ਲੋਹੜੀ ਦਾ ਤਿਉਹਾਰ ਸੱਭਿਆਚਾਰਕ ਪੱਖੋਂ ਅਹਿਮ : ਗਗਨਦੀਪ ਸਿੰਘ
ਲੋਹੜੀ ਦਾ ਤਿਉਹਾਰ ਸੱਭਿਆਚਾਰਕ ਪੱਖ ਤੋਂ ਅਹਿਮ ਹੈ- ਗਗਨਦੀਪ ਸਿੰਘ
Publish Date: Tue, 13 Jan 2026 08:43 PM (IST)
Updated Date: Tue, 13 Jan 2026 08:45 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਲੋਹੜੀ ਦਾ ਤਿਉਹਾਰ ਭਾਵੇਂ ਕੋਈ ਧਾਰਮਿਕ ਮਹੱਤਤਾ ਨਹੀਂ ਰੱਖਦਾ, ਪਰ ਇਹ ਸੱਭਿਆਚਾਰਕ ਪੱਖ ਤੋਂ ਬਹੁਤ ਖ਼ਾਸ ਤਿਉਹਾਰ ਹੈ। ਲੋਹੜੀ ਪੋਹ ਮਹੀਨੇ ਦਾ ਪ੍ਰਸਿੱਧ ਤਿਉਹਾਰ ਹੈ, ਇਹ ਪੋਹ ਮਹੀਨੇ ਦੀ ਅਖੀਰਲੀ ਰਾਤ ਨੂੰ ਮਨਾਇਆ ਜਾਂਦਾ ਹੈ। ਲੋਹੜੀ ਤੋਂ ਅਗਲੇ ਦਿਨ ਮਾਘ ਮਹੀਨੇ ਦੀ ਸੰਗਰਾਂਦ ਹੁੰਦੀ ਹੈ। ਇਸ ਦਿਨ ਮਾਘੀ ਦਾ ਤਿਉਹਾਰ ਹੁੰਦਾ ਹੈ। ਇਸ ਮਹੀਨੇ ਫ਼ਸਲਾਂ ਦੀ ਬਿਜਾਈ ਤਕਰੀਬਨ-ਤਕਰੀਬਨ ਹੋ ਚੁੱਕੀ ਹੁੰਦੀ ਹੈ, ਬੱਸ ਥੋੜ੍ਹੀ ਬਹੁਤ ਦੇਖਭਾਲ ਹੀ ਬਾਕੀ ਹੁੰਦੀ ਹੈ। ਲੋਹੜੀ ਸਰਦੀਆਂ ਦੇ ਅੰਤ ਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਫੁੱਲਿਤ ਹੋਣ ਦਾ ਸਮਾਂ ਹੁੰਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਂਟੀ ਡਰੱਗ ਕਲੱਬ ਦੁਆਬਾ ਦੇ ਚੇਅਰਮੈਨ ਗਗਨਦੀਪ ਸਿੰਘ, ਨਵਪ੍ਰੀਤ ਸਿੰਘ ਐੱਮਡੀ ਵਾਹਿਗੁਰੂ ਅਕੈਡਮੀ, ਗੁਰਪ੍ਰੀਤ ਸਿੰਘ ਸੋਨਾ ਨੇ ਲੋਹੜੀ ਦੀ ਵਧਾਈ ਦੇਣ ਮੌਕੇ ਕੀਤਾ। ਉਨ੍ਹਾਂ ਵਿਸਥਾਰ ਪੂਰਵਕ ਦੱਸਿਆ ਕਿ ਜਿਸ ਘਰ ਮੁੰਡਾ ਜੰਮਿਆ ਹੋਵੇ ਜਾਂ ਨਵ-ਵਿਆਹੀ ਵਹੁਟੀ ਆਈ ਹੋਵੇ, ਉਸ ਦੀ ਪਹਿਲੀ ਲੋਹੜੀ ਨੂੰ ਬੜੇ ਹੀ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਅਤੇ ਲੋਹੜੀ ਦੀ ਅੱਗ ਬਾਲੀ ਜਾਂਦੀ ਸੀ। ਲੋਹੜੀ ਦੇ ਤਿਉਹਾਰ ਦਾ ਸਬੰਧ ਭਾਵੇਂ ਮੂਲ ਰੂਪ ਵਿਚ ਮੌਸਮ ਨਾਲ ਜੁੜਿਆ ਹੈ, ਪਰ ਇਸ ਤਿਉਹਾਰ ਨਾਲ ਕਈ ਦੰਦ ਕਥਾਵਾਂ ਵੀ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਦੀ ਮਾਨਸਿਕਤਾ ਬਦਲ ਰਹੀ ਹੈ ਅਤੇ ਲੋਹੜੀ ਦਾ ਤਿਉਹਾਰ ਹੁਣ ਧੀਆਂ ਦੀ ਲੋਹੜੀ ਕਰਕੇ ਵੀ ਮਨਾਇਆ ਜਾਣ ਲੱਗਾ ਹੈ। ਧੀਆਂ ਹਰ ਖੇਤਰ ਵਿਚ ਮੱਲਾਂ ਮਾਰ ਰਹੀਆਂ ਹਨ ਤੇ ਤਰੱਕੀ ਦੀਆਂ ਮੰਜ਼ਿਲਾਂ ਨੂੰ ਛੂਹ ਰਹੀਆਂ ਹਨ, ਚਾਹੇ ਉਹ ਖੇਡਾਂ ਦਾ ਖੇਤਰ, ਚਾਹੇ ਪੜ੍ਹਾਈ ਦਾ ਖੇਤਰ, ਚਾਹੇ ਸੰਗੀਤ ਦਾ ਖੇਤਰ ਤੇ ਚਾਹੇ ਕੋਈ ਹੋਰ ਖੇਤਰ ਹੋਵੇ, ਹਰ ਖੇਤਰ ਵਿਚ ਧੀਆਂ ਨੇ ਮੱਲਾਂ ਮਾਰੀਆਂ ਹਨ। ਉਨ੍ਹਾਂ ਕਿਹਾ ਕਿ ਕੰਪਿਊਟਰੀਕਰਨ ਦੇ ਇਸ ਯੁੱਗ ਵਿਚ ਸਾਨੂੰ ਆਪਣੀ ਰੂੜੀਵਾਦੀ ਸੋਚ ਨੂੰ ਛੱਡਣਾ ਪਵੇਗਾ। ਅੱਜ ਦੇ ਜ਼ਮਾਨੇ ਵਿਚ ਧੀ-ਪੁੱਤ ਵਿਚ ਕੋਈ ਫ਼ਰਕ ਨਹੀਂ ਰੱਖਣਾ ਚਾਹੀਦਾ। ਭਰੂਣ ਹੱਤਿਆ ਵਰਗੇ ਬੱਜਰ ਗੁਨਾਹਾਂ ਤੋਂ ਤੌਬਾ ਕਰਨੀ ਹੋਵੇਗੀ ਤਾਂ ਹੀ ਲੋਹੜੀ ਵਰਗੇ ਤਿਉਹਾਰ ਮਨਾਉਣੇ ਸਭ ਲਈ ਸਾਰਥਕ ਹੋਣਗੇ। ਲੋਹੜੀ ਵਾਲੇ ਦਿਨ ਬੱਚੇ ਘਰਾਂ ਦੀਆਂ ਛੱਤਾਂ ਉੱਪਰ ਚੜ੍ਹ ਕੇ ਰੰਗ-ਬਿਰੰਗੀਆਂ ਪਤੰਗਾਂ ਵੀ ਉਡਾਉਂਦੇ ਹਨ ਤੇ ਭੰਗੜੇ ਪਾ ਕੇ ਖੁਸ਼ੀਆਂ ਮਨਾਉਂਦੇ ਹਨ। ਇਸ ਮੌਕੇ ਸਤਨਾਮ ਸਿੰਘ, ਰਣਜੋਧ ਸਿੰਘ, ਭੁਪਿੰਦਰ ਸਿੰਘ, ਇੰਦਰਜੀਤ ਸਿੰਘ, ਦੀਪ ਜੀ ਆਦਿ ਹਾਜ਼ਰ ਸਨ।