ਪੰਜਾਬ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਬਹੁਤ ਮਾੜੀ : ਰਾਜੇਸ਼
ਪੰਜਾਬ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਬਹੁਤ ਮਾੜੀ ਹੈ : ਰਾਜੇਸ਼ ਵਰਮਾ
Publish Date: Fri, 23 Jan 2026 07:26 PM (IST)
Updated Date: Fri, 23 Jan 2026 07:27 PM (IST)
ਫਗਵਾੜਾ : ਸ਼ਿਵ ਸੈਨਾ ਅਖੰਡ ਭਾਰਤ ਦੇ ਨਵ-ਨਿਯੁਕਤ ਚੇਅਰਮੈਨ ਰਾਜੇਸ਼ ਵਰਮਾ ਨੇ ਆਪਣੀ ਨਿਯੁਕਤੀ ਲਈ ਰਾਸ਼ਟਰੀ ਪ੍ਰਧਾਨ ਅਜੇ ਮਹਿਤਾ ਦਾ ਧੰਨਵਾਦ ਕੀਤਾ। ਉਨ੍ਹਾਂ ਮਹਿਤਾ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਲਗਨ ਨਾਲ ਨਿਭਾਉਣਗੇ ਤੇ ਜਲਦੀ ਹੀ ਫਗਵਾੜਾ ਸ਼ਹਿਰ ਦੇ ਵਾਰਡਾਂ ਤੇ ਪਿੰਡਾਂ ਵਿਚ ਸ਼ਿਵ ਸੈਨਾ ਅਖੰਡ ਭਾਰਤ ਦੇ ਅਹੁਦੇਦਾਰਾਂ ਦੀ ਨਿਯੁਕਤੀ ਕਰਨਗੇ। ਉਨ੍ਹਾਂ ਲੋਕਾਂ ਨੂੰ ਸ਼ਿਵ ਸੈਨਾ ਨਾਲ ਜੋੜਨ ਲਈ ਇਕ ਨਵੀਂ ਮੈਂਬਰਸ਼ਿਪ ਮੁਹਿੰਮ ਵੀ ਸ਼ੁਰੂ ਕਰਨ ਦਾ ਐਲਾਨ ਕੀਤਾ।
ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਸ਼ਿਵ ਸੈਨਾ ਅਖੰਡ ਭਾਰਤ ਦੇ ਸਾਰੇ ਸ਼ਿਵ ਸੈਨਿਕ ਸੰਗਠਨ ਦੇ ਨਾਮ ਅਨੁਸਾਰ ਕੰਮ ਕਰਦੇ ਰਹਿਣਗੇ ਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਰਹਿਣਗੇ। ਉਨ੍ਹਾਂ ਦੇਸ਼ ਦੇ ਨੌਜਵਾਨਾਂ ਨੂੰ ਸ਼ਿਵ ਸੈਨਾ ਅਖੰਡ ਭਾਰਤ ਦੇ ਮੈਂਬਰ ਬਣਨ ਦੀ ਅਪੀਲ ਕੀਤੀ ਤਾਂ ਜੋ ਉਹ ਦੇਸ਼ ਦੀ ਸੇਵਾ ਵਿਚ ਯੋਗਦਾਨ ਪਾ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਇਸ ਸਮੇਂ ਬਹੁਤ ਮਾੜੀ ਹੈ, ਹਰ ਪਾਸੇ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਗੈਂਗਸਟਰਵਾਦ ਵਧ ਰਿਹਾ ਹੈ ਤੇ ਸਕੂਲਾਂ, ਅਦਾਲਤਾਂ ਤੇ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਆਮ ਹੋ ਗਈਆਂ ਹਨ, ਫਿਰ ਵੀ ਪੰਜਾਬ ਪੁਲਿਸ ਅਜੇ ਤੱਕ ਇਕ ਵੀ ਵਿਅਕਤੀ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਾਈਬਰ ਪੁਲਿਸ ਹੁਣ ਤੱਕ ਧਮਕੀਆਂ ਦੇਣ ਵਾਲਿਆਂ ਦਾ ਪਤਾ ਲਗਾਉਣ ਵਿਚ ਅਸਫਲ ਰਹੀ ਹੈ, ਜੋ ਕਿ ਪੰਜਾਬ ਵਰਗੇ ਸਰਹੱਦੀ ਰਾਜ ਲਈ ਚਿੰਤਾਜਨਕ ਗੱਲ ਹੈ।