ਪੰਜਾਬੀ ਮਾਹ ਨੂੰ ਸਮਰਪਿਤ ਸਾਹਿਤਿਕ ਅਤੇ ਸੱਭਿਆਚਾਰਕ ਸਮਾਗਮ ਕਰਵਾਇਆ

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਵੱਲੋਂ ਪੰਜਾਬੀ ਮਾਹ ਨੂੰ ਸਮਰਪਿਤ ਸਾਹਿਤਿਕ ਅਤੇ ਸੱਭਿਆਚਾਰਕ ਸਮਾਗਮ ਬ੍ਰਿਟਿਸ਼ ਵਿਕਟੋਰੀਆ ਸਕੂਲ, ਸੁਲਤਾਨਪੁਰ ਲੋਧੀ ਕਪੂਰਥਲਾ ਦੇ ਵਿਹੜੇ ’ਚ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸੁਰਿੰਦਰ ਸੁੰਨੜ (ਸੰਚਾਲਕ ਆਪਣੀ ਆਵਾਜ਼) ਵੱਲੋਂ ਕੀਤੀ ਗਈ। ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼੍ਰੋਮਣੀ ਪੰਜਾਬੀ ਕਵੀ ਦਰਸ਼ਨ ਸਿੰਘ ਬੁੱਟਰ (ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ) ਅਤੇ ਬਤੌਰ ਵਿਸ਼ੇਸ਼ ਮਹਿਮਾਨ ਉੱਘੇ ਕਵੀ ਡਾ. ਅਮਰਜੀਤ ਕੌਂਕੇ (ਅਨੁਵਾਦਕ ਅਤੇ ਸੰਪਾਦਨ "ਪ੍ਰਤਿਮਾਨ") ਸ਼ਾਮਲ ਹੋਏ। ਇਸ ਸਮਾਗਮ ਮੌਕੇ ਡਾ. ਕੁਲਦੀਪ ਚੌਹਾਨ ਵੱਲੋਂ ਅਜੋਕੇ ਦੌਰ ਵਿਚ ਪੰਜਾਬੀ ਭਾਸ਼ਾ ਦੀਆਂ ਚੁਣੌਤੀਆਂ ਅਤੇ ਸੰਭਾਵਨਾਵਾਂ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਦਿੱਤਾ ਗਿਆ, ਜਿਸ ਵਿਚ ਉਨ੍ਹਾਂ ਵੱਲੋਂ ਪੰਜਾਬੀ ਭਾਸ਼ਾ ਵਿਚ ਸ਼ਾਮਲ ਹੋਰ ਭਾਸ਼ਾਵਾਂ ਬਾਰੇ ਬਹੁਤ ਮਹੱਵਪੂਰਨ ਜਾਣਕਾਰੀ ਦਿੱਤੀ ਗਈ।
ਪ੍ਰਧਾਨ ਸੁਰਿੰਦਰ ਸੁੰਨੜ ਵੱਲੋਂ ਪੰਜਾਬੀ ਸਾਹਿਤ ਅਤੇ ਕਲਾ ਦੇ ਪਸਾਰ ਅਤੇ ਪ੍ਰਚਾਰ ਬਾਰੇ ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ ਗਈ। ਡਾ. ਅਮਰਜੀਤ ਕੌਂਕੇ ਵੱਲੋਂ ਦੱਸਿਆ ਗਿਆ ਕਿ ਨਵੀਂ ਪੀੜ੍ਹੀ ਨੂੰ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਅਜਿਹੇ ਸਮਾਗਮਾਂ ਦੇ ਮਾਧਿਅਮ ਰਾਹੀਂ ਜੋੜ ਕੇ ਰੱਖਣਾ ਬਹੁਤ ਅਹਿਮ ਕਦਮ ਹੈ। ਦਰਸ਼ਨ ਸਿੰਘ ਬੁੱਟਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਪੜ੍ਹਾਈ ਦੇ ਨਾਲ ਹਮੇਸ਼ਾਂ ਕਿਸੇ ਸਾਹਿਤ, ਕਲਾ ਜਾਂ ਸੱਭਿਆਚਾਰਕ ਗਤੀਵਿਧੀ ਨਾਲ ਜੁੜੇ ਰਹਿਣਾ ਚਾਹੀਦਾ, ਇਹ ਤੁਹਾਡੀ ਜ਼ਿੰਦਗੀ ਵਿਚ ਰੰਗ ਭਰ ਕੇ ਰੱਖੇਗਾ। ਇਸ ਸਮਾਗਮ ਦੇ ਪਹਿਲੇ ਭਾਗ ਦੌਰਾਨ ਵਿਦਿਆਰਥੀਆਂ ਦੇ ਪੇਂਟਿੰਗ, ਸਲੋਗਨ ਅਤੇ ਲੇਖ ਲੇਖਣ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵਰਗ ਓ (ਛੇਵੀਂ ਤੋਂ ਅੱਠਵੀਂ) ਅਤੇ ਵਰਗ ਅ (ਨੌਵੀਂ ਤੋਂ ਬਾਰਵੀਂ) ਜਮਾਤ ਦੇ ਵਿਦਿਆਰਥੀਆਂ ਵਿਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਕੁੱਲ 18 ਵਿਦਿਆਰਥੀਆਂ ਨੂੰ ਇਨਾਮ ਵਜੋਂ ਸਰਟੀਫ਼ਿਕੇਟ ਅਤੇ ਪੁਸਤਕਾਂ ਭੇਟ ਕੀਤੀਆਂ ਗਈਆਂ। ਇਸ ਸਮਾਗਮ ਵਿਚ ਜੇਤੂ ਵਿਦਿਆਰਥੀਆਂ ਵਿਚ ਸਭ ਤੋਂ ਵੱਧ ਇਨਾਮ ਐੱਮਜੀਐੱਨ ਪਬਲਿਕ ਸਕੂਲ ਕਪੂਰਥਲਾ, ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਸੁਲਤਾਨਪੁਰ ਲੋਧੀ, ਕ੍ਰਾਈਸਟ ਜੋਤੀ ਸਕੂਲ ਸੁਲਤਾਨਪੁਰ ਲੋਧੀ, ਦਿ ਹਾਕ ਵਰਲਡ ਸਕੂਲ ਤਲਵੰਡੀ ਚੌਧਰੀਆਂ, ਬ੍ਰਿਟਿਸ਼ ਵਿਕਟੋਰੀਆ ਸਕੂਲ ਸੁਲਤਾਨਪੁਰ ਲੋਧੀ ਅਤੇ ਬਾਬਾ ਦਰਬਾਰਾ ਸਿੰਘ ਕਾਲਜੀਏਟ ਸਕੂਲ ਟਿੱਬਾ ਨੇ ਹਾਸਲ ਕੀਤੇ।
ਸਮਾਗਮ ਦੇ ਦੂਜੇ ਪੜਾਅ ਸੱਭਿਆਚਾਰਕ ਪ੍ਰੋਗਰਾਮ ਵਿਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਲੋਕ ਗੀਤ, ਲੋਕ ਨਾਚ, ਮਿਰਜ਼ਾ, ਗਿੱਧਾ ਅਤੇ ਭੰਗੜਾ ਦੀ ਖੂਬਸੂਰਤ ਪੇਸ਼ਕਾਰੀ ਕੀਤੀ।
ਇਸ ਸਮਾਗਮ ਮੌਕੇ ਅੰਤਰਰਾਸ਼ਟਰੀ ਪੱਧਰ ਤੇ ਪੇਸ਼ਕਾਰੀ ਕਰਨ ਵਾਲੇ ਢਾਡੀ ਜੱਥਾ ਗੁਰਜੀਤ ਸਿੰਘ ਗੌਰੀ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਬਦ ਨਾਲ ਸ਼ੁਰੂਆਤ ਕੀਤੀ ਅਤੇ ਪੰਜਾਬੀ ਬੋਲੀ ਅਤੇ ਰੋਜ਼ਾਨਾ ਰਿਸ਼ਤਿਆਂ ਦੀ ਵਿਆਖਿਆ ਕਰਦੀਆਂ ਨਜ਼ਮਾਂ ਨਾਲ ਖ਼ੂਬ ਸਮਾਂ ਬੰਨਿਆ। ਬ੍ਰਿਟਿਸ਼ ਵਿਕਟੋਰੀਆ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਅਰਸ਼ਦੀਪ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ, ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਨੁਮਾਇੰਦਿਆਂ ਦਾ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਇਸ ਸਮਾਗਮ ਵਿਚ ਮੁਕਾਬਲੇ ਦੇ ਜੱਜਾਂ ਦੀ ਭੂਮਿਕਾ ਡਾ. ਕੁਲਦੀਪ ਚੌਹਾਨ, ਅਰਜੁਨਜੀਤ ਸਿੰਘ, ਮੁਨੱਜ਼ਾ ਇਰਸ਼ਾਦ, ਹਰਜਿੰਦਰ ਸਿੰਘ ਖਾਨੋਵਾਲ ਅਤੇ ਹਰਜਿੰਦਰ ਸਿੰਘ ਵੱਲੋਂ ਨਿਭਾਈ ਗਈ। ਸਮਾਗਮ ਵਿਚ ਬਤੌਰ ਸਟੇਜ ਸੰਚਾਲਕ ਦੀ ਭੂਮਿਕਾ ਸ਼ਹਿਬਾਜ਼ ਖ਼ਾਨ ਵੱਲੋਂ ਬਾਖੂਬੀ ਨਿਭਾਈ ਗਈ। ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਸਟਾਫ਼ ਮਨੀਸ਼ ਕੁਮਾਰ ਅਤੇ ਸਲਮਾਨ ਵੱਲੋਂ ਸਮਾਗਮ ਦਾ ਪ੍ਰਬੰਧ ਬਹੁਤ ਵਧੀਆ ਢੰਗ ਨਾਲ ਕੀਤਾ ਗਿਆ। ਬ੍ਰਿਟਿਸ਼ ਵਿਕਟੋਰੀਆ ਸਕੂਲ ਸੁਲਤਾਨਪੁਰ ਲੋਧੀ ਦੇ ਕਰਮਚਾਰੀਆਂ ਵੱਲੋਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਗਈ।