ਸਾਂਝਾ ਅਧਿਆਪਕ ਮੋਰਚਾ ਮੋਗਾ ਰੈਲੀ ’ਚ ਕਰੇਗਾ ਭਰਵੀਂ ਸ਼ਮੂਲੀਅਤ
ਸਾਂਝੇ ਅਧਿਆਪਕ ਮੋਰਚੇ ਵਲੋਂ ਮੋਗਾ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਦਾ ਫੈਸਲਾ
Publish Date: Sat, 17 Jan 2026 08:09 PM (IST)
Updated Date: Sat, 17 Jan 2026 08:09 PM (IST)

ਫਗਵਾੜਾ : ਸਾਂਝਾ ਅਧਿਆਪਕ ਮੋਰਚਾ ਦੀ ਵਿਸੇਸ਼ ਮੀਟਿੰਗ ਸੁਰਿੰਦਰ ਕੁਮਾਰ ਪੁਆਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸਮੇਂ ਡਿਊਟੀ ਦੌਰਾਨ ਹਾਦਸੇ ਵਿਚ ਜਾਨ ਗੁਆਉਣ ਵਾਲੇ ਅਧਿਆਪਕ ਜੋੜੇ ਨੂੰ ਇਨਸਾਫ਼ ਦੁਆਉਣ ਲਈ ਬਣੀ ਅਧਿਆਪਕ ਇਨਸਾਫ਼ ਕਮੇਟੀ ਦੇ ਸੱਦੇ 'ਤੇ 18 ਜਨਵਰੀ ਦੇ ਮੋਗਾ ਰੋਸ ਪ੍ਰਦਰਸ਼ਨ ਵਿਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਅਧਿਆਪਕ ਆਗੂ ਸਤਨਾਮ ਸਿੰਘ ਰੰਧਾਵਾ ਨੇ ਦੱਸਿਆ ਕਿ ਮੀਟਿੰਗ ਵਿਚ ਸੁਖਵਿੰਦਰ ਸਿੰਘ ਚਾਹਲ, ਗੁਰਿੰਦਰ ਸਿੰਘ ਸਿੱਧੂ, ਸੁਰਿੰਦਰ ਕੰਬੋਜ, ਲਛਮਣ ਸਿੰਘ ਨਬੀਪੁਰ, ਸੁਖਜਿੰਦਰ ਸਿੰਘ ਹਰੀਕਾ, ਤਜਿੰਦਰ ਸਿੰਘ ਸਾਹ, ਬਾਜ ਸਿੰਘ ਖਹਿਰਾ, ਗੁਰਬਿੰਦਰ ਸਿੰਘ ਸਸਕੌਰ, ਹਰਿੰਦਰਜੀਤ ਸਿੰਘ, ਹਰਵਿੰਦਰ ਸਿੰਘ ਬਿਲਗਾ, ਜਿੰਦਰ ਪਾਇਲਟ, ਸੋਮ ਸਿੰਘ, ਹਰਬਖਸ਼ ਸਿੰਘ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਚੋਣਾਂ ਦੌਰਾਨ ਜਾਨਾਂ ਗੁਅਉਣ ਵਾਲੇ ਅਧਿਆਪਕਾਂ ਦੇ ਪਰਿਵਾਰਾਂ ਦੀ ਸਾਰ ਲਈ ਜਾਵੇ। ਆਗੂਆਂ ਨੇ ਗੰਭੀਰਤਾ ਰਹਿਤ ਪ੍ਰਸਾਸ਼ਨ ਅਤੇ ਸਰਕਾਰ ਵੱਲੋਂ ਵਾਰਸਾਂ ਨੂੰ ਨਿਗੁਣੇ ਮੁਆਵਜ਼ੇ ਦਾ ਐਲਾਨ ਕਰਨ ਦੀ ਨਿਖੇਧੀ ਕਰਦਿਆਂ 2-2 ਕਰੋੜ ਰੁਪਏ ਮੁਆਵਜ਼ਾ ਦੇਣ, ਬੱਚਿਆਂ ਦੀ ਮੁਫਤ ਪੜ੍ਹਾਈ ਕਰਵਾਉਣ, ਪੜ੍ਹਾਈ ਪੂਰੀ ਕਰਨ ਉਪਰੰਤ ਸਰਕਾਰੀ ਨੌਕਰੀ ਰਾਖਵੀਂ ਕਰਨ, ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਲੈਣੇ ਬੰਦ ਕਰਨ, ਚੋਣਾਂ ਡਿਊਟੀ ਬਲਾਕ ਅੰਦਰ ਹੀ ਲਗਾਉਣ ਆਦਿ ਮੰਗਾਂ ਮੰਨਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ।