ਚੋਰੀ ਦੇ ਮਾਮਲੇ 'ਚ ਫੜ੍ਹੇ ਵਿਅਕਤੀ ਨੇ ਖੁਦ ਨੂੰ ਕੀਤਾ ਜ਼ਖ਼ਮੀ
ਚੋਰੀ ਦੇ ਮਾਮਲੇ 'ਚ ਫੜ੍ਹੇ ਗਏ ਵਿਅਕਤੀ ਨੇ ਨੁਕੀਲੀ ਚੀਜ਼ ਨਾਲ ਆਪਣੇ ਆਪ ਨੂੰ ਕੀਤਾ ਜ਼ਖਮੀ
Publish Date: Sat, 20 Dec 2025 09:53 PM (IST)
Updated Date: Sat, 20 Dec 2025 09:55 PM (IST)
ਚੰਨਪ੍ਰੀਤ ਕੰਗ, ਪੰਜਾਬੀ ਜਾਗਰਣ
ਨਡਾਲਾ : ਸ਼ਨੀਵਾਰ ਦੁਪਿਹਰ 2 ਵਜੇ ਵਾਪਰੀ ਇਕ ਹੈਰਾਨੀਜਨਕ ਘਟਨਾ ਨੇ ਪੁਲਿਸ ਅਤੇ ਇਲਾਕੇ ਦੇ ਲੋਕਾਂ ਦਾ ਧਿਆਨ ਅਟਕਾਇਆ। ਪ੍ਰੇਮ ਨਗਰ (ਲੱਖਣ ਕੇ ਪੱਡਾ) ਦੇ ਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਖਬਰ ਦਿੱਤੀ ਕਿ ਉਸਦੇ ਭਰਾ ਨੂੰ ਸੱਟ ਲੱਗੀ ਹੈ ਤੇ ਉਸ ਨੂੰ ਇਲਾਜ ਲਈ ਅੰਮ੍ਰਿਤਸਰ ਲੈ ਗਏ ਸਨ। ਇਸ ਤੋਂ ਬਾਅਦ ਉਹ ਅਤੇ ਪਿੰਡ ਵਾਲੇ ਇਨਸਾਫ ਲਈ ਨਡਾਲਾ ਚੌਂਕੀ ਪਹੁੰਚੇ। ਪੁਲਿਸ ਇੰਚਾਰਜ ਬਲਜਿੰਦਰ ਸਿੰਘ ਨੇ ਫੋਨ ’ਤੇ ਗੱਲ ਕਰਦਿਆਂ ਕਿਹਾ ਕਿ ਸ਼ਨੀਵਾਰ ਸਵੇਰੇ, ਲਿਪਤ ਵਿਰਲੀ ਪੁੱਤਰ ਨਾਨਕ ਚੰਦ ਵਾਸੀ ਲੱਖਣ ਕੇ ਪੱਡਾ ਤੇ ਮਨਦੀਪ ਸਿੰਘ ਉਰਫ ਮੀਪਾ ਪੁੱਤਰ ਜੋਗਿੰਦਰ ਸਿੰਘ ਨੂੰ ਚੋਰੀ ਦੇ ਦੋਸ਼ 'ਚ ਫੜਿਆ ਗਿਆ ਸੀ। ਇਕ ਵਿਅਕਤੀ ਨੇ ਕਣਕ ਚੋਰੀ ਕਰਨ ਦੀ ਸ਼ਿਕਾਇਤ ਕਰਵਾਈ ਸੀ। ਪੁਲਿਸ ਵਾਲੇ ਉਸਨੂੰ ਚੌਂਕੀ ਵਿਚ ਦੂਜੇ ਕਮਰੇ ਵਿਚ ਬਿਠਾ ਕੇ ਸ਼ਿਕਾਇਤ ਦਰਜ ਕਰਨ ਲੱਗ ਪਏ। ਇਸ ਦੌਰਾਨ ਉਕਤ ਚੋਰ ਨੇ ਇਕ ਨੁਕੀਲੀ ਚੀਜ਼ ਨਾਲ ਆਪਣੇ-ਆਪ ਨੂੰ ਜ਼ਖਮੀ ਕਰ ਲਿਆ। ਇਸ ਘਟਨਾ ਤੋਂ ਬਾਅਦ, ਉਸਨੂੰ ਤੁਰੰਤ ਸੁਭਾਨਪੁਰ ਹਸਪਤਾਲ ਲਿਜਾਇਆ ਗਿਆ, ਜਿਥੇ ਡਿਊਟੀ ਕਰ ਰਹੇ ਡਾਕਟਰਾਂ ਨੇ ਉਸਨੂੰ ਅੰਮ੍ਰਿਤਸਰ ਹਸਪਤਾਲ ਲਈ ਰੈਫਰ ਕਰ ਦਿੱਤਾ। ਚੌਂਕੀ ਇੰਚਾਰਜ ਬਲਜਿੰਦਰ ਸਿੰਘ ਨੇ ਕਿਹਾ ਕਿ ਉਸ ਵਿਅਕਤੀ ਦਾ ਇਲਾਜ ਜਾਰੀ ਹੈ ਅਤੇ ਉਹ ਹੁਣ ਖਤਰੇ ਤੋਂ ਬਾਹਰ ਹੈ।