ਗੁਰਦੁਆਰੇ ’ਚ ਭਿੜੀਆਂ ਦੋ ਧਿਰਾਂ, ਲੱਥੀਆਂ ਪੱਗਾਂ
ਸੁਲਤਾਨਪੁਰ ਲੋਧੀ ਦੇ ਪਿੰਡ
Publish Date: Mon, 19 Jan 2026 10:35 PM (IST)
Updated Date: Mon, 19 Jan 2026 10:39 PM (IST)

ਸੁਲਤਾਨਪੁਰ ਲੋਧੀ ਦੇ ਪਿੰਡ ਮੋਖੇ ’ਚ ਵਾਪਰੀ ਘਟਨਾ, ਗ੍ਰੰਥੀ ਸਿੰਘ ਨੇ ਕੁੱਟਮਾਰ ਦਾ ਲਾਇਆ ਦੋਸ਼ ਜਾਸੰ, ਸੁਲਤਾਨਪੁਰ ਲੋਧੀ : ਨੇੜਲੇ ਪਿੰਡ ਮੋਖੇ ’ਚ ਇਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿਥੇ ਪਿੰਡ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਦ ਦੀ ਹਜ਼ੂਰੀ ’ਚ ਪੱਗਾਂ ਲਾਹੁਣ ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦਾ ਇਕ ਵੀਡੀਓ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਜਿਸ ’ਚ ਗੁਰੂ ਘਰ ਦੇ ਅੰਦਰ ਦੋਵੇਂ ਧਿਰਾਂ ਦੀਆਂ ਪੱਗਾਂ ਉਤਰੀਆਂ ਦਿਖਾਈ ਦੇ ਰਹੀਆਂ ਹਨ ਤੇ ਗਾਲਾਂ ਵੀ ਕੱਢੀਆਂ ਜਾ ਰਹੀਆਂ ਹਨ। ਗੁਰੂ ਘਰ ਦੇ ਗ੍ਰੰਥੀ ਸਿੰਘ ਗੁਰਨਾਮ ਸਿੰਘ ਅਨੁਸਾਰ ਕੁਝ ਦਿਨ ਪਹਿਲਾਂ ਪਿੰਡ ਦੇ ਕੁਝ ਲੋਕਾਂ ਨਾਲ ਕੁਝ ਮੁੱਦਿਆਂ ਨੂੰ ਲੈ ਕੇ ਨਾਰਾਜ਼ਗੀ ਹੋ ਗਈ ਸੀ। ਅੱਜ ਸੋਮਵਾਰ ਨੂੰ ਇਨ੍ਹਾਂ ਮਤਭੇਦਾਂ ਨੂੰ ਸੁਲਝਾਉਣ ਲਈ ਗੁਰੂ ਘਰ ’ਚ ਹੀ ਪੂਰੇ ਪਿੰਡ ਦੀ ਪੰਚਾਇਤ ਸੱਦੀ ਗਈ ਸੀ ਤੇ ਅਜੇ ਗੱਲਬਾਤ ਚੱਲ ਹੀ ਰਹੀ ਸੀ ਕਿ ਦੂਜੀ ਧਿਰ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਗ੍ਰੰਥੀ ਸਿੰਘ ਨੇ ਦੋਸ਼ ਲਗਾਇਆ ਕਿ ਇਸ ਦੌਰਾਨ ਨਾ ਤਾਂ ਉਨ੍ਹਾਂ ਲੋਕਾਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਦੀ ਪਰਵਾਹ ਕੀਤੀ ਤੇ ਨਾ ਹੀ ਪਿੰਡ ਦੀ ਪੰਚਾਇਤ ਦੀ। ਗੁਰਦੁਆਰਾ ਸਾਹਿਬ ਦੇ ਦਰਬਾਰ ਦੇ ਅੰਦਰ ਹੀ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਉਸ ਦੀ ਪੱਗ ਵੀ ਲੱਥ ਗਈ, ਜਿਸ ਨਾਲ ਮਾਹੌਲ ਹੋਰ ਵੀ ਤਣਾਅਪੂਰਨ ਹੋ ਗਿਆ। ਇਸ ਦੌਰਾਨ ਪਿੰਡ ਵਾਲਿਆਂ ਨੇ ਕੁੱਟਮਾਰ ਨਾਲ ਜ਼ਖ਼ਮੀ ਗ੍ਰੰਥੀ ਸਿੰਘ ਗੁਰਨਾਮ ਸਿੰਘ ਨੂੰ ਤੁਰੰਤ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੀੜਤ ਗ੍ਰੰਥੀ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਵੀ ਇਨਸਾਫ ਦੀ ਅਪੀਲ ਕੀਤੀ ਹੈ। ਡਾਕਟਰਾਂ ਅਨੁਸਾਰ ਗ੍ਰੰਥੀ ਸਿੰਘ ਦੀ ਹਾਲਤ ਫਿਲਹਾਲ ਸਥਿਰ ਹੈ। ਉੱਧਰ ਸਿਵਲ ਹਸਪਤਾਲ ’ਚ ਇਲਾਜ ਅਧੀਨ ਪਿੰਡ ਮੋਖੇ ਦੇ ਵਾਸੀ ਮੇਹਰ ਸਿੰਘ ਪੁੱਤਰ ਲਛਮਨ ਸਿੰਘ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਉਲਟਾ ਗ੍ਰੰਥੀ ਸਿੰਘ ’ਤੇ ਸੇਵਾ ’ਚ ਲਾਪ੍ਰਵਾਹੀ ਦਾ ਦੋਸ਼ ਲਗਾਇਆ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਗ੍ਰੰਥੀ ਸਿੰਘ ਨੂੰ ਸੇਵਾ ’ਚ ਲਾਪ੍ਰਵਾਹੀ ਕਰਦੇ ਹੋਏ ਫੜਿਆ ਸੀ। ਇਕ ਦਿਨ ਪਹਿਲਾਂ ਗ੍ਰੰਥੀ ਸਿੰਘ ਨੇ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਨੂੰ ਗਾਲਾਂ ਕੱਢੀਆਂ ਸਨ। ਇਸ ਮਾਮਲੇ ’ਤੇ ਗੱਲ ਕਰਨ ਲਈ ਗੁਰਦੁਆਰੇ ’ਚ ਮੀਟਿੰਗ ਹੋਈ, ਜਿਸ ’ਚ ਗ੍ਰੰਥੀ ਸਿੰਘ ਨੇ ਸਾਡੇ ਉੱਤੇ ਹਮਲਾ ਕਰ ਦਿੱਤਾ, ਜਿਸ ’ਚ ਉਸ ਦੇ ਬੇਟੇ ਦੀ ਪੱਗ ਲਾਹ ਦਿੱਤੀ ਤੇ ਉਸ ਦੇ ਕੇਸਾਂ ਦੀ ਵੀ ਬੇਅਦਬੀ ਕੀਤੀ। ਇਸ ਘਟਨਾ ਤੋਂ ਬਾਅਦ ਪਿੰਡ ਵਾਲਿਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਵਾਲਿਆਂ ਨੇ ਇਸ ਨੂੰ ਬਹੁਤ ਹੀ ਮੰਦਭਾਗੀ ਘਟਨਾ ਦੱਸਿਆ ਹੈ ਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਥਾਣਾ ਸੁਲਤਾਨਪੁਰ ਲੋਧੀ ਤਹਿਤ ਆਉਂਦੀ ਚੌਕੀ ਡੱਲਾ ਦੇ ਇੰਚਾਰਜ ਮਲਕੀਤ ਸਿੰਘ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਐੱਸਜੀਪੀਸੀ ਦੇ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ ਹੈ। ਉਹ ਮਾਮਲੇ ਦੀ ਜਾਂਚ ਕਰਵਾਉਣਗੇ ਤੇ ਜਿਸ ਨੇ ਵੀ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕੀਤੀ ਹੈ, ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਕ ਟੀਮ ਨੂੰ ਤਾਇਨਾਤ ਕਰ ਦਿੱਤਾ ਹੈ।