ਸਾਹਿਤਕ ਪਿੜ ਨਡਾਲਾ ਦੀ ਮਾਸਿਕ ਇਕੱਤਰਤਾ ਮਹਫ਼ਿਲ ’ਚ ਤਬਦੀਲ
ਸਾਹਿਤਕ ਪਿੜ ਨਡਾਲਾ ਦੀ ਮਾਸਿਕ ਇਕੱਤਰਤਾ ਰੰਗੀਨ ਸਾਹਿਤਕ ਮਹਫ਼ਿਲ ਵਿੱਚ ਤਬਦੀਲ
Publish Date: Sun, 16 Nov 2025 07:52 PM (IST)
Updated Date: Sun, 16 Nov 2025 07:53 PM (IST)

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਸਾਹਿਤਕ ਪਿੜ ਨਡਾਲਾ ਵੱਲੋਂ ਮਾਸਿਕ ਇਕੱਤਰਤਾ ਕਵੀ ਗੁਰਭਜਨ ਸਿੰਘ ਲਾਸਾਨੀ ਅਤੇ ਨਾਵਲਕਾਰ ਨਿਰਮਲ ਸਿੰਘ ਖੱਖ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ, ਜਿਸ ਵਿਚ ਇਲਾਕੇ ਦੇ ਕਈ ਪ੍ਰਸਿੱਧ ਕਵੀ, ਲੇਖਕ ਅਤੇ ਰਚਨਾਕਾਰਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦਾ ਸੂਤਰਧਾਰ ਕਹਾਣੀਕਾਰ ਡਾ. ਕਰਮਜੀਤ ਸਿੰਘ ਨਡਾਲਾ ਸੀ, ਜਿਸ ਨੇ ਸਾਹਿਤਕ ਗਤੀਵਿਧੀਆਂ ਦੇ ਮਹੱਤਵ ’ਤੇ ਵਿਸਥਾਰਪੂਰਵਕ ਰੋਸ਼ਨੀ ਪਾਈ। ਇਕੱਤਰਤਾ ਦੌਰਾਨ ਸਾਹਿਤ ਪੜ੍ਹਨ-ਲਿਖਣ ਦੇ ਮਕਸਦ ਤੇ ਖੁੱਲ੍ਹੀ ਗੱਲਬਾਤ ਹੋਈ ਅਤੇ ਨਵੀਆਂ-ਤਾਜ਼ੀਆਂ ਰਚਨਾਵਾਂ ਦੀ ਪੇਸ਼ਕਾਰੀ ਨੇ ਸਭ ਦਾ ਮਨ ਮੋਹ ਲਿਆ। ਕਵੀ ਤੇ ਅਲੋਚਕ ਡਾ. ਮੱਖਣ ਸਿੰਘ ਨੇ ਆਪਣੀ ਪ੍ਰਭਾਵਸ਼ਾਲੀ ਰਚਨਾ ਨਾਲ ਦਰਸ਼ਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਕਸ਼ਮੀਰ ਸਿੰਘ ਭੁਲੱਥ, ਰੂਪ ਲਾਲ ਅਤੇ ਸੋਢੀ ਸੱਤੋਵਾਲ ਨੇ ਵੀ ਆਪਣੀਆਂ ਰਚਨਾਵਾਂ ਨਾਲ ਵਾਹ-ਵਾਹ ਖੱਟੀ। ਨਾਨਕ ਚੰਦ ਵਿਰਲੀ, ਰਤਨ ਸਿੰਘ ਸੰਧੂ, ਬਲਦੇਵ ਸਿੰਘ ਅਤੇ ਸੁਖਦੇਵ ਸਿੰਘ ਗੰਢਵਾਂ ਨੇ ਆਪਣੀਆਂ ਸੁਰੀਲੀਆਂ ਪੇਸ਼ਕਾਰੀਆਂ ਨਾਲ ਸਮਾਗਮ ਦੀ ਰੌਣਕ ਵਧਾਈ। ਪ੍ਰਸਿੱਧ ਵਿਦਵਾਨ ਗੁਰਭਜਨ ਸਿੰਘ ਲਾਸਾਨੀ ਨੇ ਆਪਣੀ ਡੂੰਘੀ ਵਿਚਾਰਧਾਰਾ ਨਾਲ ਭਰਪੂਰ ਰਚਨਾ ਸੁਣਾ ਕੇ ਸਭ ਨੂੰ ਮੰਤਰਮੁਗਧ ਕਰ ਦਿੱਤਾ। ਕਹਾਣੀਕਾਰ ਡਾ. ਕਰਮਜੀਤ ਸਿੰਘ ਨਡਾਲਾ ਨੇ ਦੋ ਕਹਾਣੀਆਂ ਸੁਣਾਈਆਂ ਅਤੇ ਜਾਣਕਾਰੀ ਦਿੱਤੀ ਕਿ ਦਸੰਬਰ ਮਹੀਨੇ ਦੇ ਦੂਜੇ ਸ਼ਨੀਵਾਰ ਨੂੰ ਉਨ੍ਹਾਂ ਦੇ ਨਵੇਂ ਕਹਾਣੀ ਸੰਗ੍ਰਹਿ ‘ਗਲੇਸ਼ੀਅਰ ਪਿਘਲ ਗਿਆ’ ਦੀ ਰਿਲੀਜ਼ ਅਤੇ ਵਿਚਾਰ ਗੋਸ਼ਟੀ ਆਯੋਜਿਤ ਕੀਤੀ ਜਾਵੇਗੀ। ਅੰਤ ਵਿਚ ਪ੍ਰਧਾਨ ਨਿਰਮਲ ਸਿੰਘ ਖੱਖ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਨਵੀਂ ਕਵਿਤਾ ਦੀ ਸੁਹਾਵਣੀ ਪੇਸ਼ਕਾਰੀ ਕੀਤੀ, ਜਿਸ ਨਾਲ ਸਾਹਿਤਕ ਇਕੱਤਰਤਾ ਦੀ ਇਕ ਯਾਦਗਾਰ ਸਮਾਪਤੀ ਹੋਈ। ਕੈਪਸ਼ਨ : 16ਕੇਪੀਟੀ21