ਹੜ੍ਹ ਪੀੜਤ ਪਰਿਵਾਰ ਨੂੰ ਲੜਕੀ ਦੇ ਵਿਆਹ ਲਈ ਦਿੱਤੀ ਵਿੱਤੀ ਸਹਾਇਤਾ
ਹੜ੍ਹ ਪੀੜ੍ਹਤ ਪਰਿਵਾਰ ਨੂੰ ਲੜਕੀ ਦੇ ਵਿਆਹ ਲਈ ਦਿੱਤੀ ਵਿੱਤੀ ਸਹਾਇਤਾ
Publish Date: Sun, 18 Jan 2026 07:54 PM (IST)
Updated Date: Sun, 18 Jan 2026 07:58 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਬੀਤੇ ਸਮੇਂ ਦੌਰਾਨ ਪੰਜਾਬ ਅੰਦਰ ਹੜ੍ਹਾਂ ਨਾਲ ਬਹੁਤ ਸਾਰੇ ਜ਼ਿਲ੍ਹਿਆਂ ਵਿਚ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਅਤੇ ਹੜ੍ਹ ਪ੍ਰਭਾਵਿਤ ਖੇਤਰ ਵਿਚ ਲੋਕਾਂ ਦੇ ਘਰ ਢਹਿ-ਢੇਰੀ ਹੋ ਗਏ ਤੇ ਸਮੁੱਚੀਆਂ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ। ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਬਾਊਪੁਰ ਏਰੀਏ ਵਿਚ ਵੀ ਲੋਕਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ। ਇਨ੍ਹਾਂ ਹੜ੍ਹ ਪੀੜਤਾਂ ਦੀ ਸਮਾਜਿਕ, ਧਾਰਮਿਕ ਤੇ ਸਮਾਜ ਸੇਵੀ ਲੋਕਾਂ ਵੱਲੋਂ ਵੱਡੇ ਪੱਧਰ ’ਤੇ ਮਾਲੀ ਮਦਦ ਕਰਕੇ ਰਾਹਤ ਪਹੁੰਚਾਈ ਗਈ। ਇਸੇ ਲੜੀ ਤਹਿਤ ਦਿਆਲ ਸਿੰਘ ਦੀਪੇਵਾਲ ਰਿਟਾ. ਏਏਓ ਪੀਐੱਸਪੀਸੀਐੱਲ ਸਮਾਜ ਸੇਵੀ, ਮੁਲਾਜ਼ਮ ਜਥੇਬੰਦੀ ਤੇ ਆਲ-ਇੰਡੀਆ ਕਿਸਾਨ ਸਭਾ ਜਥੇਬੰਦੀ ਨਾਲ ਸਬੰਧਤ ਆਗੂ ਵੱਲੋਂ ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਏਰੀਏ ਦੇ ਪਿੰਡ ਬਾਊਪੁਰ ਜਦੀਦ ਦੇ ਹੜ੍ਹ ਪੀੜ੍ਹਤ ਪਰਿਵਾਰ ਸ੍ਰੀਮਤੀ ਕੰਵਲਜੀਤ ਕੌਰ ਪਤਨੀ ਸਵ. ਹਰਦਿਆਲ ਸਿੰਘ ਨੂੰ ਉਨ੍ਹਾਂ ਦੀ ਲੜਕੀ ਦੇ ਵਿਆਹ ਲਈ 10 ਦਸ ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਤੇ ਨਾਲ ਹੀ ਲੜਕੀ ਦੇ ਵਿਆਹ ਲਈ ਕੁਝ ਜ਼ਰੂਰੀ ਸਮਾਨ ਵੀ ਦਿੱਤਾ ਗਿਆ। ਇਸ ਮੌਕੇ ਦਿਆਲ ਸਿੰਘ ਦੀਪੇਵਾਲ ਨੇ ਕਿਹਾ ਕਿ 2025 ਦੌਰਾਨ ਆਏ ਹੜ੍ਹਾਂ ਦੌਰਾਨ ਮੰਡ ਬਾਊਪੁਰ ਏਰੀਏ ਵਿਚ ਰਹਿੰਦੇ ਪਰਿਵਾਰਾਂ ਦਾ ਬਹੁਤ ਹੀ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ ਤੇ ਇਸ ਮੁਸ਼ਕਲ ਦੀ ਘੜੀ ਵਿਚ ਆਪਣੀ ਸਮਰੱਥਾ ਮੁਤਾਬਿਕ ਇਨ੍ਹਾਂ ਲੋੜਵੰਦਾਂ ਦੀ ਮਦਦ ਕਰਨਾ ਸਾਡੀ ਇਕ ਸਮਾਜਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਦੀ ਮਦਦ ਉਦੋਂ ਤੱਕ ਕਰਨੀ ਜ਼ਰੂਰੀ ਹੈ, ਜਦੋਂ ਤੱਕ ਉਹ ਆਪਣੇ ਪੈਰਾਂ ’ਤੇ ਨਹੀਂ ਖੜ੍ਹ ਜਾਂਦੇ। ਇਸ ਤੋਂ ਪਹਿਲਾਂ ਵੀ ਸਮਾਜ ਸੇਵੀ ਦਿਆਲ ਸਿੰਘ ਦੀਪੇਵਾਲ ਵੱਲੋਂ ਹੜ੍ਹ ਪੀੜਤ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਗਈ ਸੀ।