ਅਕਾਲੀ ਆਗੂ ਦੇ ਭਤੀਜੇ ਘਰ ਫਾਇਰਿੰਗ
ਕਪੂਰਥਲਾ ਵਿੱਚ ਇੱਕ ਕਿਸਾਨ ਦੇ ਘਰ 'ਤੇ ਫਾਇਰਿੰਗ, 13 ਕਾਰਤੂਸ ਦੇ ਖੋਲ ਬਰਾਮਦ
Publish Date: Fri, 09 Jan 2026 07:11 PM (IST)
Updated Date: Fri, 09 Jan 2026 07:12 PM (IST)
ਚੋਣ ਰੰਜਿਸ਼ ਤਹਿਤ ਫਾਇਰਿੰਗ ਕਰਨ ਦਾ ਲਾਇਆ ਦੋਸ਼, 13 ਰਾਊਂਡ ਫਾਇਰਿੰਗ ਹੋਈ
ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ
ਕਪੂਰਥਲਾ : ਕਪੂਰਥਲਾ ਦੇ ਪਿੰਡ ਲੱਖਣ ਕਲਾਂ ਵਿਚ ਬੀਤੀ ਦੇਰ ਰਾਤ ਇਕ ਕਿਸਾਨ ਦੇ ਘਰ 'ਤੇ ਅੰਨ੍ਹੇਵਾਹ ਫਾਇਰਿੰਗ ਦੀ ਇਕ ਘਟਨਾ ਵਾਪਰੀ। ਅਣਪਛਾਤੇ ਹਮਲਾਵਰਾਂ ਨੇ ਅਕਾਲੀ ਦਲ (ਅੰਮ੍ਰਿਤਸਰ) ਦੇ ਸਾਬਕਾ ਆਗੂ ਕਸ਼ਮੀਰ ਸਿੰਘ ਦੇ ਭਤੀਜੇ ਦਲਜੀਤ ਸਿੰਘ ਦੇ ਘਰ ਨੂੰ ਨਿਸ਼ਾਨਾ ਬਣਾਇਆ। ਰਾਤ 10:15 ਵਜੇ ਦੇ ਕਰੀਬ ਹੋਈ 13 ਰਾਉਂਡ ਫਾਇਰਿੰਗ ਨੇ ਪੂਰੇ ਇਲਾਕੇ ਵਿਚ ਦਹਿਸ਼ਤ ਫੈਲਾ ਦਿੱਤੀ। ਸੂਚਨਾ ਮਿਲਣ 'ਤੇ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਮੌਕੇ ਤੋਂ 13 ਕਾਰਤੂਸ ਦੇ ਖੋਲ ਮਿਲੇ। ਡੀਐੱਸਪੀ ਸਬ-ਡਵੀਜ਼ਨ ਸ਼ੀਤਲ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬਰਾਮਦ ਕੀਤੇ ਗਏ ਕੁਝ ਖੋਲ 30-ਬੋਰ ਤੇ 32-ਬੋਰ ਦੇ ਸਨ। ਜਾਂਚ ਅਨੁਸਾਰ ਕਿਸਾਨ ਦਲਜੀਤ ਸਿੰਘ ਪੁੱਤਰ ਗੁਰਮੁਖ ਸਿੰਘ ਪਿੰਡ ਦੇ ਬਾਹਰ ਇਕ ਡੇਰੇ ਵਿਚ ਰਹਿੰਦਾ ਹੈ। ਫਾਇਰਿੰਗ ਦੌਰਾਨ ਕੁਝ ਗੋਲੀਆਂ ਘਰ ਦੇ ਮੁੱਖ ਗੇਟ ਅਤੇ ਕੰਧ 'ਤੇ ਲੱਗੀਆਂ। ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਿਸ ਘਰ 'ਤੇ ਫਾਇਰਿੰਗ ਹੋਈ ਉਹ ਪਿੰਡ ਦੀ ਸਹਿਕਾਰੀ ਸਭਾ ਦੇ ਦਫ਼ਤਰ ਦੇ ਬਿਲਕੁਲ ਸਾਹਮਣੇ ਸਥਿਤ ਹੈ। ਘਟਨਾ ਸਥਾਨ ਦੇ ਨੇੜੇ ਸੀਸੀਟੀਵੀ ਕੈਮਰੇ ਨਾ ਹੋਣ ਕਾਰਨ ਪੁਲਿਸ ਨੂੰ ਹਮਲਾਵਰਾਂ ਦੀ ਪਛਾਣ ਕਰਨ ਵਿਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਅਕਾਲੀ ਦਲ (ਮਾਨ) ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਥੇਦਾਰ ਕਸ਼ਮੀਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਭਤੀਜੇ ਦੇ ਘਰ 'ਤੇ ਹੋਈ ਫਾਇਰਿੰਗ ਚੋਣ ਰੰਜਿਸ਼ ਦਾ ਨਤੀਜਾ ਹੈ। ਫਿਲਹਾਲ ਪੁਲਿਸ ਨੇ ਪੀੜਤ ਦਾ ਬਿਆਨ ਦਰਜ ਕਰ ਲਿਆ ਹੈ ਅਤੇ ਅਣਪਛਾਤੇ ਹਮਲਾਵਾਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਹਮਲਾਵਰਾਂ ਦੀ ਭਾਲ ਕਰ ਰਹੀ ਹੈ। ਪੁਲਿਸ ਵੱਲੋਂ ਪੁਰਾਣੀ ਰੰਜਿਸ਼ ਸਮੇਤ ਸਾਰੇ ਪਹਿਲੂਆਂ ਨੂੰ ਧਿਆਨ ਵਿਚ ਰੱਖਦਿਆਂ ਜਾਂਚ ਕੀਤੀ ਜਾ ਰਹੀ ਹੈ।