ਗੁਰੂ-ਚੇਲਾ ਸਰਕਾਰੀ ਜ਼ਮੀਨਾਂ ਵੇਚ ਰਹੇ : ਬਾਲੀ
ਗੁਰੂ-ਚੇਲਾ ਪੰਜਾਬ ਵਿੱਚ ਬਦਲਾਅ ਦੇ ਨਾਮ ਤੇ ਸਰਕਾਰੀ ਜ਼ਮੀਨਾ ਵੇਚ ਰਹੇ-ਲੋਕੇਸ਼ ਬਾਲੀ
Publish Date: Wed, 26 Nov 2025 05:15 PM (IST)
Updated Date: Wed, 26 Nov 2025 05:17 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸਰਕਾਰੀ ਜਾਇਦਾਦਾਂ ਦੀ ਨਿਲਾਮੀ ਦੇ ਮੁੱਦੇ ’ਤੇ ਪੰਜਾਬ ਸਰਕਾਰ ਦੀ ਆਲੋਚਨਾ ਕਰਦੇ ਹੋਏ ਭਾਜਪਾ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਠਾਕੁਰ, ਭਾਜਪਾ ਸੀਨੀਅਰ ਆਗੂ ਆਸ਼ੂ ਸਾਂਪਲਾ, ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਲੋਕੇਸ਼ ਬਾਲੀ ਨੇ ਕਿਹਾ ਕਿ ਗੁਰੂ-ਚੇਲੇ ਦੀ ਜੋੜੀ ਨੇ ਪੰਜਾਬ ਨੂੰ ਬਸਤੀ ਸਮਝ ਕੇ ਜ਼ਮੀਨਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਨੂੰ ਲੈ ਕੇ ਪੰਜਾਬ ਦੇ ਲੋਕਾਂ ਵਿਚ ਡੂੰਘਾ ਗੁੱਸਾ ਹੈ। ਭਾਜਪਾ ਸੂਬੇ ਦੀ ਮੌਜੂਦਾ ਆਪ ਸਰਕਾਰ ਦੀ ਇਸ ਯੋਜਨਾ ਨੂੰ ਕਦੇ ਵੀ ਸਫਲ ਨਹੀਂ ਹੋਣ ਦੇਵੇਗੀ। ਬੁੱਧਵਾਰ ਨੂੰ ਇਥੇ ਜਾਰੀ ਇੱਕ ਬਿਆਨ ਵਿਚ ਬਲਵਿੰਦਰ ਠਾਕੁਰ, ਆਸ਼ੂ ਸਾਂਪਲਾ, ਲੋਕੇਸ਼ ਬਾਲੀ ਨੇ ਕਿਹਾ ਕਿ ਬਦਲਾਅ ਰੰਗਲਾ ਪੰਜਾਬ ਦੇ ਨਾਮ ’ਤੇ ਪੰਜਾਬ ਦੇ ਲੋਕਾਂ ਤੋਂ ਵੋਟਾਂ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਰੰਗਲਾ ਪੰਜਾਬ ਦਾ ਨਾਅਰਾ ਦੇ ਕੇ ਪੰਜਾਬ ਨੂੰ ਦੀਵਾਲੀਆ ਕਰ ਦਿੱਤਾ ਹੈ। ਪੰਜਾਬ ਸਰਕਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪੁੱਡਾ, ਗਲਾਡਾ ਅਤੇ ਪੀਐੱਸਪੀਸੀਐੱਲ ਸਮੇਤ ਕਈ ਸੰਸਥਾਵਾਂ ਦੀਆਂ ਜ਼ਮੀਨਾਂ ਵੇਚ ਰਹੀ ਹੈ। ਸਰਕਾਰ ਨੇ ਸਾਰੇ ਵਿਭਾਗਾਂ ਤੋਂ ਵਾਧੂ ਜ਼ਮੀਨਾਂ ਦੇ ਵੇਰਵੇ ਮੰਗੇ ਹਨ। ਸਰਕਾਰੀ ਜ਼ਮੀਨਾਂ ਨੂੰ ਪਿਛਲੇ ਦਰਵਾਜ਼ੇ ਰਾਹੀਂ ਇਕ ਤੋਂ ਬਾਅਦ ਇਕ ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਸੁਪਰ ਸੀਐੱਮ ਵਜੋਂ ਜਾਣੇ ਜਾਂਦੇ ਅਰਵਿੰਦ ਕੇਜਰੀਵਾਲ ਆਪਣੀ ਚੋਣ ਮਸ਼ੀਨਰੀ ਚਲਾਉਣ ਲਈ ਪੰਜਾਬ ਦੀ ਰੀੜ੍ਹ ਦੀ ਹੱਡੀ ਮੰਨੀਆਂ ਜਾਂਦੀਆਂ ਸੰਸਥਾਵਾਂ ਦੀਆਂ ਜ਼ਮੀਨਾਂ ਦੀ ਨਿਲਾਮੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਤੇ ਜਨਤਕ ਮੰਚਾਂ ’ਤੇ ਗੁਰੂ-ਚੇਲੇ ਦੀ ਜੋੜੀ ਨੇ ਸੂਬੇ ਦੇ ਮਾਲੀਏ ਨੂੰ 43,000 ਕਰੋੜ ਰੁਪਏ ਵਧਾਉਣ ਦਾ ਵਾਅਦਾ ਕੀਤਾ ਸੀ। ਕੀ ਇਹ ਮਾਲੀਆ ਪੰਜਾਬ ਦੇ ਸਰਕਾਰੀ ਵਿਭਾਗਾਂ ਦੀਆਂ ਜ਼ਮੀਨਾਂ ਦੀ ਨਿਲਾਮੀ ਕਰਕੇ ਇਕੱਠਾ ਕੀਤਾ ਜਾ ਰਿਹਾ ਹੈ? ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਉਸ ਸਰਕਾਰ ਨੂੰ ਕਦੇ ਮੁਆਫ਼ ਨਹੀਂ ਕਰਨਗੇ ਜੋ ਆਪਣੇ ਰਾਜਨੀਤਿਕ ਸੁੱਖਾਂ ਲਈ ਸਰਕਾਰੀ ਜਾਇਦਾਦਾਂ ਦੀ ਨਿਲਾਮੀ ਕਰਕੇ ਫੰਡ ਇਕੱਠਾ ਕਰਦੀ ਹੈ। ਪੰਜਾਬ ਦੇ ਲੋਕ ਸਮਾਂ ਆਉਣ ਤੇ ਜਵਾਬ ਦੇਣਗੇ।