ਰਾਣਾ ਗੁਰਜੀਤ ਸਿੰਘ ਵੱਲੋਂ ਗਾਂਧੀਵਾਦੀ ਮਾਰਗ ’ਤੇ ਚੱਲਣ ਦੀ ਅਪੀਲ
ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੀ ਬਰਸੀ ’ਤੇ ਰਾਣਾ ਗੁਰਜੀਤ ਸਿੰਘ ਵੱਲੋਂ ਨਿਮਰ ਸ਼ਰਧਾਂਜਲੀ, ਗਾਂਧੀਵਾਦੀ ਮਾਰਗ ’ਤੇ ਚੱਲਣ ਦੀ ਅਪੀਲ
Publish Date: Fri, 30 Jan 2026 09:04 PM (IST)
Updated Date: Fri, 30 Jan 2026 09:07 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਅੱਜ ਇਕ ਸੰਦੇਸ਼ ਵਿਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੂੰ ਉਨ੍ਹਾਂ ਦੀ ਬਰਸੀ ‘ਤੇ ਨਿਮਰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਜੀ ਨੇ ਸਿਰਫ਼ ਭਾਰਤ ਦੀ ਆਜ਼ਾਦੀ ਲਈ ਵਡਮੁੱਲਾ ਯੋਗਦਾਨ ਨਹੀਂ ਪਾਇਆ, ਸਗੋਂ ਉਹ ਸੱਚ, ਅਹਿੰਸਾ, ਤਿਆਗ ਤੇ ਮਨੁੱਖਤਾ ਦੇ ਆਦਰਸ਼ਾਂ ਦਾ ਜੀਵੰਤ ਪ੍ਰਤੀਕ ਵੀ ਸਨ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਮਹਾਤਮਾ ਗਾਂਧੀ ਜੀ ਵੱਲੋਂ ਦੱਸਿਆ ਗਿਆ ਅਹਿੰਸਾ ਤੇ ਸੱਚ ਦਾ ਮਾਰਗ ਅੱਜ ਵੀ ਸਮਾਜ ਲਈ ਓਨਾ ਹੀ ਮਹੱਤਵਪੂਰਨ ਹੈ, ਜਿੰਨਾ ਕਿ ਆਜ਼ਾਦੀ ਦੇ ਸੰਘਰਸ਼ ਦੌਰਾਨ ਸੀ। ਉਨ੍ਹਾਂ ਆਖਿਆ ਕਿ ਦੇਸ਼ ਤੇ ਸਮਾਜ ਵਿਚ ਸਹਿਣਸ਼ੀਲਤਾ, ਭਰਾਤਰੀਚਾਰਾ ਤੇ ਸਾਂਝੀ ਸੋਚ ਨੂੰ ਮਜ਼ਬੂਤ ਕਰਨ ਲਈ ਗਾਂਧੀਵਾਦੀ ਵਿਚਾਰਧਾਰਾ ਨੂੰ ਅਪਣਾਉਣਾ ਸਮੇਂ ਦੀ ਮੁੱਖ ਲੋੜ ਹੈ। ਵਿਧਾਇਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਹਾਤਮਾ ਗਾਂਧੀ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਂਦੇ ਹੋਏ ਨਿਆਂ, ਸਮਾਨਤਾ ਤੇ ਸ਼ਾਂਤੀ ‘ਤੇ ਅਧਾਰਿਤ ਸਮਾਜ ਦੀ ਉਸਾਰੀ ਵਿਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਗਾਂਧੀ ਜੀ ਦੇ ਸੁਪਨੇ ਵਾਲੇ ਭਾਰਤ ਦੀ ਸਿਰਜਣਾ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਉਨ੍ਹਾਂ ਦੇ ਮੂਲ ਸਿਧਾਂਤਾਂ ‘ਤੇ ਚਲਣ ਦਾ ਸੰਕਲਪ ਲੈਣਾ ਚਾਹੀਦਾ ਹੈ।