ਅਮਿਤ ਓਹਰੀ, ਪੰਜਾਬੀ ਜਾਗਰਣ ਫਗਵਾੜਾ

ਅਮਿਤ ਓਹਰੀ, ਪੰਜਾਬੀ ਜਾਗਰਣ
ਫਗਵਾੜਾ : ਜ਼ਿਲ੍ਹਾ ਕਪੂਰਥਲਾ ਵਿਚ ਹੁਣ ਗੈਂਗਸਟਰਾਂ ਦੀ ਖੈਰ ਨਹੀਂ। ਰਾਜ ਵਿਚ ‘ਵਾਰ ਆਨ ਗੈਂਗਸਟਰ’ ਦੀ ਸ਼ੁਰੂਆਤ ਨਾਲ ਹੀ ਐੱਸਐੱਸਪੀ ਗੌਰਵ ਤੂਰਾ ਦੀ ਸਰਗਰਮ ਅਤੇ ਪ੍ਰਸ਼ੰਸਣਯੋਗ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਨੇ ਗੈਂਗਸਟਰਾਂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਜ਼ਿਲ੍ਹੇ ਦੀਆਂ ਸਭ ਸਬ-ਡਿਵਿਜ਼ਨਾਂ ਵਿਚ ਵੱਡੀ ਗਿਣਤੀ ਵਿਚ ਪੁਲਿਸ ਟੀਮਾਂ ਨੇ ਛਾਪੇਮਾਰੀ ਕਰ ਕੇ ਕਈ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਐੱਸਐੱਸਪੀ ਗੌਰਵ ਤੂਰਾ (ਆਈਪੀਐੱਸ) ਨੇ ਕਿਹਾ ਕਿ ਸਰਕਾਰ ਅਤੇ ਡੀਜੀਪੀ ਗੌਰਵ ਯਾਦਵ ਨੇ ਸਪਸ਼ਟ ਕਰ ਦਿੱਤਾ ਹੈ ਕਿ ਹੁਣ ਪੰਜਾਬ ਦੀ ਧਰਤੀ ’ਤੇ ਜੁਰਮ ਅਤੇ ਜੁਰਮੀਆਂ ਲਈ ਕੋਈ ਥਾਂ ਨਹੀਂ ਬਚੇਗੀ। ਇਸ ਮੁਹਿੰਮ ਦਾ ਮੁੱਖ ਮਕਸਦ ਪੰਜਾਬ ਨੂੰ ਪੂਰੀ ਤਰ੍ਹਾਂ ‘ਗੈਂਗਸਟਰ ਮੁਕਤ’ ਬਣਾਉਣਾ ਹੈ। ਇਸੇ ਤਹਿਤ ਕਪੂਰਥਲਾ ਜ਼ਿਲ੍ਹੇ ਦੀਆਂ ਸਭ ਸਬ-ਡਿਵੀਜ਼ਨਾਂ ਵਿਚ ਪੂਰੇ ਜ਼ੋਰ ਨਾਲ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਦੇ ਰਾਡਾਰ ’ਤੇ ਸਿਰਫ਼ ਪੰਜਾਬ ਦੇ ਅਪਰਾਧੀ ਹੀ ਨਹੀਂ, ਸਗੋਂ ਵਿਦੇਸ਼ਾਂ ਵਿਚ ਲੁਕ ਕੇ ਬੈਠੇ ਉਹ 60 ਵੱਡੇ ਗੈਂਗਸਟਰ ਵੀ ਹਨ, ਜੋ ਉਥੋਂ ਆਪਣਾ ਨੈੱਟਵਰਕ ਚਲਾ ਰਹੇ ਹਨ। ਪੁਲਿਸ ਨੇ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਸੱਤ ਸਮੁੰਦਰ ਪਾਰ ਬੈਠੇ ਅਪਰਾਧੀ ਆਪਣੇ ਆਪ ਨੂੰ ਸੁਰੱਖਿਅਤ ਨਾ ਸਮਝਣ। ਉਨ੍ਹਾਂ ਖ਼ਿਲਾਫ਼ ‘ਰੈੱਡ ਕਾਰਨਰ ਨੋਟਿਸ’ ਜਾਰੀ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਪੂਰੀ ਤਿਆਰੀ ਹੈ। ਐੱਸਐੱਸਪੀ ਨੇ ਕਿਹਾ ਕਿ ਜ਼ਿਲ੍ਹਾ ਕਪੂਰਥਲਾ ਵਿਚ ਹੁਣ ਗੈਂਗਸਟਰਾਂ ਲਈ ਕੋਈ ਥਾਂ ਨਹੀਂ। ਮੁੱਖ ਮੰਤਰੀ ਭਗਵੰਤ ਮਾਨ ਦੇ ਸਖ਼ਤ ਨਿਰਦੇਸ਼ਾਂ ਤੋਂ ਬਾਅਦ ਪੁਲਿਸ ਨੇ ਗੈਂਗਸਟਰਾਂ ਖ਼ਿਲਾਫ਼ ਸਿੱਧੀ ਅਤੇ ਫੈਸਲਾਕੁੰਨ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਸਪਸ਼ਟ ਹੁਕਮ ਦਿੱਤੇ ਹਨ ਕਿ ਪੰਜਾਬ ਵਿਚ ਗੈਂਗਸਟਰਵਾਦ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਸੇ ਤਹਿਤ ਜ਼ਿਲ੍ਹਾ ਪੁਲਿਸ ਨੇ ਆਪਣੀ ਰਣਨੀਤੀ ਤਿਆਰ ਕੀਤੀ ਹੈ ਤੇ ਉਸ ’ਤੇ ਅਮਲ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਦੇ ਪੂਰੇ ਨੈੱਟਵਰਕ ਨੂੰ ਤੋੜਿਆ ਜਾਵੇਗਾ, ਚਾਹੇ ਉਹ ਫੰਡਿੰਗ ਹੋਵੇ, ਹਥਿਆਰਾਂ ਦੀ ਸਪਲਾਈ ਹੋਵੇ, ਲਾਜਿਸਟਿਕਸ ਹੋਣ ਜਾਂ ਉਨ੍ਹਾਂ ਨੂੰ ਪਨਾਹ ਦੇਣ ਵਾਲੇ ਲੋਕ। ਮੁੱਖ ਮੰਤਰੀ ਖੁਦ ਇਸ ਪੂਰੇ ਅਭਿਆਨ ਦੀ ਨਿਗਰਾਨੀ ਕਰ ਰਹੇ ਹਨ।
ਗੌਰਵ ਤੂਰਾ ਨੇ ਦੱਸਿਆ ਕਿ ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਨੂੰ ਵਾਪਸ ਲਿਆਉਣ ਲਈ ਇਕ ਖ਼ਾਸ ਸੈੱਲ ਬਣਾਇਆ ਗਿਆ ਹੈ, ਜਿਸ ਦੀ ਅਗਵਾਈ ਆਈਜੀ ਰੈਂਕ ਦੇ ਅਧਿਕਾਰੀ ਕਰ ਰਹੇ ਹਨ। ਇਸ ਸੈੱਲ ਵਿਚ ਸੂਬਾ ਤੇ ਕੇਂਦਰੀ ਏਜੰਸੀਆਂ ਦੇ ਅਧਿਕਾਰੀ ਮਿਲ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਹੁਣ ਆਰਗੇਨਾਈਜ਼ਡ ਕਰਾਈਮ ਖ਼ਿਲਾਫ਼ ਜੀਰੋ ਟੋਲਰੈਂਸ ਨੀਤੀ ਅਪਣਾਈ ਜਾਵੇਗੀ। ਕ੍ਰਿਮੀਨਲ ਫੰਡਿੰਗ, ਮਨੀ ਲਾਂਡਰਿੰਗ, ਪ੍ਰਾਪਰਟੀ ਅਟੈਚਮੈਂਟ ਤੇ ਹਰ ਕਾਨੂੰਨ ਦਾ ਪੂਰੀ ਤਾਕਤ ਨਾਲ ਇਸਤੇਮਾਲ ਕੀਤਾ ਜਾਵੇਗਾ। ਗੈਂਗਸਟਰਾਂ ਦੀ ਗੈਰਕਾਨੂੰਨੀ ਸੰਪਤੀ ਜ਼ਬਤ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਪੂਰੇ ਈਕੋ-ਸਿਸਟਮ ਨੂੰ ਖਤਮ ਕੀਤਾ ਜਾਵੇਗਾ।
ਬਾਕਸ
