ਸਾਬਕਾ ਸੈਨਿਕਾਂ ਤੇ ਆਸ਼ਰਿਤਾਂ ਦੀਆਂ ਮੁਸ਼ਕਿਲਾਂ ਤੁਰੰਤ ਹੱਲ ਕੀਤੀਆਂ ਜਾਣ : ਡੀਸੀ
ਸਾਬਕਾ ਸੈਨਿਕਾਂ ਤੇ ਆਸ਼ਰਿਤਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ਤੇ ਹੱਲ ਕਰਨ ਦੇ ਨਿਰਦੇਸ਼
Publish Date: Thu, 22 Jan 2026 07:51 PM (IST)
Updated Date: Thu, 22 Jan 2026 07:54 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਜ਼ਿਲ੍ਹਾ ਸੈਨਿਕ ਬੋਰਡ ਕਪੂਰਥਲਾ ਦੀ ਤਿਮਾਹੀ ਮੀਟਿੰਗ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਹੋਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੇਵਾ ਕਰ ਰਹੇ ਸੈਨਿਕਾਂ/ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਝੰਡਾ ਦਿਵਸ ਫੰਡ ਲਈ ਜਿਨ੍ਹਾਂ ਵਿਭਾਗਾਂ/ਵਿਦਿਅਕ ਅਦਾਰਿਆਂ ਵੱਲੋਂ ਅਜੇ ਤੱਕ ਆਪਣੀ ਬਣਦੀ ਰਾਸ਼ੀ ਜਮ੍ਹਾਂ ਨਹੀਂ ਕਰਵਾਈ ਗਈ ਹੈ, ਨੂੰ ਆਪਣੀ ਬਣਦੀ ਰਾਸ਼ੀ ਜਲਦੀ ਤੋਂ ਜਲਦੀ ਜਮ੍ਹਾਂ ਕਰਵਾਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਾਬਕਾ ਸੈਨਿਕਾਂ ਦੀ ਭਲਾਈ ਲਈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਉਲੀਕੀਆਂ ਗਈਆਂ ਭਲਾਈ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਕੇ ਉਨ੍ਹਾਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਰਤੀ ਫੌਜ ਤੇ ਹੋਰਨਾਂ ਹਥਿਆਰਬੰਦ ਸੈਨਾਵਾਂ ਵਿਚ ਭਰਤੀ ਹੋਣ ਦੇ ਚਾਹਵਾਨ ਉਮੀਦਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਸੀ-ਪਾਈਟ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ ਜਾਵੇ। ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਕਪੂਰਥਲਾ ਲੈਫਟੀਨੈਂਟ ਕਰਨਲ ਸਰਬਜੀਤ ਸਿੰਘ ਸੈਣੀ ਨੇ ਝੰਡਾ ਦਿਵਸ ਫੰਡ ਦੀ ਰਾਸ਼ੀ ਇੱਕਤਰ ਕਰਨ, ਸੇਵਾ ਕਰ ਰਹੇ ਸੈਨਿਕਾਂ, ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਪਾਸੋਂ ਦਰਖਾਸਤਾਂ ਜਾਂ ਸ਼ਿਕਾਇਤਾਂ ਨੂੰ ਹੱਲ ਕਰਨ, ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਦੇਣ, ਸੈਨਿਕਾਂ/ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਵਿਧਵਾਵਾਂ ਲਈ ਸੁਵਿਧਾ ਸੈਂਟਰ, ਕਪੂਰਥਲਾ ਵਿਖੇ ਅਲੱਗ ਕਾਊਂਟਰ ਖੋਲਣ ਆਦਿ ਬਾਰੇ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਵਿੱਤੀ ਸਾਲ 2025-2026 ਦੌਰਾਨ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਕਪੂਰਥਲਾ ਵੱਲੋਂ ਸਾਬਕਾ ਸੈਨਿਕਾਂ/ਵਿਧਵਾਵਾਂ ਨੂੰ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਤਹਿਤ 96 ਲੱਖ 34 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਗਈ ਹੈ।