ਗਰੀਨ ਸਕੂਲ ਰਾਸ਼ਟਰੀ ਐਵਾਰਡ ਲਈ ਜ਼ਿਲ੍ਹਾ ਕਪੂਰਥਲਾ ਦੇ ਪੰਜ ਸਰਕਾਰੀ ਸਕੂਲਾਂ ਦੀ ਚੋਣ

ਦੀਪਕ, ਪੰਜਾਬੀ ਜਾਗਰਣ
ਕਪੂਰਥਲਾ : ਪੰਜਾਬ ਰਾਜ ਸਾਇੰਸ ਟੈਕਨਾਲੋਜੀ ਕੌਂਸਲ ਚੰਡੀਗੜ੍ਹ ਵੱਲੋਂ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਤੇ ਜਲਵਾਯੂ ਤਬਦੀਲੀ ਮੰਤਰਾਲੇ ਦੇ ਵਾਤਾਵਰਣ ਸਿੱਖਿਆ ਪ੍ਰੋਗਰਾਮ ਤਹਿਤ ਦੇਸ਼ ਭਰ ਵਿਚ ਚਲਾਏ ਜਾ ਰਹੇ ਗਰੀਨ ਸਕੂਲ ਪ੍ਰੋਗਰਾਮ ਆਡਿਟ ਵਿਚ ਸ਼ਮੂਲੀਅਤ ਕਰਨ ਵਾਲੇ ਕਪੂਰਥਲਾ ਜ਼ਿਲ੍ਹੇ ਦੇ ਵਾਤਾਵਰਣ ਪ੍ਰਤੀ ਸੰਵੇਦਨਸ਼ੀਲ ਵਾਤਾਵਰਣ ਸਿੱਖਿਆ ਪ੍ਰੋਗਰਾਮ ਦੇ ਸਕੂਲ ਕੋਆਰਡੀਨੇਟਰਾਂ ਨੂੰ ਵਧਾਈ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਗਰੀਨ ਸਕੂਲ ਪ੍ਰੋਗਰਾਮ ਤਹਿਤ ਪੰਜਾਬ ਭਰ ਵਿਚੋਂ 218 ਸਕੂਲਾਂ ਦੀ ਚੋਣ ਕੀਤੀ ਗਈ ਹੈ, ਜਿਸ ਵਿਚੋਂ 5 ਸਕੂਲ ਜ਼ਿਲ੍ਹਾ ਕਪੂਰਥਲਾ ਨਾਲ ਸਬੰਧਤ ਹਨ। ਉਪ ਜ਼ਿਲ੍ਹਾ ਸਿਖਿਆ ਅਫਸਰ ਰਾਜੇਸ਼ ਭੱਲਾ ਨੇ ਗਰੀਨ ਸਕੂਲ ਪ੍ਰੋਗਰਾਮ ਦੇ ਕੋਆਰਡੀਨੇਟਰਾਂ ਵੱਲੋਂ ਕੀਤੀ ਜਾਂਦੀ ਮਿਹਨਤ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਕਪੂਰਥਲਾ ਵੱਧ ਤੋ ਵੱਧ ਸਕੂਲਾਂ ਵਿਚ ਵਾਤਾਵਰਣ ਪੱਖੀ ਸਿਸਟਮ ਦੀ ਸਥਾਪਤੀ ਲਈ ਕਾਰਜਸ਼ੀਲ ਹੈ। ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮਮਤਾ ਬਜਾਜ ਅਤੇ ਡਿਪਟੀ ਡੀਈਓ ਡਾ. ਬਲਵਿੰਦਰ ਸਿੰਘ ਬੱਟੂ ਨੇ ਵੀ ਸਕੂਲ਼ਾਂ ਵੱਲੋਂ ਵਾਤਾਵਰਣ ਲਈ ਕੀਤੇ ਜਾ ਰਹੇ ਉੱਦਮਾਂ ਦੀ ਸ਼ਲਾਘਾ ਕੀਤੀ। ਜ਼ਿਲ੍ਹਾ ਐਕਟੀਵੀਟੀ ਕੋਆਰਡੀਨੇਟਰ ਸੁਨੀਲ ਬਜਾਜ ਅਤੇ ਈਕੋ ਕਲੱਬ ਦੇ ਜ਼ਿਲ੍ਹਾ ਕੋਆਰਡੀਨੇਟਰ ਗਗਨਦੀਪ ਸਿੰਘ ਹੈੱਡਮਾਸਟਰ ਸਹਸ ਹਮੀਰਾ ਨੇ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਵਿਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਈਕੋ ਕਲੱਬ ਸਥਾਪਤ ਕੀਤੇ ਗਏ ਹਨ, ਜਿਸ ਤਹਿਤ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਆਮ ਲੋਕਾਂ ਨੂੰ ਵਾਤਾਵਰਣ ਸਬੰਧੀ ਵੱਖ-ਵੱਖ ਗਤੀਵਿਧੀਆਂ ਰਾਹੀਂ ਜਾਗਰੂਕ ਅਤੇ ਸੰਵੇਦਨਸ਼ੀਲ ਕੀਤਾ ਜਾਂਦਾ ਹੈ। ਵਾਤਾਵਰਣ ਸਿੇਖਿਆ ਪ੍ਰੋਗਰਾਮ ਦੇ ਜ਼ਿਲ੍ਹਾ ਕੋਆਰਡੀਨੇਟਰ ਗਗਨਦੀਪ ਸਿੰਘ ਨੇ ਵਧੇਰੇ ਜਾਣਕਾਰੀ ਦਿੰਦੇ ਦੱਸਿਆ ਕਿ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਨਮੈਂਟ ਨਵੀਂ ਦਿੱਲੀ ਵੱਲੋਂ ਹਰ ਸਾਲ ਗਰੀਨ ਸਕੂਲ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲ਼ਾਂ ‘ਚ ਹਵਾ, ਊਰਜਾ, ਖੁਰਾਕ, ਭੌਂ, ਪਾਣੀ ਅਤੇ ਰਹਿੰਦ ਖੂੰਹਦ ਦੀ ਵਿਵਸਥਾ ਦਾ ਆਡਿਟ ਕੀਤਾ ਜਾਂਦਾ ਹੈ ਅਤੇ ਨੈਸ਼ਨਲ ਪੱਧਰ ’ਤੇ ਜੇਤੂ ਘੋਸ਼ਿਤ ਕੀਤੇ ਜਾਂਦੇ ਹਨ। ਇਸ ਸਾਲ ਨਿਰਧਾਰਿਤ ਪੈਰਾਮੀਟਰ ’ਤੇ ਪੂਰਨ ਰਹਿਣ ਵਾਲੇ ਸਕੂਲਾਂ ਵਿਚੋਂ ਗਰੀਨ ਸਕੂਲ ਰਾਸ਼ਟਰੀ ਐਵਾਰਡ ਪ੍ਰਾਪਤ ਕਰਨ ਦਾ ਮਾਣ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਬਲੇਰ ਖਾਨਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਮੱਝਾ, ਸਰਕਾਰੀ ਹਾਈ ਸਕੂਲ ਪੰਡੋਰੀ, ਸਰਕਾਰੀ ਹਾਈ ਸਕੂਲ ਹਮੀਰਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਨੰਗਲ ਨਾਰਾਇਣਗੜ੍ਹ ਨੇ ਪ੍ਰਾਪਤ ਕੀਤਾ ਹੈ ਅਤੇ ਇਸ ਪ੍ਰਾਪਤੀ ਲਈ ਇੰਚਾਰਜਾਂ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਵਾਤਾਵਰਨ ਕੇਂਦਰ ਵੱਲੋਂ ਨਵੀਂ ਦਿੱਲੀ ਦੇ ਇੰਡੀਅਨ ਹੈਬੀਟੈਟ ਕੇਂਦਰ ਵਿਖੇ 30 ਜਨਵਰੀ ਨੂੰ ਸਨਮਾਨ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਜਾਵੇਗਾ।
ਇਨ੍ਹਾਂ ਸਕੂਲਾਂ ਨੂੰ ਮਿਲੇਗਾ ਸਨਮਾਨ
ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ, ਬਲੇਰ ਖਾਨਪੁਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨੰਗਲ ਮੱਝਾ
ਸਰਕਾਰੀ ਹਾਈ ਸਕੂਲ, ਪੰਡੋਰੀ
ਸਰਕਾਰੀ ਹਾਈ ਸਕੂਲ, ਹਮੀਰਾ
ਸਰਕਾਰੀ ਪ੍ਰਾਇਮਰੀ ਸਕੂਲ, ਨੰਗਲ ਨਾਰਾਇਣਗੜ੍ਹ