ਕਣਕ ਦੀ ਫਸਲ ਲਈ ਅੰਮ੍ਰਿਤ ਬਣੀ ਮੌਸਮੀ ਬਰਸਾਤ
ਆਸਮਾਨ ਤੋਂ ਵਰ੍ਹੀ ‘ਰਹਿਮਤ’: ਕਣਕ ਦੀ ਫਸਲ ਲਈ ਅੰਮ੍ਰਿਤ ਬਣੀ ਮੌਸਮੀ ਬਰਸਾਤ
Publish Date: Sat, 24 Jan 2026 10:19 PM (IST)
Updated Date: Sat, 24 Jan 2026 10:22 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਿਛਲੇ ਕਈ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਢ ਤੇ ਖੁਸ਼ਕ ਮੌਸਮ ਦਰਮਿਆਨ ਬੀਤੀ ਰਾਤ ਸੁਲਤਾਨਪੁਰ ਲੋਧੀ ਤੇ ਆਸ-ਪਾਸ ਦੇ ਪਿੰਡਾਂ ਚ ਹੋਈ ਮੌਸਮੀ ਬਰਸਾਤ ਕਿਸਾਨਾਂ ਲਈ ਇਕ ਵੱਡੀ ਰਾਹਤ ਲੈ ਕੇ ਆਈ ਹੈ। ਇਸ ਬਰਸਾਤ ਨੂੰ ਕਿਸਾਨ ਕਣਕ ਦੀ ਫਸਲ ਲਈ ਅੰਮ੍ਰਿਤ ਦੱਸ ਰਹੇ ਹਨ। ਲੰਬੇ ਸਮੇਂ ਤੋਂ ਮੀਂਹ ਨਾ ਪੈਣ ਕਾਰਨ ਕਿਸਾਨ ਆਪਣੀਆਂ ਫਸਲਾਂ ਦੇ ਵਾਧੇ ਨੂੰ ਲੈ ਕੇ ਚਿੰਤਤ ਸਨ ਪਰ ਅਚਾਨਕ ਹੋਏ ਬਦਲਾਅ ਨੇ ਉਨ੍ਹਾਂ ਦੀਆਂ ਉਮੀਦਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। --ਖੁਸ਼ਕ ਮੌਸਮ ਅਤੇ ਚਿੰਤਾ ਦਾ ਆਲਮ : ਇਸ ਵਾਰ ਜਨਵਰੀ ਮਹੀਨੇ ਚ ਸੀਤ ਲਹਿਰ ਦਾ ਕਹਿਰ ਬਹੁਤ ਜ਼ਿਆਦਾ ਸੀ ਤੇ ਬਰਸਾਤ ਨਾ ਹੋਣ ਕਾਰਨ ਹਵਾ ਚ ਖੁਸ਼ਕੀ ਬਣੀ ਹੋਈ ਸੀ। ਖੇਤੀ ਮਾਹਿਰਾਂ ਤੇ ਕਿਸਾਨਾਂ ਅਨੁਸਾਰ ਸੁੱਕੀ ਠੰਢ ਕਣਕ ਦੇ ਪੌਦੇ ਦੇ ਉੱਪਰੀ ਹਿੱਸੇ ਨੂੰ ਤਾਂ ਠੰਢਾ ਰੱਖਦੀ ਹੈ ਪਰ ਜੜ੍ਹਾਂ ਨੂੰ ਲੋੜੀਂਦੀ ਨਮੀ ਨਹੀਂ ਮਿਲ ਪਾਉਂਦੀ। ਕਿਸਾਨ ਸੁੱਚਾ ਸਿੰਘ, ਸੁਖਦੇਵ ਸਿੰਘ ਸੋਢੀ, ਸੁਖਵਿੰਦਰ ਸਿੰਘ ਸਾਬਾ, ਕੈਪਟਨ ਜਸਵਿੰਦਰ ਸਿੰਘ, ਜਗੀਰ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਆਸਮਾਨ ਵੱਲ ਦੇਖ ਰਹੇ ਸਨ ਕਿ ਕਦੋਂ ਮੀਂਹ ਪਵੇ ਤੇ ਫਸਲ ਨੂੰ ਕੁਦਰਤੀ ਪਾਣੀ ਮਿਲੇ। --ਬਰਸਾਤ ਨਾਲ ਝਾੜ ਵਧੇਗਾ : ਡਾ. ਜਸਪਾਲ ਸਿੰਘ ਕਿਸਾਨਾਂ ਨੇ ਦੱਸਿਆ ਕਿ ਇਹ ਬਰਸਾਤ ਕਣਕ ਦੀ ਫਸਲ ਦੇ ਸਰਹਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਸੀ। ਮੀਂਹ ਦਾ ਪਾਣੀ ਸਿੱਧਾ ਪੌਦੇ ਦੀਆਂ ਜੜ੍ਹਾਂ ਤੱਕ ਪਹੁੰਚ ਕੇ ਮਿੱਟੀ ਚ ਨਮੀ ਦੀ ਇਕਸਾਰ ਪਰਤ ਬਣਾ ਦਿੰਦਾ ਹੈ, ਜੋ ਕਿ ਨਕਲੀ ਸਿੰਚਾਈ (ਟਿਊਬਵੈੱਲ ਦੇ ਪਾਣੀ) ਨਾਲੋਂ ਕਿਤੇ ਵੱਧ ਗੁਣਕਾਰੀ ਹੁੰਦਾ ਹੈ। ਇਸ ਨਾਲ ਕਣਕ ਦੇ ਪੌਦੇ ਹੁਣ ਤੇਜ਼ੀ ਨਾਲ ਵਧਣਗੇ ਤੇ ਫਸਲ ਦਾ ਰੰਗ ਵੀ ਗੂੜ੍ਹਾ ਹਰਾ ਹੋ ਜਾਵੇਗਾ। ਖੇਤੀਬਾੜੀ ਮਾਹਿਰ ਡਾ. ਜਸਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ ਦਾ ਕਹਿਣਾ ਹੈ ਕਿ ਇਸ ਸਮੇਂ ਪਈ ਬਰਸਾਤ ਨਾਲ ਕਣਕ ਦੀ ਫੁੱਟ ਵਧੀਆ ਹੋਵੇਗੀ, ਜਿਸ ਦਾ ਸਿੱਧਾ ਅਸਰ ਝਾੜ ਤੇ ਪਵੇਗਾ। ਫਸਲਾਂ ਨੂੰ ਪ੍ਰਦੂਸ਼ਣ ਤੋਂ ਮੁਕਤੀ : ਸਿਰਫ਼ ਕਣਕ ਹੀ ਨਹੀਂ, ਸਗੋਂ ਇਸ ਬਰਸਾਤ ਨੇ ਸਰ੍ਹੋਂ ਤੇ ਹਾੜ੍ਹੀ ਦੀਆਂ ਹੋਰ ਫਸਲਾਂ ਨੂੰ ਵੀ ਵੱਡਾ ਲਾਭ ਪਹੁੰਚਾਇਆ ਹੈ। ਸਰ੍ਹੋਂ ਦੀ ਫਸਲ ਜੋ ਕਿ ਇਸ ਵੇਲੇ ਫੁੱਲਾਂ ਤੇ ਹੈ, ਲਈ ਇਹ ਨਮੀ ਬਹੁਤ ਫਾਇਦੇਮੰਦ ਸਾਬਿਤ ਹੋਵੇਗੀ। ਇਸ ਤੋਂ ਇਲਾਵਾ ਹਵਾ ਚ ਜੰਮੀ ਧੂੜ ਅਤੇ ਪ੍ਰਦੂਸ਼ਣ ਦੇ ਕਣ ਵੀ ਮੀਂਹ ਨਾਲ ਧਰਤੀ ਤੇ ਬੈਠ ਗਏ ਹਨ, ਜਿਸ ਨਾਲ ਵਾਤਾਵਰਣ ਸਾਫ਼ ਹੋ ਗਿਆ ਹੈ।