ਔਰਤਾਂ ਨੂੰ ਸਵੈ-ਨਿਰਭਰ ਬਣਾਉਣਾ ਸਮੇਂ ਦੀ ਲੋੜ : ਅਨੀਤਾ ਸੋਮ ਪ੍ਰਕਾਸ਼
ਔਰਤਾਂ ਨੂੰ ਸਵੈ-ਨਿਰਭਰ ਬਣਾਉਣਾ ਸਮਾਜ ਦੀ ਸਭ ਤੋਂ ਵੱਡੀ ਲੋੜ : ਅਨੀਤਾ ਸੋਮ ਪ੍ਰਕਾਸ਼
Publish Date: Sat, 10 Jan 2026 07:45 PM (IST)
Updated Date: Sat, 10 Jan 2026 07:48 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪੰਜਾਬ ਪ੍ਰਦੇਸ਼ ਧਾਰਮਿਕ ਕਮੇਟੀ ਅਤੇ ਫਗਵਾੜਾ ਸੋਸ਼ਲ ਵੈੱਲਫੇਅਰ ਕਮੇਟੀ (ਰਜਿ.) ਵੱਲੋਂ ਔਰਤਾਂ ਨੂੰ ਸਵੈ-ਨਿਰਭਰ ਬਣਾਉਣ ਦੇ ਉਦੇਸ਼ ਨਾਲ ਖੇੜਾ ਰੋਡ ਸਥਿਤ ਸਟਾਰ ਸਿਟੀ ਕਾਲੋਨੀ ਵਿਚ ਸਿਲਾਈ ਸੈਂਟਰ ਦੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਗਰਾਮ ਦੀ ਅਗਵਾਈ ਕਮੇਟੀ ਪ੍ਰਧਾਨ ਮਨੀਸ਼ ਕਨੌਜੀਆ ਵੱਲੋਂ ਕੀਤੀ ਗਈ, ਜਦਕਿ ਸਿਲਾਈ ਸੈਂਟਰ ਦਾ ਉਦਘਾਟਨ ਸੀਨੀਅਰ ਭਾਜਪਾ ਮਹਿਲਾ ਆਗੂ ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਵੱਲੋਂ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸ਼ਰੋਮਣੀ ਅਕਾਲੀ ਦਲ (ਬ) ਦੇ ਹਲਕਾ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ, ਮਾਰਕੀਟ ਕਮੇਟੀ ਫਗਵਾੜਾ ਦੇ ਚੇਅਰਮੈਨ ਤਵਿੰਦਰ ਰਾਮ, ਸਾਬਕਾ ਚੇਅਰਮੈਨ ਨਰੇਸ਼ ਭਾਰਦਵਾਜ ਅਤੇ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ ਲਾਇਨ ਗੁਰਦੀਪ ਸਿੰਘ ਕੰਗ ਹਾਜ਼ਰ ਸਨ। ਉਦਘਾਟਨ ਤੋਂ ਪਹਿਲਾਂ ਸ੍ਰੀਮਤੀ ਅੰਜੂ ਪ੍ਰਦੀਪ ਵਰਮਾ ਵੱਲੋਂ ਧਾਰਮਿਕ ਅਨੁਸ਼ਠਾਨ ਕਰਵਾਇਆ ਗਿਆ, ਜਿਸ ਦੌਰਾਨ ਸਭ ਦੀ ਖੁਸ਼ਹਾਲੀ ਅਤੇ ਔਰਤਾਂ ਦੀ ਤਰੱਕੀ ਲਈ ਅਰਦਾਸ ਕੀਤੀ ਗਈ। ਸਿਲਾਈ ਸੈਂਟਰ ਦਾ ਉਦਘਾਟਨ ਕਰਦੇ ਹੋਏ ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਔਰਤਾਂ ਨੂੰ ਸਵੈ-ਨਿਰਭਰ ਬਣਾਉਣਾ ਸਮਾਜ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸੈਂਟਰ ਨਾ ਸਿਰਫ਼ ਔਰਤਾਂ ਨੂੰ ਰੋਜ਼ਗਾਰ ਦੇ ਮੌਕੇ ਦਿੰਦੇ ਹਨ, ਸਗੋਂ ਉਨ੍ਹਾਂ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਮੇਟੀ ਦੀ ਇਸ ਪਹਿਲ ਦੀ ਖੂਬ ਪ੍ਰਸ਼ੰਸਾ ਕੀਤੀ। ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਸਮਾਜ ਸੇਵਾ ਨਾਲ ਜੁੜੀਆਂ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਇਸ ਤਰ੍ਹਾਂ ਦੇ ਉਪਰਾਲੇ ਸਮਾਜ ਨੂੰ ਨਵੀਂ ਦਿਸ਼ਾ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਔਰਤਾਂ ਨੂੰ ਹੁਨਰਮੰਦ ਬਣਾਕੇ ਰੋਜ਼ਗਾਰ ਨਾਲ ਜੋੜਨਾ ਸਮਾਜਿਕ ਅਤੇ ਆਰਥਿਕ ਵਿਕਾਸ ਦੀ ਮਜ਼ਬੂਤ ਨੀਂਹ ਹੈ ਅਤੇ ਭਵਿੱਖ ਵਿਚ ਵੀ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ (ਬ) ਦੇ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਨਾ ਨੇ ਕਿਹਾ ਕਿ ਜਦੋਂ ਔਰਤਾਂ ਦੇ ਹੱਥਾਂ ਵਿਚ ਰੋਜ਼ਗਾਰ ਹੁੰਦਾ ਹੈ ਤਾਂ ਪਰਿਵਾਰ ਤੇ ਸਮਾਜ ਦੋਵੇਂ ਮਜ਼ਬੂਤ ਹੁੰਦੇ ਹਨ। ਇਹ ਸਿਲਾਈ ਸੈਂਟਰ ਲੋੜਵੰਦ ਔਰਤਾਂ ਲਈ ਵਰਦਾਨ ਸਾਬਤ ਹੋਵੇਗਾ। ਅੰਤ ’ਚ ਕਮੇਟੀ ਪ੍ਰਧਾਨ ਮਨੀਸ਼ ਕਨੌਜੀਆ ਤੇ ਸੁਰਿੰਦਰ ਕੁਮਾਰ ਨੇ ਸਾਰੇ ਮਹਿਮਾਨਾਂ ਦਾ ਸਨਮਾਨ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਭਰੋਸਾ ਦਿੱਤਾ ਕਿ ਭਵਿੱਖ ਵਿਚ ਵੀ ਕਮੇਟੀ ਵੱਲੋਂ ਸਮਾਜ ਹਿਤ ਵਿਚ ਜਨ-ਕਲਿਆਣਕਾਰੀ ਕੰਮ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਕਮੇਟੀ ਸਰਪ੍ਰਸਤ ਮਲਕੀਅਤ ਸਿੰਘ ਰਗਬੋਤਰਾ, ਹਰੀਸ਼ ਚੰਬਾ, ਉਪ ਪ੍ਰਧਾਨ ਪੰਕਜ ਸ਼ਰਮਾ, ਸਕੱਤਰ ਅਮਰੂ ਰਾਮ ਤੋਂ ਇਲਾਵਾ ਚੰਚਲ ਸੇਠ, ਸ਼ੀਤਲ ਕੋਹਲੀ, ਰਾਕੇਸ਼ ਕਨੌਜੀਆ, ਰਾਜਿੰਦਰ ਕਨੌਜੀਆ, ਸ਼ਿਵ ਕੌੜਾ, ਵਰਿੰਦਰ ਸਿੰਘ ਕੰਬੋਜ, ਗੁਰਦੀਪ ਸਿੰਘ ਕੰਗ, ਟੀਟੂ ਆਦਿ ਵੀ ਹਾਜ਼ਰ ਸਨ।