਸਕਿੱਲ ਯੂਨੀਵਰਸਿਟੀ ਦੋਆਬੇ ਦੇ ਇਲਾਵਾ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਪ੍ਰਤਿਭਾ ਅਤੇ ਹੁਨਰ ਨਾਲ ਪ੍ਰੋਤਸਾਹਿਤ ਕਰੇਗੀ ਤਾਂ ਕਿ ਨੌਜਵਾਨ ਵਰਗ ਸਕਿੱਲ ਨੂੰ ਪ੍ਰਾਪਤ ਕਰ ਸਵੈ-ਰੋਜ਼ਗਾਰ ਸਥਾਪਤ ਕਰਨ ਦੇ ਯੋਗ ਹੋਣ। ਰਾਣਾ ਨੇ ਕਿਹਾ ਕਿ ਨੌਜਵਾਨ ਵਰਗ ਵਿਚ ਵਿਦੇਸ਼ ਵਿਚ ਜਾਣ ਦੀ ਰੂਚੀ ਨੂੰ ਵੀ ਇਹ ਯੂਨੀਵਰਸਿਟੀ ਘੱਟ ਕਰੇਗੀ।