ਨਹੀਂ ਬਖ਼ਸ਼ੇ ਜਾਣਗੇ ਨਸ਼ਾ ਵੇਚਣ ਵਾਲੇ ਮੈਡੀਕਲ ਸਟੋਰ ਮਾਲਕ : ਕਾਲੀਆ
ਨਹੀਂ ਬਖ਼ਸ਼ੇ ਜਾਣਗੇ ਨਸ਼ਾ ਵੇਚਣ ਵਾਲੇ ਮੈਡੀਕਲ ਸਟੋਰ ਵਾਲੇ ਮਾਲਕ : ਅਨੁਪਮ ਕਾਲੀਆ
Publish Date: Wed, 26 Nov 2025 08:56 PM (IST)
Updated Date: Wed, 26 Nov 2025 08:59 PM (IST)

ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਸ਼ਹਿਰ ਵਿਚ ਨਸ਼ਿਆਂ ਦੀ ਰੋਕਥਾਮ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਪ੍ਰਸਾਸ਼ਨ ਦੇ ਮੁਖੀ ਐੱਸਐੱਸਪੀ ਗੌਰਵ ਤੂਰਾ ਵੱਲੋਂ ਸਖ਼ਤ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਸਿਹਤ ਵਿਭਾਗ ਵੱਲੋਂ ਇਸ ਸਬੰਧੀ ਵੱਖ-ਵੱਖ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਤਹਿਤ ਹੀ ਜ਼ਿਲ੍ਹਾ ਡਰੱਗ ਕੰਟਰੋਲਰ ਅਨੁਪਮ ਕਾਲੀਆ ਵੱਲੋਂ ਜ਼ਿਲ੍ਹੇ ਵਿਚ ਪੈਂਦੇ ਵੱਖ-ਵੱਖ ਮੈਡੀਕਲ ਸਟੋਰਾਂ ਦੀ ਚੈਕਿੰਗ ਐੱਸਐੱਚਓ ਥਾਣਾ ਸਿਟੀ ਅਮਨਦੀਪ ਕੁਮਾਰ ਨਾਹਰ ਨਾਲ ਕੀਤੀ ਗਈ ਤੇ ਮੈਡੀਕਲ ਸਟੋਰਾਂ ਦਾ ਰਿਕਾਰਡ ਚੈੱਕ ਕੀਤਾ ਗਿਆ। ਡਰੱਗ ਕੰਟਰੋਲਰ ਅਨੁਪਮ ਕਾਲੀਆ ਨੇ ਕਿਹਾ ਕਿ ਸਿਵਲ ਹਸਪਤਾਲ ਕਪੂਰਥਲਾ ਦੇ ਬਾਹਰ ਅਤੇ ਹੋਰ ਵੀ ਕਈ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਪਾਬੰਦੀਸ਼ੁਦਾ ਦਵਾਈਆਂ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਦਵਾਈ ਜੋ ਕਾਨੂੰਨ ਤੋਂ ਬਾਹਰ ਹੋਵੇ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜੇਕਰ ਕੋਈ ਇਸ ਤਰ੍ਹਾਂ ਕਰਦਾ ਹੈ ਤਾਂ ਇਸ ਤਰ੍ਹਾਂ ਦੇ ਕੈਮਿਸਟਾਂ ਦੇ ਖਿਲਾਫ਼ ਤੁਰੰਤ ਐਕਸ਼ਨ ਲੈਂਦੇ ਹੋਏ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡਰੱਗ ਕੰਟਰੋਲਰ ਅਨੁਪਮ ਕਾਲੀਆ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਇਸ ਤਰ੍ਹਾਂ ਦੇ ਕੈਮਿਸਟਾਂ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹ ਇਸਦੀ ਜਾਣਕਾਰੀ ਉਨ੍ਹਾਂ ਨੂੰ ਦੇਣ, ਉਨ੍ਹਾਂ ਦਾ ਨਾਮ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਨਾਲ ਮੌਜੂਦ ਐੱਸਐੱਚਓ ਸਿਟੀ ਕਪੂਰਥਲਾ ਅਮਨਦੀਪ ਨਾਹਰ ਨੇ ਵੀ ਕਿਹਾ ਕਿ ਇਸ ਤਰ੍ਹਾਂ ਦੇ ਲੋਕਾਂ ਦੀ ਜਾਣਕਾਰੀ ਦਿੱਤੀ ਜਾਵੇ ਜੋ ਨਸ਼ੇ ਨੂੰ ਪ੍ਰਮੋਟ ਕਰ ਰਹੇ ਹਨ।