ਹੈਲਪਲਾਈਨ ਨੰਬਰ ਤੇ ਇਨਾਮਾਂ ਦੀ ਬਰਸਾਤ
ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਸਰਕਾਰ ਵੱਲੋਂ ਐਂਟੀ-ਗੈਂਗਸਟਰ ਹੈਲਪਲਾਈਨ ਨੰਬਰ ‘93946’ ਜਾਰੀ ਕੀਤਾ ਗਿਆ ਹੈ। ਇਹ ਨੰਬਰ ਸਿੱਧਾ ਏਜੀਟੀਐੱਫ ਹੈੱਡਕੁਆਰਟਰ ਤੋਂ ਆਪ੍ਰੇਟ ਹੋਵੇਗਾ। ਲੋਕ ਬੇਝਿਜਕ ਜਾਣਕਾਰੀ ਦੇ ਸਕਦੇ ਹਨ, ਉਨ੍ਹਾਂ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ 10 ਕਰੋੜ ਰੁਪਏ ਦਾ ਰਿਵਾਰਡ ਫੰਡ ਵੀ ਬਣਾਇਆ ਹੈ। ਜੇ ਕੋਈ ਵਿਅਕਤੀ ਕਿਸੇ ਅਪਰਾਧੀ ਜਾਂ ਗੈਂਗਸਟਰ ਬਾਰੇ ਅਜਿਹੀ ਜਾਣਕਾਰੀ ਦਿੰਦਾ ਹੈ, ਜਿਸ ਨਾਲ ਉਸ ਦੀ ਗ੍ਰਿਫ਼ਤਾਰੀ ਜਾਂ ਠਿਕਾਣੇ ਤੱਕ ਪਹੁੰਚਣ ਵਿਚ ਮਦਦ ਮਿਲਦੀ ਹੈ, ਤਾਂ ਉਸਨੂੰ ਇਨਾਮ ਦਿੱਤਾ ਜਾਵੇਗਾ।
ਐੱਸਐੱਸਪੀ ਪੱਧਰ ’ਤੇ 1 ਲੱਖ, ਡੀਆਈਜੀ ਤੇ ਪੁਲਿਸ ਕਮਿਸ਼ਨਰ ਪੱਧਰ ’ਤੇ 1.5 ਲੱਖ, ਏਡੀਜੀਪੀ ਅਤੇ ਏਜੀਟੀਐੱਫ ਪੱਧਰ ’ਤੇ 2 ਲੱਖ ਅਤੇ ਡੀਜੀਪੀ ਪੱਧਰ ’ਤੇ ਵੱਧ ਤੋਂ ਵੱਧ 10 ਲੱਖ ਰੁਪਏ ਤੱਕ ਇਨਾਮ ਦਿੱਤਾ ਜਾ ਸਕਦਾ ਹੈ। ਨਾਲ ਹੀ ਐੱਨਡੀਪੀਐੱਸ ਐਕਟ ਤਹਿਤ ਵੀ ਇਨਾਮ ਨਿਰਧਾਰਤ ਹਨ, ਜਿਵੇਂ ਇਕ ਕਿਲੋ ਹੈਰੋਇਨ ਫੜਨ ’ਤੇ 60 ਹਜ਼ਾਰ ਰੁਪਏ ਅਤੇ ਪ੍ਰਾਪਰਟੀ ਫ੍ਰੀਜ਼ ਕਰਵਾਉਣ ’ਤੇ 40 ਹਜ਼ਾਰ ਰੁਪਏ।
ਬਾਕਸ
ਸੋਸ਼ਲ ਮੀਡੀਆ ’ਤੇ ਨਜ਼ਰ
ਐੱਸਐੱਸਪੀ ਨੇ ਕਿਹਾ ਕਿ ਗਨ ਕਲਚਰ ਨੂੰ ਪ੍ਰਮੋਟ ਕਰਨ ਜਾਂ ਗੈਂਗਸਟਰਾਂ ਦੀ ਮਹਿਮਾ ਮੰਡਨ ਕਰਨ ਵਾਲੇ ਸੋਸ਼ਲ ਮੀਡੀਆ ਅਕਾਊਂਟ ਹੁਣ ਡਿਲੀਟ ਕੀਤੇ ਜਾਣਗੇ ਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ।
ਬਾਕਸ
ਟ੍ਰੈਵਲ ਏਜੰਟ ’ਤੇ ਤਿੱਖੀ ਨਜ਼ਰ
ਐੱਸਐੱਸਪੀ ਨੇ ਦੱਸਿਆ ਕਿ ਪੁਲਿਸ ਉਨ੍ਹਾਂ ਟ੍ਰੈਵਲ ਏਜੰਟਾਂ ’ਤੇ ਵੀ ਤਿੱਖੀ ਨਜ਼ਰ ਰੱਖ ਰਹੀ ਹੈ, ਜੋ ਅਪਰਾਧੀਆਂ ਨੂੰ ਫਰਜ਼ੀ ਤਰੀਕੇ ਨਾਲ ਵਿਦੇਸ਼ ਭੱਜਣ ਵਿਚ ਮਦਦ ਕਰਦੇ ਹਨ।