ਜ਼ਿਲ੍ਹਾ ਪ੍ਰੀਸ਼ਦ ’ਚ ਆਜ਼ਾਦ ਉਮੀਦਵਾਰਾਂ ਜਿੱਤ ਦੇ ਝੰਡੇ ਗੱਡੇ
ਜਿਲਾ ਪ੍ਰੀਸ਼ਦ ਦੇ ਜਸਵਿੰਦਰ ਕੌਰ ਤੇ ਅਮਰਜੀਤ ਸਿੰਘ ਖਿੰਡਾ ਨੇ ਆਜ਼ਾਦ ਉਮੀਦਵਾਰ ਵਜੋਂ ਜਿੱਤ ਦਰਜ ਕਰਵਾਈ
Publish Date: Thu, 18 Dec 2025 07:45 PM (IST)
Updated Date: Thu, 18 Dec 2025 07:48 PM (IST)

ਬਲਾਕ ਸੁਲਤਾਨਪੁਰ ਲੋਧੀ ਦੇ ਜ਼ੋਨ ਟਿੱਬਾ ਤੋਂ ਜਸਵਿੰਦਰ ਕੌਰ ਤੇ ਭਰੋਆਣਾ ਤੋਂ ਅਮਰਜੀਤ ਸਿੰਘ ਖਿੰਡਾ ਜਿੱਤੇ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : 14 ਦਸੰਬਰ ਨੂੰ ਬਲਾਕ ਸੁਲਤਾਨਪੁਰ ਲੋਧੀ ’ਚ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੌਰਾਨ ਪਈਆਂ ਵੋਟਾਂ ਦੀ ਗਿਣਤੀ ਸੁਲਤਾਨਪੁਰ ਲੋਧੀ ਵਿਖੇ ਬੀਡੀਪੀਓ ਦਫ਼ਤਰ ਵਿਖੇ ਹੋਈ ਜਿਸ ਦੌਰਾਨ ਜ਼ੋਨ ਟਿੱਬਾ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਉਮੀਦਵਾਰ ਜਸਵਿੰਦਰ ਕੌਰ ਪਤਨੀ ਨੰਬਰਦਾਰ ਜੋਗਾ ਸਿੰਘ ਨੇ ਆਪਣੇ ਵਿਰੋਧੀ ਉਮੀਦਵਾਰ ਆਮ ਆਦਮੀ ਪਾਰਟੀ ਦੀ ਗੁਰਵਿੰਦਰ ਕੌਰ ਨੂੰ 388 ਵੋਟਾਂ ਨਾਲ ਹਰਾ ਕੇ ਜਿੱਤ ਦਰਜ ਕਰਵਾਈ। ਇਸੇ ਤਰ੍ਹਾਂ ਜ਼ੋਨ ਭਰੋਆਣਾ ਤੋਂ ਆਜ਼ਾਦ ਉਮੀਦਵਾਰ ਅਮਰਜੀਤ ਸਿੰਘ ਖਿੰਡਾ ਨੇ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਦੇ ਨਰਿੰਦਰ ਸਿੰਘ ਖਿੰਡਾ ਨੂੰ 73 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਜ਼ਿਕਰਯੋਗ ਹੈ ਕਿ ਬਲਾਕ ਸੁਲਤਾਨਪੁਰ ਲੋਧੀ ਦੇ ਜ਼ੋਨ ਟਿੱਬਾ ਤੇ ਭਰੋਆਣਾ ਤੋਂ ਜਿੱਤੇ ਦੋਵੇਂ ਉਮੀਦਵਾਰ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੇ ਆਜ਼ਾਦ ਧੜੇ ਨਾਲ ਸਬੰਧਤ ਹਨ। ਇਸ ਮੌਕੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਜੇਤੂ ਆਜ਼ਾਦ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕਰਦਿਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਵਿਚ ਵੱਡੀ ਪੱਧਰ ’ਤੇ ਜਿੱਤ ਦਿਵਾਉਣ ਲਈ ਸਮੁੱਚੇ ਹਲਕੇ ਦੇ ਵੋਟਰਾਂ ਤੇ ਸਪੋਰਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।