ਘੱਟ ਤਨਖਾਹਾਂ ਮਿਲਣ ’ਤੇ ਮਿੱਡ-ਡੇ-ਮੀਲ ਵਰਕਰਾਂ ਕੀਤਾ ਰੋਸ ਮੁਜ਼ਾਹਰਾ
ਘੱਟ ਤਨਖਾਹਾਂ ਭੇਜਣ ਦੇ ਰੋਸ ’ਚ ਮਿੱਡ-ਡੇ-ਮੀਲ ਵਰਕਰਾਂ ਨੇ ਕੀਤਾ ਰੋਸ ਮੁਜਾਹਰਾ
Publish Date: Mon, 17 Nov 2025 09:28 PM (IST)
Updated Date: Mon, 17 Nov 2025 09:28 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਮਿੱਡ-ਡੇ-ਮੀਲ ਵਰਕਰਜ਼ ਦਾ ਮਿਹਨਤਾਨਾ ਵਧਾਉਣ ਅਤੇ ਹੋਰ ਮੰਗਾਂ ਮਨਾਉਣ ਲਈ ਮੀਟਿੰਗਾਂ ਅਤੇ ਰੋਸ ਧਰਨੇ ਦਿੱਤੇ ਜਾ ਰਹੇ ਹਨ। ਇਸੇ ਤਹਿਤ ਅੱਜ ਕਪੂਰਥਲਾ ਵਿਖੇ ਵੀ ਪੰਜਾਬ ਦੀ ਸੀਨੀਅਰ ਮੀਤ ਪ੍ਰਧਾਨ, ਜ਼ਿਲ੍ਹਾ ਕਪੂਰਥਲਾ ਪ੍ਰਧਾਨ ਮਮਤਾ ਸੈਦਪੁਰ ਤੇ ਜ਼ਿਲ੍ਹਾ ਚੇਅਰਮੈਨ ਬਲਦੇਵ ਸਿੰਘ ਦੀ ਅਗਵਾਈ ਹੇਠ ਸਮੂਹ ਵਰਕਰਾਂ ਨੇ ਪੰਜਾਬ ਸਰਕਾਰ ਵੱਲੋਂ ਮਿੱਡ-ਡੇ-ਮੀਲ ਵਰਕਰਾਂ ਦਾ ਮਿਹਨਤਾਨਾ ਖਾਤਿਆਂ ਵਿਚ ਘੱਟ ਭੇਜਣ ਦੇ ਰੋਸ ਵੱਜੋਂ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਮਤਾ ਸੈਦਪੁਰ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਸਕੂਲਾਂ ਵਿਚ ਦੁਪਹਿਰ ਦਾ ਖਾਣਾ ਬਣਾਉਣ ਵਾਲੀਆਂ ਵਰਕਰਜ਼ ਮਹਿਲਾਵਾਂ ਨੂੰ ਸਿਰਫ 3000 ਰੁਪਏ ਮਹੀਨਾ ਦਿੱਤਾ ਜਾ ਰਿਹਾ ਹੈ ਜੋ ਕਿ ਅੱਜ ਦੀ ਮਹਿੰਗਾਈ ਦੇ ਹਿਸਾਬ ਨਾਲ ਬਹੁਤ ਹੀ ਘੱਟ ਹੈ। ਉਨ੍ਹਾਂ ਕਿਹਾ ਕਿ ਜਿਥੇ ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਵਰਕਰਾਂ ਦਾ ਮਿਹਨਤਾਨਾ ਵਧਾਏ ਪਰ ਉਲਟਾ ਉਨ੍ਹਾਂ ਦੇ ਬਣਦੇ ਮਿਹਨਤਾਨੇ 3000 ਰੁਪਏ ਵਿਚੋਂ 1500 ਰੁਪਏ ਘਟਾ ਕੇ ਬੈਂਕ ਖਾਤਿਆਂ ਵਿਚ ਜਮਾ ਕਰਵਾਏ ਗਏ, ਜਿਸ ਕਾਰਨ ਸਮੂਹ ਮਿੱਡ-ਡੇ-ਮੀਲ ਵਰਕਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੈਸਿਆਂ ਨਾਲ ਵਰਕਰਾਂ ਦਾ ਘਰ ਦਾ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਤਾਂ ਕੀ ਮੰਨਣੀਆਂ ਹਨ ਉਲਟਾ ਉਨ੍ਹਾਂ ਦਾ ਸੋਸ਼ਣ ਕਰਦੇ ਹੋਏ ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ, ਜਿਸਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਪਰਮਜੀਤ ਕੌਰ, ਬਲਜੀਤ ਕੌਰ, ਪ੍ਰਵੀਨ ਕੌਰ, ਪਰਮਜੀਤ ਕੌਰ, ਰਾਜਵਿੰਦਰ ਕੌਰ, ਰਜੀਆ ਬੇਗਮ, ਰੇਖਾ ਰਾਣੀ, ਹਰਪ੍ਰੀਤ ਕੌਰ ਤੇ ਹੋਰ ਵਰਕਰ ਹਾਜ਼ਰ ਸਨ। ਕੈਪਸ਼ਨ : 17ਕੇਪੀਟੀ33