ਮਾਂ ਖੇਡ ਕਬੱਡੀ ਦੇ ਉੱਤੇ ਗੈਂਗਸਟਰਾਂ ਦਾ ਕਬਜ਼ਾ

ਖੂਨ, ਧਮਕੀਆਂ ਅਤੇ ਖੌਫ਼ ਦੇ ਸਾਏ ਹੇਠਾਂ ਹੋ ਰਹੇ ਕਬੱਡੀ ਟੂਰਨਾਮੈਂਟ
ਕੀ ਅਖ਼ਬਾਰਾਂ ਦੀਆਂ ਸੁਰਖੀਆਂ ’ਚ ਹੀ ਰਹਿ ਜਾਵੇਗੀ ਕਬੱਡੀ
ਪਰਮਜੀਤ ਸਿੰਘ ਪੰਜਾਬੀ ਜਾਗਰਣ
ਡਡਵਿੰਡੀ : ਪੰਜਾਬ ਦੀ ਮਾਂ ਖੇਡ ਕਬੱਡੀ, ਜੋ ਕਦੇ ਮਿੱਟੀ ਦੀ ਮਹਿਕ ਅਤੇ ਜੋਸ਼ ਦੀ ਪਹਿਚਾਣ ਸੀ, ਅੱਜ ਗੈਂਗਸਟਰਾਂ ਦੇ ਸਾਏ ਹੇਠਾਂ ਤੜਪ ਰਹੀ ਹੈ। ਪਿਛਲੇ ਕੁਝ ਸਾਲਾਂ ਦੌਰਾਨ ਕਬੱਡੀ ਨਾਲ ਜੁੜੇ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਅਤੇ ਟੂਰਨਾਮੈਂਟ ਪ੍ਰਮੋਟਰਾਂ ਦੀਆਂ ਗੋਲੀਆਂ ਮਾਰ ਕੇ ਕੀਤੀਆਂ ਹੱਤਿਆਵਾਂ ਨੇ ਖੇਡ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੁਲਿਸ ਰਿਕਾਰਡਾਂ, ਮੀਡੀਆ ਰਿਪੋਰਟਾਂ ਅਤੇ ਖੇਡ ਜਗਤ ਦੇ ਸਰੋਤਾਂ ਮੁਤਾਬਕ ਘੱਟੋ-ਘੱਟ 3 ਤੋਂ 4 ਅੰਤਰਰਾਸ਼ਟਰੀ ਪੱਧਰ ਦੇ ਕਬੱਡੀ ਖਿਡਾਰੀ ਮਾਰੇ ਗਏ ਅਤੇ 4 ਤੋਂ ਵੱਧ ਕਬੱਡੀ ਟੂਰਨਾਮੈਂਟ ਪ੍ਰਮੋਟਰ ਅਤੇ ਆਯੋਜਕ ਵੀ ਮਾਰੇ ਗਏ ਹਨ। ਹਾਲਾਂਕਿ ਅਸਲ ਗਿਣਤੀ ਇਸ ਤੋਂ ਵੱਧ ਵੀ ਹੋ ਸਕਦੀ ਹੈ, ਕਿਉਂਕਿ ਕਈ ਮਾਮਲੇ ਅਜੇ ਵੀ ਜਾਂਚ ਹੇਠ ਹਨ ਜਾਂ ਖੁੱਲ੍ਹੇ ਤੌਰ ’ਤੇ ਕਬੱਡੀ ਨਾਲ ਨਹੀਂ ਜੋੜੇ ਗਏ ਹਨ।
ਕਿਉਂ ਬਣੀ ਕਬੱਡੀ ਗੈਂਗਸਟਰਾਂ ਦਾ ਨਿਸ਼ਾਨਾ : ਟੂਰਨਾਮੈਂਟਾਂ ਵਿਚ ਕਰੋੜਾਂ ਰੁਪਏ ਦੀ ਨਕਦ ਇਨਾਮੀ ਰਕਮ ਅਤੇ ਬੈਟਿੰਗ, ਪਿੰਡ ਪੱਧਰ ’ਤੇ ਵੱਡੀ ਪਕੜ ਅਤੇ ਦਬਦਬਾ, ਨੌਜਵਾਨਾਂ ’ਚ ਲੋਕਪ੍ਰਿਅਤਾ ਦਾ ਗਲਤ ਫਾਇਦਾ ਇਹ ਸਭ ਕੁਝ ਗੈਂਗਸਟਰਾਂ ਲਈ ਕਬੱਡੀ ਨੂੰ “ਸੌਖਾ ਸ਼ਿਕਾਰ” ਬਣਾਉਂਦਾ ਗਿਆ ਹੈ।
ਜ਼ਿਕਰਯੋਗ ਹੈ ਕਿ ਕਈ ਟੂਰਨਾਮੈਂਟ ਪ੍ਰਮੋਟਰਾਂ ਨੂੰ ਰੰਗਦਾਰੀ, ਹਿੱਸਾ ਮੰਗਣ ਅਤੇ ਧਮਕੀਆਂ ਮਿਲਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਕੁਝ ਨੇ ਪੈਸਾ ਦੇਣ ਤੋਂ ਇਨਕਾਰ ਕੀਤਾ ਹੈ ਤਾਂ ਨਤੀਜਾ ਗੋਲੀਆਂ ਨਾਲ ਮਾਰੇ ਗਏ। ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ’ਤੇ ਸਵਾਲ ਚੁੱਕੇ ਹਨ ਕਿ ਕਬੱਡੀ ਟੂਰਨਾਮੈਂਟਾਂ ਲਈ ਸੁਰੱਖਿਆ ਯੋਜਨਾ ਕਿੱਥੇ ਚਲੀ ਗਈ ਹੈ। ਸਵਾਲ ਇਹ ਹੈ ਕਿ ਗੈਂਗਸਟਰਾਂ ਦੀ ਦਖ਼ਲਅੰਦਾਜ਼ੀ ਰੋਕਣ ਲਈ ਖਾਸ ਕਾਨੂੰਨ ਕਿਉਂ ਨਹੀਂ ਬਣਾਏ ਗਏ ਅਤੇ ਖਿਡਾਰੀਆਂ ਤੇ ਪ੍ਰਮੋਟਰਾਂ ਨੂੰ ਸੁਰੱਖਿਆ ਕਿਉਂ ਨਹੀਂ ਮਿਲ ਰਹੀ ਹੈ ਅਤੇ ਕਾਨੂੰਨ ਕਿਸ ਕੰਮ ਲਈ ਬਣਾਇਆ ਗਿਆ ਹੈ।
ਅੱਜ ਅੰਤਰਰਾਸ਼ਟਰੀ ਮਾਂ ਖੇਡ ਕਬੱਡੀ ਆਪਣੇ ਹੀ ਘਰ ’ਚ ਬੇਗਾਨੀ ਬਣ ਰਹੀ ਹੈ। ਜੇ ਸਮੇਂ ਸਿਰ ਸਰਕਾਰਾਂ ਵੱਲੋਂ ਕੋਈ ਸਖ਼ਤ ਕਦਮ ਨਾ ਚੁੱਕੇ ਗਏ, ਤਾਂ ਇਹ ਖੇਡ ਮੈਦਾਨਾਂ ’ਚ ਨਹੀਂ, ਸਿਰਫ਼ ਅਖ਼ਬਾਰਾਂ ਦੀਆਂ ਸੁਰਖੀਆਂ ’ਚ ਹੀ ਰਹਿ ਜਾਵੇਗੀ ਉਹ ਵੀ ਖੂਨ ਨਾਲ ਲਿਖੀਆਂ।
ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਦੇ ਬਿਆਨ
1 “ਅੱਜ ਕਬੱਡੀ ਖੇਡਣ ਤੋਂ ਜ਼ਿਆਦਾ ਮੁਸ਼ਕਲ ਘਰੋਂ ਸੁਰੱਖਿਅਤ ਨਿਕਲਣਾ ਹੋ ਗਿਆ ਹੈ। ਧਮਕੀਆਂ ਆਮ ਜਿਹੀ ਗੱਲ ਬਣ ਗਈਆਂ ਹਨ, ਜੋ ਮਾਂ ਖੇਡ ਕਬੱਡੀ ਅਤੇ ਖਿਡਾਰੀਆਂ ਲਈ ਦੁਖਦਾਈ ਗੱਲ ਹੈ।’’-ਬਲਕਾਰ ਸਿੰਘ ਹਰਨਾਮ ਪੁਰ, ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ
2 ‘‘ਅੱਜ ਦੀ ਜੋ ਸਥਿਤੀ ਗੈਂਗਵਾਦ ਕਾਰਨ ਬਣੀ ਹੋਈ ਹੈ ਉਸ ਅਨੁਸਾਰ “ਟੂਰਨਾਮੈਂਟ ਖੇਡਣਾ ਹੈ ਤਾਂ ਚੁੱਪ ਰਹੋ, ਨਹੀਂ ਤਾਂ ਨਤੀਜੇ ਜਾਨ ਗੁਆ ਕੇ ਭੁਗਤਣੇ ਪੈਂਦੇ ਹਨ। ਇਹ ਖੇਡ ਨਹੀਂ, ਡਰ ਦਾ ਮੈਦਾਨ ਬਣ ਗਿਆ ਹੈ ਜੋ ਸਰਾਸਰ ਗ਼ਲਤ ਹੈ। ਸਰਕਾਰ ਨੂੰ ਇਸ ਸਬੰਧੀ ਗੰਭੀਰਤਾ ਨਾਲ ਵਿਚਾਰ ਚਰਚਾ ਕਰਨਾ ਚਾਹੀਦਾ ਹੈ।’’-ਕੁਲਦੀਪ ਸਿੰਘ ਡਡਵਿੰਡੀ, ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਸਾਬਕਾ ਸਰਪੰਚ
