ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਬਣੀਆਂ ਸੁਰੱਖਿਆ ਲਈ ਵੱਡਾ ਖਤਰਾ
ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਬਣੀਆਂ ਸੁਰੱਖਿਆ ਲਈ ਵੱਡਾ ਖਤਰਾ
Publish Date: Sat, 06 Dec 2025 09:54 PM (IST)
Updated Date: Sat, 06 Dec 2025 09:57 PM (IST)

ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਸੁਲਤਾਨਪੁਰ ਲੋਧੀ ਹਲਕੇ ਦੇ ਆਸ-ਪਾਸ ਦੇ ਪਿੰਡਾਂ ਦੇ ਇਲਾਕਿਆਂ ਵਿਚ ਪਿਛਲੇ ਕੁਝ ਸਾਲਾਂ ਤੋਂ ਪ੍ਰਵਾਸੀ ਮਜ਼ਦੂਰਾਂ ਵੱਲੋਂ ਝੁੱਗੀਆਂ ਬਣਾਉਣ ਦੀ ਗਿਣਤੀ ਲਗਾਤਾਰ ਵਧਦੀ ਹੀ ਜਾ ਰਹੀ ਹੈ। ਇਨ੍ਹਾਂ ਝੁੱਗੀਆਂ ’ਚ ਖੇਤੀਬਾੜੀ, ਇੱਟਾਂ ਦੇ ਭੱਠੇ, ਨਿਰਮਾਣ ਕਾਰਜ ਅਤੇ ਹੋਰ ਮਜ਼ਦੂਰੀ ਦੇ ਕੰਮਾਂ ਲਈ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਯੂਪੀ-ਬਿਹਾਰ ਅਤੇ ਹੋਰ ਇਲਾਕਿਆਂ ਤੋਂ ਪੰਜਾਬ ਵਿਚ ਆ ਕੇ ਰਹਿੰਦੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਖੁੱਲ੍ਹੇ ਖੇਤਰਾਂ, ਨਦੀਆਂ ਦੇ ਕੰਢੇ, ਖਾਲੀ ਪਲਾਟਾਂ ਜਾਂ ਪਿੰਡਾਂ ਦੇ ਬਾਹਰਲੇ ਹਿੱਸਿਆਂ ਅਤੇ ਸੜਕਾਂ ਦੇ ਕਿਨਾਰੇ ਦੇ ਆਸਪਾਸ ਝੁੱਗੀਆਂ ਬਣਾ ਕੇ ਰਹਿਣ ਲੱਗ ਪੈਂਦੇ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਝੁੱਗੀਆਂ ਦੀ ਪੁਲਿਸ ਪ੍ਰਸ਼ਾਸ਼ਨ ਵੱਲੋਂ ਕਈ ਸਾਲਾਂ ਤੋਂ ਕਦੇ ਵੀ ਵੈਰੀਫਿਕੇਸ਼ਨ ਹੀ ਨਹੀਂ ਕੀਤੀ ਗਈ ਹੈ। --ਅਪਰਾਧੀ ਅਨਸਰ ਬੇ ਰੋਕ-ਟੋਕ ਇਨ੍ਹਾਂ ਥਾਵਾਂ ਤੇ ਛੁਪ ਸਕਦੇ ਹਨ : ਐਡਵੋਕੇਟ ਸੰਧਾ ਜਦੋਂ ਇਨ੍ਹਾਂ ਝੁੱਗੀਆਂ ਦੀ ਵਧਦੀ ਜਾਂਦੀ ਤਾਦਾਦ ਬਾਰੇ ਐਡਵੋਕੇਟ ਜਰਨੈਲ ਸਿੰਘ ਸੰਧਾ ਪ੍ਰਧਾਨ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਰਾਹੀਂ ਅਤੇ ਪੁਲਿਸ ਬਿਆਨਾਂ ਰਾਹੀਂ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਹੁਣ ਕੁਝ ਕ੍ਰਿਮੀਨਲ ਮਾਇੰਡ ਲੋਕ ਵੀ ਸੰਗੀਨ ਵਾਰਦਾਤਾਂ ਨੂੰ ਅੰਜਾਮ ਦੇ ਕੇ ਇਨ੍ਹਾਂ ਝੁੱਗੀਆਂ ਵਿਚ ਪਨਾਹ ਲੈ ਕੇ ਰਹਿੰਦੇ ਹਨ। ਐਡਵੋਕੇਟ ਸੰਧਾ ਨੇ ਪੁਲਿਸ ਪ੍ਰਸ਼ਾਸ਼ਨ ਤੇ ਸਵਾਲ ਕਰਦਿਆਂ ਕਿਹਾ ਹੈ ਕਿ ਇੰਨੀ ਵੱਡੀ ਤਾਦਾਦ ਵਿਚ ਝੁੱਗੀਆਂ-ਝੌਂਪੜੀਆਂ ਹੋਣ ਦੇ ਬਾਵਜੂਦ ਵੀ ਅਜੇ ਤੱਕ ਪੁਲਿਸ ਪ੍ਰਸ਼ਾਸ਼ਨ ਵੱਲੋਂ ਵੈਰੀਫਿਕੇਸ਼ਨ ਕਿਉਂ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲੋੜ ਹੈ ਇਨ੍ਹਾਂ ਝੁੱਗੀਆਂ ’ਤੇ ਤੁਰੰਤ ਕਾਰਵਾਈ ਕਰਨ ਦੀ। ਉਨ੍ਹਾਂ ਕਿਹਾ ਕਿ ਸੁਰੱਖਿਆ ਮਾਹਿਰ ਵੀ ਮੰਨਦੇ ਹਨ ਕਿ ਇਨ੍ਹਾਂ ਝੁੱਗੀਆਂ ਦਾ ਸਰਵੇ ਕਰਵਾ ਕੇ ਰਿਕਾਰਡ ਤਿਆਰ ਕੀਤਾ ਜਾਵੇ ਅਤੇ ਹਰ ਰਹਿਣ ਵਾਲੇ ਦੀ ਪੁਲਿਸ ਵੈਰੀਫਿਕੇਸ਼ਨ ਕੀਤੀ ਜਾਵੇ। ਰਾਤ ਦੇ ਸਮੇਂ ਪੈਟਰੋਲਿੰਗ ਵਧਾਈ ਜਾਵੇ ਤਾਂ ਜੋਂ ਇਲਾਕੇ ਵਿਚ ਅਪਰਾਧ ਦੀ ਦਰ ਕਾਫ਼ੀ ਹੱਦ ਤੱਕ ਘਟ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਕਾਨੂੰਨੀ ਕਾਰਵਾਈ ਹੀ ਨਹੀਂ, ਸਗੋਂ ਜਨਤਾ ਦੀ ਸੁਰੱਖਿਆ ਲਈ ਵੀ ਬਹੁਤ ਜ਼ਰੂਰੀ ਕਦਮ ਹੈ। --ਵੈਰੀਫਿਕੇਸ਼ਨ ਨਾ ਕਰਵਾਉਂਣ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ : ਏਐੱਸਆਈ ਪੂਰਨ ਚੰਦ ਇਸ ਸਬੰਧੀ ਏਐੱਸਆਈ ਪੂਰਨ ਚੰਦ ਚੌਂਕੀ ਇੰਚਾਰਜ ਮੋਠਾਂਵਾਲਾ ਨੇ ਕਿਹਾ ਹੈ ਕਿ ਅਸੀਂ ਪਿੰਡਾਂ ਵਿਚ ਸਰਪੰਚਾਂ, ਜ਼ਿੰਮੀਦਾਰਾਂ ਅਤੇ ਪਰਵਾਸੀ ਮਜ਼ਦੂਰਾਂ ਨੂੰ ਵੀ ਪੁਲਿਸ ਵੈਰੀਫਿਕੇਸ਼ਨ ਸਬੰਧੀ ਸਮੇਂ-ਸਮੇਂ ’ਤੇ ਜਾਗਰੂਕ ਕਰਦੇ ਰਹਿੰਦੇ ਹਾਂ ਪਰ ਉਨ੍ਹਾਂ ਵਿਚੋ ਕੁਝ ਲੋਕ ਹੀ ਆਪਣੀ ਵੈਰੀਫਿਕੇਸ਼ਨ ਕਰਵਾਉਂਦੇ ਹਨ ਪਰ ਜ਼ਿਆਦਾਤਰ ਲੋਕ ਜਾਗਰੂਕ ਕਰਨ ਦੇ ਬਾਵਜੂਦ ਵੀ ਵੈਰੀਫਿਕੇਸ਼ਨ ਨਹੀਂ ਕਰਵਾਉਂਦੇ, ਉਨ੍ਹਾਂ ਲੋਕਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।