ਲੋਹੜੀ ’ਤੇ ਖੂਬ ਹੋਈ ਪਤੰਗਬਾਜ਼ੀ, ਨੌਜਵਾਨਾਂ ਅਤੇ ਬੱਚਿਆਂ ਨੇ ਵਿਖਾਏ ਜੌਹਰ
ਲੋਹੜੀ ’ਤੇ ਖੂਬ ਹੋਈ ਪਤੰਗਬਾਜ਼ਾਂ, ਨੌਜਵਾਨਾਂ ਅਤੇ ਬੱਚਿਆਂ ਨੇ ਵਿਖਾਏ ਜੌਹਰ
Publish Date: Tue, 13 Jan 2026 08:47 PM (IST)
Updated Date: Tue, 13 Jan 2026 08:48 PM (IST)
--ਸਾਰਾ ਦਿਨ ਕੋਠਿਆਂ ’ਤੇ ਚੜ੍ਹ ਕੇ ਉਡਾਉਂਦੇ ਰਹੇ ਪਤੰਗ
--ਠੰਢ ਦੇ ਬਾਵਜੂਦ ਆਸਮਾਨ ਪਤੰਗਾਂ ਨਾਲ ਭਰਿਆ ਰਿਹਾ
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਕਪੂਰਥਲਾ ਦੇ ਆਸਮਾਨ ਵਿਚ ਮੰਗਲਵਾਰ ਨੂੰ ਵੱਡੀ ਗਿਣਤੀ ’ਚ ਪਤੰਗਬਾਜ਼ੀ ਹੋਈ ਤੇ ਲੋਹੜੀ ਦੇ ਤਿਉਹਾਰ ’ਤੇ ਪਤੰਗਬਾਜ਼ੀ ਦਾ ਸ਼ੌਂਕ ਕਪੂਰਥਲਾ ਵਾਸੀਆਂ ਦੇ ਸਿਰ ਚੜ੍ਹ ਕੇ ਬੋਲਿਆ। ਭਾਵੇਂ ਕਿ ਸਵੇਰ ਸਮੇਂ ਕਾਫੀ ਸੰਘਣੀ ਧੁੰਦ ਛਾਈ ਰਹੀ ਪਰ ਫਿਰ 12 ਵਜੇ ਤੋਂ ਬਾਅਦ ਮੌਸਮ ਕੁਝ ਸਾਫ਼ ਹੋਇਆ ਅਤੇ ਬੱਚੇ ਅਤੇ ਨੌਜਵਾਨ ਆਪਣੇ ਘਰਾਂ ਦੀਆਂ ਛੱਤਾਂ ’ਤੇ ਪਹੁੰਚ ਗਏ ਅਤੇ ਸਵੇਰ ਤੋਂ ਸ਼ਾਮ ਤੱਕ ਹਵਾਵਾਂ ’ਚ ਪਤੰਗ ਤੇ ਡੋਰ ਵਿਚ ਜੰਗ ਛਿੜੀ ਰਹੀ ਤੇ ਅਸਮਾਨ ’ਚ ਵੱਡੀ ਪੱਧਰ ’ਤੇ ਪਤੰਗ ਛਾਏ ਰਹੇ। ਮੌਸਮ ਦਾ ਮਿਜਾਜ਼ ਸਹੀ ਨਾ ਹੋਣ ਦੇ ਬਾਵਜੂਦ ਵੀ ਭਾਰੀ ਪਤੰਗਬਾਜ਼ੀ ਹੋਈ ਤੇ ਅਸਮਾਨ ਵਿਚ ਉਡਦੀਆਂ ਪਤੰਗਾਂ ਪੰਛੀਆਂ ਵਾਂਗ ਦਿਖਾਈ ਦੇ ਰਹੀਆਂ ਸਨ। ਬੱਚਿਆਂ ਨੂੰ ਛੋਟਾ ਭੀਮ ਅਤੇ ਮਿਕੀ ਮਾਊਸ ਨੇ ਦੀਵਾਨਾ ਬਣਾਇਆ। ਨੌਜਵਾਨ ਲੜਕੇ ਅਤੇ ਲੜਕੀਆਂ ਨੇ ਆਪਣੇ ਪਰਿਵਾਰਾਂ ਸਮੇਤ ਪਤੰਗਬਾਜ਼ੀ ਦਾ ਲੁਤਫ਼ ਮਾਣਿਆ ਤੇ ਪਤੰਗਬਾਜ਼ੀ ਦੇ ਨਾਲ-ਨਾਲ ਨੌਜਵਾਨ ਕੋਠਿਆਂ ’ਤੇ ਚੜ੍ਹ ਕੇ ਡੀਜੇ ’ਤੇ ਭੰਗੜੇ ਪਾਉਂਦੇ ਵੀ ਨਜ਼ਰ ਆਏ। ਪਤੰਗਬਾਜ਼ੀ ਦਾ ਕਾਰੋਬਾਰ ਕਰਨ ਵਾਲਿਆਂ ਦੀ ਵੀ ਚਾਂਦੀ ਲੱਗੀ ਰਹੀ। ਆਈ-ਬੋ-ਆਈ-ਬੋ, ਬੋ ਕਾਟਾ ਦੀ ਗੂੰਜ ਨਾਲ ਵਿਰਾਸਤੀ ਸ਼ਹਿਰ ਪੂਰਾ ਦਿਨ ਗੁੰਜਦਾ ਰਿਹਾ। ਪੰਜਾਬੀ ਅਤੇ ਹਿੰਦੀ ਗੀਤਾਂ ਨਾਲ ਥਿਰਕਦੇ ਨੌਜਵਾਨਾਂ ਨੇ ਪਤੰਗਬਾਜ਼ੀ ਦਾ ਖੂਬ ਆਨੰਦ ਮਾਣਿਆ। ਨੌਜਵਾਨਾਂ ਦੀ ਖੁਸ਼ੀ ਵਿਚ ਹਵਾ ਦੇ ਝੌਕੇ ਵਿਚ ਮੌਸਮ ਵੀ ਖੁਸ਼ਗਵਾਰ ਰਿਹਾ। ਪਤੰਗਾਂ ਦਾ ਬਾਜ਼ਾਰ ਵੀ ਗੁਲਜ਼ਾਰ ਹੋ ਗਿਆ। ਡਰੈਗਨ ਡੋਰ ਵੀ ਵਿਕੀ ਪਰ ਇੰਡੀਅਨ ਡੋਰ ਦੀ ਡਿਮਾਂਡ ਅਤੇ ਵਰਤੋਂ ਇਸ ਵਾਰ ਜ਼ਿਆਦਾ ਰਹੀ। ਬਰੇਲੀ ਤੋਂ ਤਿਆਰ ਹੋਈ ਡੋਰ ਨੂੰ ਇਸ ਵਾਰ ਨੌਜਵਾਨਾਂ ਨੇ ਜ਼ਿਆਦਾ ਪਸੰਦ ਕੀਤਾ ਜਿਸ ਵਿਚ 12 ਧਾਰੀਆਂ ਸਨ। ਪੰਜਾਬ ਵਿਚ ਤਿਆਰ ਕੀਤੀ ਜਾਂਦੀ ਇੰਡੀਅਨ ਡੋਰ ਲੋਕਾਂ ਦੇ ਹੱਥਾਂ ਵਿਚ ਸੀ। ਇਹ 300 ਤੋਂ 1500 ਰੁਪਏ ਤੱਕ ਵਿਕੀ।