ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਵੱਲੋਂ ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ
ਭਾਰਤ ਰਤਨ ਡਾਕਟਰ ਬੀ਼ ਆਰ ਅੰਬੇਡਕਰ ਜੀ ਦੇ ਪ੍ਰੀ-ਨਿਰਵਾਣ ਦਿਵਸ ਤੇ ਫੁੱਲ ਮਾਲਾਵਾਂ ਕੀਤੀਆਂ ਅਰਪਿਤ:
Publish Date: Sat, 06 Dec 2025 07:02 PM (IST)
Updated Date: Sat, 06 Dec 2025 07:03 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਐੱਸਸੀ/ਬੀਸੀ ਸਮਾਜ ਦੇ ਮੁਲਾਜ਼ਮ ਵਰਗ ਅਤੇ ਸਮਾਜ ਦੀਆਂ ਜਾਇਜ਼ ਅਤੇ ਸੰਵਿਧਾਨਿਕ ਮੰਗਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਗਜ਼ਟਿਡ ਅਤੇ ਨਾਨ ਗਜ਼ਟਿਡ ਐੱਸਸੀ/ਬੀਸੀ ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਇਕਾਈ ਕਪੂਰਥਲਾ ਦੇ ਪ੍ਰਧਾਨ ਸਤਵੰਤ ਟੂਰਾ, ਮਨਜੀਤ ਗਾਟ, ਗਿਆਨ ਚੰਦ ਵਾਹਦ, ਲਖਵੀਰ ਚੰਦ ਤੇ ਬਲਵਿੰਦਰ ਨੇ ਨਿਧੜਕ ਦੀ ਅਗਵਾਈ ਅਧੀਨ ਭਾਰਤ ਰਤਨ ਡਾ. ਬੀਆਰ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਮੌਕੇ ਫਗਵਾੜਾ ਦੇ ਅੰਬੇਡਕਰ ਪਾਰਕ ਵਿਚ ਡਾ. ਅੰਬੇਡਕਰ ਜੀ ਦੇ ਬੁੱਤ ’ਤੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ। ਇਸ ਮੌਕੇ ਟੂਰਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਇਲੈਕਸ਼ਨ ਕਮਿਸ਼ਨ ਵੱਲੋਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੀ ਰਿਹਰਸਲ ਬਾਬਾ ਸਾਹਿਬ ਜੀ ਦੇ ਪ੍ਰੀਨਿਰਵਾਣ ਦਿਵਸ ’ਤੇ ਰੱਖ ਕੇ ਐੱਸਸੀ/ਬੀਸੀ ਸਮਾਜ ਵਿਚ ਰੋਸ ਪੈਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਹਰ ਸਰਕਾਰੀ ਦਫਤਰ ਵਿਚ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਅਤੇ ਦਲਿਤ ਸਮਾਜ ਦੇ ਮਹਾਨ ਰਹਿਬਰ ਡਾ. ਬੀਆਰ ਅੰਬੇਡਕਰ ਜੀ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ ਪਰ ਕਿਸੇ ਵੀ ਪਾਰਟੀ ਦੇ ਨੇਤਾ ਨੂੰ ਬਾਬਾ ਸਾਹਿਬ ਜੀ ਦਾ ਪ੍ਰੀਨਿਰਵਾਣ ਦਿਵਸ ਯਾਦ ਨਹੀਂ ਤੇ ਨਾ ਹੀ ਕਿਸੇ ਪਾਰਟੀ ਨੇ ਇਹ ਚੋਣ ਰਿਹਰਸਲ ਅੱਗੇ ਪਾਉਣ ਲਈ ਕਿਹਾ ਹੈ, ਇਹ ਸਭ ਕੁਝ ਜਾਣ-ਬੁੱਝ ਕੇ ਕੀਤਾ ਜਾ ਰਿਹਾ ਹੈ। ਫੈੱਡਰੇਸ਼ਨ ਵੱਲੋਂ ਬਾਬਾ ਸਾਹਿਬ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ’ਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਦੇਸ਼ ਦੇ ਸਾਰੇ ਰਾਜਾਂ ਦੇ ਸਾਰੇ ਸਕੂਲਾਂ ਵਿਚ ਭਾਰਤ ਰਤਨ ਡਾ. ਬੀਆਰ ਅੰਬੇਡਕਰ ਜੀ ਵੱਲੋਂ ਲਿਖਿਆ ਗਿਆ ਸੰਵਿਧਾਨ ਜ਼ਰੂਰ ਪੜ੍ਹਾਇਆ ਜਾਵੇ ਤਾਂ ਕਿ ਦੇਸ਼ ਦਾ ਹਰ ਵਿਦਿਆਰਥੀ ਆਪਣੇ ਦੇਸ਼ ਦੇ ਸੰਵਿਧਾਨ ਨੂੰ ਪੜ੍ਹ ਸਕੇ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਸਕੇ। ਯੂਨੀਵਰਸਿਟੀ ਅਤੇ ਕਾਲਜ ਪੱਧਰ ’ਤੇ ਸੰਵਿਧਾਨ ਦਾ ਵਿਸਥਾਰ ਦੱਸਿਆ ਜਾਵੇ ਤਾਂ ਕਿ ਜੋ ਵਿਦਿਆਰਥੀ ਕਾਨੂੰਨ ਦੀ ਪੜ੍ਹਾਈ ਕਰਨਾ ਚਾਹੁੰਦੇ ਹਨ, ਕਾਲਜ ਦੀ ਪੜ੍ਹਾਈ ਦੌਰਾਨ ਹੀ ਉਨ੍ਹਾਂ ਦੇ ਮਨ ਵਿਚ ਸੰਵਿਧਾਨ ਪੜ੍ਹਨ ਦੀ ਰੁਚੀ ਪੈਦਾ ਹੋ ਸਕੇ। ਇਸੇ ਤਰ੍ਹਾਂ ਹਰ ਕਾਲਜ ਅਤੇ ਯੂਨੀਵਰਸਿਟੀ ਕੈਂਪਸ ਵਿਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀਆਰ ਅੰਬੇਡਕਰ ਜੀ ਦਾ ਬੁੱਤ ਲਗਾਇਆ ਜਾਵੇ ਤਾਂ ਕਿ ਉਨ੍ਹਾਂ ਦੁਆਰਾ ਪ੍ਰਾਪਤ ਕੀਤੀਆਂ ਗਈਆਂ ਡਿਗਰੀਆਂ ਤੇ ਵੱਖ-ਵੱਖ ਭਾਸ਼ਾਵਾਂ ਦੇ ਗਿਆਨ ਨੂੰ ਵੇਖਦੇ ਹੋਏ ਵਿਦਿਆਰਥੀ ਜ਼ਿਆਦਾ ਪੜਨ ਦੀ ਪ੍ਰੇਰਨਾ ਲੈ ਸਕਣ। ਇਸ ਮੌਕੇ ਜਸਵੀਰ ਲਾਲ, ਰਾਮਪਾਲ, ਅਸ਼ੋਕ ਕੁਮਾਰ, ਸੁਰਿੰਦਰ ਪਾਲ, ਵਿਨੋਦ ਕੁਮਾਰ, ਹੈਨਰੀ, ਗੁਰ ਸੇਵਕ ਆਦਿ ਹਾਜ਼ਰ ਸਨ। ਕੈਪਸ਼ਨ-06ਪੀਐਚਜੀ7