ਆਜ਼ਾਦ ਉਮੀਦਵਾਰਾਂ ਨੂੰ ਮਿਲੇ ਚੋਣ ਨਿਸ਼ਾਨ
ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਆਜਾਦ ਉੱਮੀਦਵਾਰਾਂ ਨੂੰ ਮਿਲੇ ਚੋਣ ਨਿਸ਼ਾਨ
Publish Date: Sat, 06 Dec 2025 09:59 PM (IST)
Updated Date: Sat, 06 Dec 2025 10:00 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਫਗਵਾੜਾ ਹਲਕੇ ਅਧੀਨ ਦੋ ਜ਼ਿਲ੍ਹਾ ਪ੍ਰੀਸ਼ਦ ਅਤੇ 20 ਬਲਾਕ ਸੰਮਤੀ ਮੈਂਬਰਾਂ ਦੀ 14 ਦਸੰਬਰ ਨੂੰ ਹੋਣ ਵਾਲੀ ਚੋਣ ਲੜਨ ਵਾਲੇ ਆਜ਼ਾਦ ਉਮੀਦਵਾਰਾਂ ਨੂੰ ਅੱਜ ਤਹਿਸੀਲ ਜਸਵਿੰਦਰ ਸਿੰਘ ਵੱਲੋਂ ਚੋਣ ਨਿਸ਼ਾਨ ਦਿੱਤੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਤਹਿਸੀਲਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਸੰਮਤੀ ਚੋਣਾਂ ਲਈ 99 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿਚੋਂ 2 ਰੱਦ ਹੋ ਗਈਆਂ ਅਤੇ 12 ਉਮੀਦਵਾਰਾਂ ਵੱਲੋਂ ਨਾਮ ਵਾਪਸ ਲਏ ਗਏ ਹਨ। ਇਸ ਤੋਂ ਬਾਅਦ ਤਿੰਨ ਆਜ਼ਾਦ ਉਮੀਦਵਾਰਾਂ ਸਮੇਤ ਹੁਣ ਕੁੱਲ 85 ਉੱਮੀਦਵਾਰ ਚੋਣ ਮੈਦਾਨ ਵਿਚ ਹਨ। ਉਨ੍ਹਾਂ ਦੱਸਿਆ ਕਿ 14 ਦਸੰਬਰ ਦਿਨ ਐਤਵਾਰ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ। ਵੋਟਾਂ ਪਾਉਣ ਦਾ ਕੰਮ ਬੈਲੇਟ ਪੇਪਰ ਰਾਹੀਂ ਹੋਵੇਗਾ। ਚੋਣ ਨਤੀਜੇ 17 ਦਸੰਬਰ ਨੂੰ ਐਲਾਨੇ ਜਾਣਗੇ। ਉਨ੍ਹਾਂ ਸਮੂਹ ਵੋਟਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਆਪਣੀ ਵੋਟ ਦੀ ਵਰਤੋਂ ਬਿਨਾਂ ਕਿਸੇ ਡਰ, ਭੈਅ ਅਤੇ ਲਾਲਚ ਤੋਂ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਨ ਮਾਹੌਲ ਵਿਚ ਨੇਪਰੇ ਚਾੜ੍ਹਨ ਲਈ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਮੁਤਾਬਕ ਸਖ਼ਤ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ। ਦੂਸਰੇ ਪਾਸੇ ਗੱਲਬਾਤ ਕਰਦਿਆਂ ਆਜ਼ਾਦ ਉਮੀਦਵਾਰਾਂ ਕੁਲਵੰਤ ਸਿੰਘ ਭੁੱਲਾਰਾਈ ਚੋਣ ਨਿਸ਼ਾਨ ਮੰਜਾ, ਸੋਹਨ ਲਾਲ ਉੱਚਾ ਪਿੰਡ ਚੋਣ ਨਿਸ਼ਾਨ ਜੀਪ ਅਤੇ ਸੁਰਿੰਦਰ ਪਾਲ ਸਿੰਘ ਪਾਂਛਟ ਚੋਣ ਨਿਸ਼ਾਨ ਟਰੱਕ ਨੇ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਚੋਣਾਂ ਜਿੱਤਣ ਤੋਂ ਬਾਅਦ ਆਮ ਲੋਕਾਂ ਦੀ ਸਾਰ ਨਹੀਂ ਲੈਂਦੀ। ਇਸ ਲਈ ਉਨ੍ਹਾਂ ਨੇ ਆਜ਼ਾਦ ਚੋਣ ਲੜਨ ਦਾ ਫੈਸਲਾ ਲਿਆ ਹੈ ਤਾਂ ਜੋ ਚੋਣ ਜਿੱਤਣ ਦੀ ਸੂਰਤ ਵਿਚ ਆਪੋ-ਆਪਣੀ ਬਲਾਕ ਸੰਮਤੀ ਅਧੀਨ ਆਉਂਦੇ ਪਿੰਡਾਂ ਦਾ ਸਮੁੱਚਾ ਵਿਕਾਸ ਕਰਵਾਇਆ ਜਾ ਸਕੇ।