3 ‘‘ਪਹਿਲਾਂ ਹੀ ਨੌਜਵਾਨ ਪੀੜ੍ਹੀ ਨਸ਼ਿਆਂ ਵਿਚ ਕਾਫੀ ਗ਼ਲਤਾਨ ਹੋਈ ਪਈ ਹੈ ਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਮਾਂ ਖੇਡ ਕਬੱਡੀ ਹੀ ਇਕ ਜ਼ਰੀਆ ਹੈ ਵਾਪਸ ਨਵੀਂ ਜਿੰਦਗੀ ਜਿਉਣ ਦਾ ਪਰ ਜੇਕਰ ਇਸ ਵਿਚ ਵੀ ਗੈਂਗਸਟਰਵਾਦ ਦੀ ਬੁਰੀ ਨਜ਼ਰ ਹੈ ਤਾਂ ਆਉਣ ਵਾਲੇ ਸਮੇਂ ਵਿਚ ਮਾਂ ਖੇਡ ਕਬੱਡੀ ਦਾ ਰੱਬ ਹੀ ਰਾਖਾ ਹੈ।’’- ਬਲਵਿੰਦਰ ਸਿੰਘ ਤੁੜ, ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਤਲਵੰਡੀ ਚੌਧਰੀਆਂ
4 ‘‘ਵੱਡੇ ਕਬੱਡੀ ਕੱਪ ਲੱਖਾਂ-ਕਰੋੜਾਂ ਰੁਪਏ ਲਗਾ ਕੇ ਕਰਵਾਏ ਜਾਂਦੇ ਹਨ ਤੇ ਉਨ੍ਹਾਂ ਵਿਚ ਹੀ ਗੈਂਗਸਟਰਾਂ ਦੀ ਦਖਲਅੰਦਾਜ਼ੀ ਹੁੰਦੀ ਹੈ, ਪਿੰਡ ਪੱਧਰ ਦੇ ਕਬੱਡੀ ਟੂਰਨਾਮੈਂਟ ਵਿਚ ਨਹੀਂ। ਪ੍ਰਮੋਟਰਾਂ, ਪੰਚਾਇਤਾਂ ਅਤੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਡਿਪਟੀ ਕਮਿਸ਼ਨਰ ਕੋਲੋਂ ਪਹਿਲਾਂ ਇਨ੍ਹਾਂ ਕਬੱਡੀ ਕੱਪ/ਕਬੱਡੀ ਟੂਰਨਾਮੈਂਟ ਦੀ ਮਨਜ਼ੂਰੀ ਲੈ ਕੇ ਸਕਿਓਰਟੀ ਦਾ ਇੰਤਜ਼ਾਮ ਅਤੇ ਖਿਡਾਰੀਆਂ ਦੇ ਡੋਪ ਟੈਸਟਾਂ ਦਾ ਖਰਚਾ ਵੀ ਖੁਦ ਕਰਨ। ਇਸ ਨਾਲ ਸਰਕਾਰ ਦੇ ਸਿਰ ਉਪਰੋਂ ਵਾਧੂ ਖਰਚੇ ਦਾ ਬੋਝ ਘੱਟ ਜਾਵੇਗਾ ਅਤੇ ਗੈਂਗਸਟਰਵਾਦ ਦੀ ਦਖਲਅੰਦਾਜ਼ੀ ਵੀ ਘੱਟ ਹੋ ਜਾਵੇਗੀ।’’-ਰੌਸ਼ਨ ਖੈੜਾ, ਪ੍ਰਸਿੱਧ ਸਿੱਖਿਆ ਸ਼ਾਸ਼ਤਰੀ
5 ‘‘ਸਰਕਾਰ ਨੂੰ ਮਾਂ ਖੇਡ ਕਬੱਡੀ ਨੂੰ ਗੈਂਗਸਟਰਵਾਦ ਦੀ ਦਖਲਅੰਦਾਜ਼ੀ ਤੋਂ ਬਚਾਅ ਕੇ ਖਿਡਾਰੀਆਂ ਦੀ ਜਾਨ ਬਚਾਉਣ ਲਈ ਖਾਸ ਉਪਰਾਲੇ ਕਰਨ ਦੀ ਲੋੜ ਹੈ, ਜਿਸ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਹੈ।’’-ਰਾਜ ਬਹਾਦਰ ਸਿੰਘ ਡਡਵਿੰਡੀ, ਸਾਬਕਾ ਕਬੱਡੀ ਖਿਡਾਰੀ