ਸਰਕਾਰੀ ਧੱਕੇਸ਼ਾਹੀ ਨਾ ਹੋਈ ਤਾਂ ਕਾਂਗਰਸ ਦੀ ਜਿੱਤ ਯਕੀਨੀ : ਧਾਲੀਵਾਲ
ਸਰਕਾਰੀ ਧੱਕੇਸ਼ਾਹੀ ਨਾ ਹੋਈ ਤਾਂ ਬਲਾਕ ਸੰਮਤੀ, ਜਿਲ੍ਹਾ ਪ੍ਰੀਸ਼ਦ ਚੋਣਾਂ ‘ਚ ਕਾਂਗਰਸ ਦੀ ਜਿੱਤ ਯਕੀਨੀ - ਧਾਲੀਵਾਲ
Publish Date: Wed, 03 Dec 2025 09:14 PM (IST)
Updated Date: Wed, 03 Dec 2025 09:17 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਵਿਧਾਨਸਭਾ ਹਲਕਾ ਫਗਵਾੜਾ ’ਚ 14 ਦਸੰਬਰ ਨੂੰ ਹੋਣ ਵਾਲੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਵੋਟਿੰਗ ਤੋਂ ਪਹਿਲਾਂ ਅੱਜ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ, ਵਿਧਾਇਕ ਫਗਵਾੜਾ ਸਮੇਤ ਆਪਣੇ ਹਮਾਇਤੀਆਂ ਦੀ ਹਾਜ਼ਰੀ ਵਿਚ ਸਥਾਨਕ ਤਹਿਸੀਲਦਾਰ ਦਫਤਰ ਵਿਖੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਪਿੰਡਾਂ ਦੇ ਵੋਟਰਾਂ ਵੱਲੋਂ ਵੋਟਾਂ ਪਾਈਆਂ ਜਾਂਦੀਆਂ ਹਨ ਅਤੇ ਫਗਵਾੜਾ ਸਮੇਤ ਪੰਜਾਬ ਭਰ ਦੇ ਪਿੰਡਾਂ ’ਚ ਲੋਕ ਭਗਵੰਤ ਮਾਨ ਸਰਕਾਰ ਅਤੇ ਆਮ ਆਦਮੀ ਪਾਰਟੀ ਤੋਂ ਬਹੁਤ ਜ਼ਿਆਦਾ ਦੁਖੀ ਹਨ ਕਿਉਂਕਿ ਇਸ ਸਰਕਾਰ ਨੇ ਵਿਧਾਨਸਭਾ ਚੋਣਾਂ ਸਮੇਂ ਝੂਠੀਆਂ ਗਾਰੰਟੀਆਂ ਦੇ ਕੇ ਪਿੰਡਾਂ ਦੇ ਭੋਲੇ-ਭਾਲੇ ਵੋਟਰਾਂ ਨੂੰ ਭਰਮਾਇਆ ਸੀ ਪਰ ਸਰਕਾਰ ਬਣਨ ਤੋਂ ਬਾਅਦ ਪਿਛਲੇ ਚਾਰ ਸਾਲਾਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਈ ਵੀ ਗਾਰੰਟੀ ਪੂਰੀ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਰੋਜ਼ਾਨਾ ਲੁੱਟਾਂ-ਖੋਹਾਂ, ਗੈਂਗਵਾਰ ਅਤੇ ਕਤਲਾਂ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਉਨ੍ਹਾਂ ਕਿਹਾ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਭਗਵੰਤ ਮਾਨ ਸਰਕਾਰ ਦੇ ਖਿਲਾਫ ਆਮ ਲੋਕਾਂ ਦਾ ਫਤਵਾ ਸਾਬਿਤ ਹੋਣਗੀਆਂ। ਜੇਕਰ ਸਰਕਾਰ ਨੇ ਤਰਨਤਾਰਨ ਦੀ ਤਰ੍ਹਾਂ ਧੱਕੇਸ਼ਾਹੀ ਨਾ ਕੀਤੀ ਤਾਂ ਕਾਂਗਰਸ ਪਾਰਟੀ ਹਲਕੇ ਦੀਆਂ ਸਾਰੀਆਂ ਸੀਟਾਂ ’ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਸਮੂਹ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਅੱਜ ਤੋਂ ਹੀ ਵੋਟਰਾਂ ਦੇ ਨਾਲ ਰਾਬਤਾ ਕਰਕੇ ਭਗਵੰਤ ਮਾਨ ਸਰਕਾਰ ਦੀਆਂ ਨਾਕਾਮੀਆਂ ਤੋਂ ਜਾਣੂ ਕਰਵਾਇਆ ਜਾਵੇ ਅਤੇ ਸਮੂਹ ਵੋਟਰਾਂ ਨੂੰ ਕਾਂਗਰਸ ਪਾਰਟੀ ਦੇ ਹੱਕ ਵਿਚ ਲਾਮਬੰਦ ਕੀਤਾ ਜਾਵੇ। ਇਸ ਮੌਕੇ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਵੋਟਰ ਅਤੇ ਸਪੋਰਟਰ ਹਾਜ਼ਰ ਸਨ।