ਮਿੱਠੜਾ ’ਚ ਦੋ ਦਿਨਾਂ ਜਾਗਰੂਕਤਾ ਵਰਕਸ਼ਾਪ ਸ਼ੁਰੂ
ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਦੋ ਦਿਨਾਂ ਜਾਗਰੁਕਤਾ ਵਰਕਸ਼ਾਪ ਦੇ ਪਹਿਲੇ ਦਿਨ ਦਾ ਸਫ਼ਲ ਆਯੋਜਨ
Publish Date: Thu, 22 Jan 2026 10:06 PM (IST)
Updated Date: Thu, 22 Jan 2026 10:09 PM (IST)

ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਪਿੰਡਾਂ ਦੀਆਂ ਲੜਕੀਆਂ ਵਿਚ ਸਿਹਤ, ਸਫ਼ਾਈ ਤੇ ਮਰਿਆਦਾ ਪ੍ਰਤੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ “ਟੈਬੂ ਤੋਂ ਜਾਗਰੂਕਤਾ-ਪਿੰਡਾਂ ਦੀਆਂ ਲੜਕੀਆਂ ਲਈ ਸਿਹਤ, ਸਫ਼ਾਈ ਅਤੇ ਮਰਿਆਦਾ” ਥੀਮ ਅਧੀਨ ਕੀਤਾ ਗਿਆ। ਇਹ ਵਰਕਸ਼ਾਪ ਉਪ-ਕੁਲਪਤੀ ਪ੍ਰੋ. ਡਾ. ਕਰਮਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ, ਪ੍ਰੋ. ਡਾ. ਸਰੋਜ ਅਰੋੜਾ ਡੀਨ ਕਾਲਜ ਵਿਕਾਸ ਕੌਂਸਲ ਦੀ ਅਗਵਾਈ ਹੇਠ ਸੈਂਟਰ ਫਾਰ ਐਗਰੀਕਲਚਰਲ ਰਿਸਰਚ ਇਨੋਵੇਸ਼ਨ ਦੇ ਸਹਿਯੋਗ ਤੇ ਰੂਸਾ ਦੀ ਸਪਾਂਸਰਸ਼ਿਪ ਨਾਲ ਆਯੋਜਿਤ ਕੀਤੀ ਜਾ ਰਹੀ ਹੈ। ਵਰਕਸ਼ਾਪ ਦੇ ਪਹਿਲੇ ਦਿਨ ਮੈਡਮ ਰਮਨਜੀਤ ਕੌਰ (ਸੁਪਰਵਾਈਜ਼ਰ, ਮਹਿਲਾ ਅਤੇ ਬਾਲ ਵਿਕਾਸ ਵਿਭਾਗ) ਤੇ ਡਾ. ਕੁਲਵਿੰਦਰ (ਸਿਵਲ ਸਰਜਨ, ਕਪੂਰਥਲਾ) ਵੱਲੋਂ ਵਿਸ਼ੇਸ਼ ਸੈਸ਼ਨਾਂ ਦੌਰਾਨ ਪੋਸ਼ਣ, ਸੰਤੁਲਿਤ ਆਹਾਰ, ਸਿਹਤ ਤੇ ਘਾਟ ਨਾਲ ਸਬੰਧਤ ਬਿਮਾਰੀਆਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਮਹਿਲਾਵਾਂ ਦੀਆਂ ਸਮਾਜਿਕ ਤੇ ਪਰਿਵਾਰਕ ਜ਼ਿੰਮੇਵਾਰੀਆਂ ਉਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਤੀਸਰੇ ਸੈਸ਼ਨ ਵਿਚ ਮੈਡਮ ਨਤਾਸ਼ਾ (ਸੀਡੀਪੀਓ, ਕਪੂਰਥਲਾ) ਨੇ ਮਹਿਲਾਵਾਂ ਦੀ ਸੁਰੱਖਿਆ ਨਾਲ ਸਬੰਧਤ ਕਾਨੂੰਨਾਂ ਬਾਰੇ ਜਾਗਰੂਕ ਕੀਤਾ। ਵਰਕਸ਼ਾਪ ਦੌਰਾਨ ਪ੍ਰਸ਼ਨ-ਉੱਤਰ ਤੇ ਫੀਡਬੈਕ ਸੈਸ਼ਨ ਦੌਰਾਨ ਵਿਦਿਆਰਥਣਾਂ ਨੇ ਮਾਸਿਕ ਧਰਮ, ਪੋਸ਼ਣ ਦੀ ਘਾਟ, ਸਫ਼ਾਈ, ਸਿਹਤ ਸੰਭਾਲ ਅਤੇ ਕਾਨੂੰਨੀ ਸੁਰੱਖਿਆ ਨਾਲ ਜੁੜੇ ਆਪਣੇ ਸਵਾਲ ਪੁੱਛੇ। ਮਾਹਿਰ ਬੁਲਾਰਿਆਂ ਵੱਲੋਂ ਇਨ੍ਹਾਂ ਸਵਾਲਾਂ ਦੇ ਸਹਿਜ, ਵਿਗਿਆਨਕ ਅਤੇ ਹੌਂਸਲਾ ਅਫ਼ਜ਼ਾਈ ਕਰਨ ਵਾਲੇ ਉੱਤਰ ਦਿੱਤੇ ਗਏ। ਇਸ ਮੌਕੇ ਵਰਕਸ਼ਾਪ ਦੇ ਕੋ-ਆਰਡੀਨੇਟਰ ਡਾ. ਪਰਮਜੀਤ ਕੌਰ (ਮੁਖੀ, ਕਾਮਰਸ ਵਿਭਾਗ) ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਪੇਂਡੂ ਖਿੱਤੇ ਦੀਆਂ ਲੜਕੀਆਂ ਨੂੰ ਸਵੈ-ਨਿਰਭਰ ਅਤੇ ਆਤਮ-ਵਿਸ਼ਵਾਸੀ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਕਾਲਜ ਦੇ ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਕਿਹਾ ਕਿ ਸਿਹਤ, ਸਫ਼ਾਈ ਤੇ ਕਾਨੂੰਨੀ ਜਾਗਰੂਕਤਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਵਰਕਸ਼ਾਪ ਵਿਚ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ, ਮੈਡਮ ਹਰਜਿੰਦਰ ਕੌਰ ਤੇ ਮੈਡਮ ਅਮਨਦੀਪ ਕੌਰ ਦੀ ਵਿਸ਼ੇਸ਼ ਭੂਮਿਕਾ ਰਹੀ। ਇਸ ਤੋਂ ਇਲਾਵਾ ਨੇੜਲੇ ਟਿੱਬਾ, ਆਰਸੀਐੱਫ ਅਤੇ ਸੈਦਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਤੋਂ ਆਈਆਂ ਵਿਦਿਆਰਥਣਾਂ ਨੇ ਭਰਪੂਰ ਉਤਸ਼ਾਹ ਨਾਲ ਵਰਕਸ਼ਾਪ ਵਿਚ ਭਾਗ ਲਿਆ।