ਧਾਰਮਿਕ ਅਸਥਾਨ ਨੇੜੇ ਖੁੱਲ੍ਹਿਆ ਠੇਕਾ, ਸੰਗਤ ’ਚ ਰੋਸ
ਧਾਰਮਿਕ ਅਸਥਾਨ ਦੇ ਨਜਦੀਕ ਸ਼ਰਾਬ ਦਾ ਠੇਕਾ ਤੇ ਮੀਟ ਦੀ ਦੁਕਾਨ ਖੁੱਲ੍ਹਣ ਨਾਲ ਸੰਗਤ ‘ਚ ਭਾਰੀ ਰੋਸ
Publish Date: Thu, 08 Jan 2026 07:22 PM (IST)
Updated Date: Thu, 08 Jan 2026 07:24 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਦੇ ਸਤਨਾਮਪੁਰਾ ਖੇਤਰ ‘ਚ ਸ਼੍ਰੀ ਨਾਗੇਸ਼ਵਰ (ਗੁੱਗਾ ਜੀ) ਮੰਦਿਰ ਦੇ ਨੇੜੇ ਸ਼ਰਾਬ ਦਾ ਠੇਕਾ ਅਤੇ ਮੀਟ ਦੀ ਦੁਕਾਨ ਖੁੱਲ੍ਹਣ ਨੂੰ ਲੈ ਕੇ ਸ਼ਰਧਾਲੂ ਸੰਗਤਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਦੇ ਚਲਦਿਆਂ ਮੰਦਿਰ ਪ੍ਰਬੰਧਕ ਕਮੇਟੀ ਅਤੇ ਸੰਗਤ ਵੱਲੋਂ ਐੱਸਪੀ ਫਗਵਾੜਾ ਦੇ ਨਾਂ ਇਕ ਮੰਗ ਪੱਤਰ ਦਿੱਤਾ ਗਿਆ ਅਤੇ ਤੁਰੰਤ ਉਕਤ ਸ਼ਰਾਬ ਤੇ ਮੀਟ ਦੀਆਂ ਦੁਕਾਨਾਂ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ ਗਈ ਹੈ। ਵਧੇਰੇ ਜਾਣਕਾਰੀ ਦਿੰਦਿਆਂ ਮੰਦਿਰ ਕਮੇਟੀ ਦੇ ਪ੍ਰਧਾਨ ਭਜਨ ਬਾਤੀ ਤੋਂ ਇਲਾਵਾ ਕੌਂਸਲਰ ਜਸਦੇਵ ਸਿੰਘ ਪ੍ਰਿੰਸ, ਬੱਬੂ ਸੁਧੀਰ, ਰਾਜ ਕੁਮਾਰ ਰਾਜੂ ਤੇ ਕੇਕੇ ਸ਼ਰਮਾ ਨੇ ਦੱਸਿਆ ਕਿ ਮੰਦਿਰ ਦੇ ਨੇੜੇ ਸ਼ਰਾਬ ਦਾ ਠੇਕਾ ਹੋਣ ਦੇ ਚਲਦਿਆਂ ਪਹਿਲਾਂ ਹੀ ਸੰਗਤ ਵਿਚ ਰੋਸ ਸੀ ਪਰ ਬੀਤੀ 5 ਜਨਵਰੀ ਨੂੰ ਠੇਕੇ ਦੇ ਨਾਲ ਚਿਕਨ ਕਾਰਨਰ ਵੀ ਖੁੱਲ੍ਹ ਗਿਆ ਹੈ। ਇਸ ਕਰਕੇ ਮੰਦਿਰ ਆਉਣ ਵਾਲੀ ਸੰਗਤ ‘ਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਅਸਥਾਨ ਦੇ ਨੇੜੇ ਸ਼ਰਾਬ ਜਾਂ ਮੀਟ ਦੀ ਦੁਕਾਨ ਸੰਗਤ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਰੋਜ਼ਾਨਾ ਸੈਂਕੜੇ ਸ਼ਰਧਾਲੂ ਸ਼੍ਰੀ ਨਾਗੇਸ਼ਵਰ ਮੰਦਿਰ ਵਿਖੇ ਨਤਮਸਤਕ ਹੋਣ ਆਉਂਦੇ ਹਨ, ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਹੁੰਦੀਆਂ ਹਨ ਪਰ ਇਹ ਦੁਕਾਨਾਂ ਮਾਹੌਲ ਖਰਾਬ ਕਰ ਰਹੀਆਂ ਹਨ। ਸ਼ਰਾਬ ਅਤੇ ਮੀਟ ਦੀ ਬਦਬੂ ਆਸਥਾ ਨੂੰ ਠੇਸ ਪਹੁੰਚਾ ਰਹੀ ਹੈ। ਇਸ ਲਈ ਉਹ ਮੰਗ ਕਰਦੇ ਹਨ ਕਿ ਸ਼ਰਾਬ ਦਾ ਠੇਕਾ ਅਤੇ ਚਿਕਨ ਕਾਰਨਰ ਦੀ ਦੁਕਾਨ ਨੂੰ ਤੁਰੰਤ ਇਥੋਂ ਹਟਾਇਆ ਜਾਵੇ। ਪ੍ਰਬੰਧਕਾਂ ਅਤੇ ਸੰਗਤ ਨੇ ਚਿਤਾਵਨੀ ਦਿੱਤੀ ਕਿ ਜੇਕਰ ਧਾਰਮਿਕ ਭਾਵਨਾਵਾਂ ਦਾ ਖਿਆਲ ਨਾ ਕੀਤਾ ਗਿਆ, ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ, ਜਿਸ ਨਾਲ ਪੈਦਾ ਹੋਣ ਵਾਲੇ ਹਾਲਾਤ ਦੀ ਜ਼ਿੰਮੇਵਾਰੀ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਸੁਨੀਲ ਪਾਬਲਾ, ਅਮਰਜੀਤ ਸੈਣੀ, ਭਰਤ, ਮੁਕੇਸ਼ ਕੁਮਾਰ, ਰੇਖੀ, ਸੰਤੋਖ ਸਿੰਘ ਸੋਖਾ ਆਦਿ ਵੀ ਹਾਜ਼ਰ ਸਨ।