ਸ਼ਰਾਰਤੀਆਂ ਨੇ ਬਿਜਲੀ ਮੀਟਰਾਂ ਦੀਆਂ ਸੀਲਾਂ ਤੋੜੀਆਂ
ਡਡਵਿੰਡੀ ’ਚ ਸ਼ਰਾਰਤੀ ਤੱਤਾਂ ਵਲੋ ਬਿਜਲੀ ਮੀਟਰਾਂ ਦੀਆਂ ਸੀਲਾਂ ਤੋੜੀ ਗਈਆਂ — ਖਪਤਕਾਰਾਂ ਵਿੱਚ ਦਹਿਸ਼ਤ ਦਾ ਮਾਹੌਲ
Publish Date: Sun, 07 Dec 2025 08:34 PM (IST)
Updated Date: Sun, 07 Dec 2025 08:36 PM (IST)

ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਪਿੰਡ ਡਡਵਿੰਡੀ ਵਿਚ ਸ਼ਰਾਰਤੀ ਤੱਤਾਂ ਵੱਲੋਂ ਬਿਜਲੀ ਦੇ ਮੀਟਰ ਬਕਸਿਆਂ ਨਾਲ ਛੇੜਛਾੜ ਕੀਤੇ ਜਾਣ ਕਾਰਨ ਖਪਤਕਾਰ ਬਹੁਤ ਚਿੰਤਿਤ ਹਨ ਕਿਉਂਕਿ ਮੀਟਰਾਂ ਦੀਆਂ ਸੀਲਾਂ ਤੋੜੇ ਜਾਣ ਤੋਂ ਬਾਅਦ ਲੋਕਾਂ ਵਿਚ ਇਹ ਡਰ ਵਧ ਗਿਆ ਹੈ ਕਿ ਬਿਜਲੀ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿਚ ਭਾਰੀ-ਭਰਕਮ ਜੁਰਮਾਨੇ ਨਾ ਲਗਾ ਦਿੱਤੇ ਜਾਣ। ਖਪਤਕਾਰਾਂ ਦੇ ਮਨ ਵਿਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਗਲਤੀ ਕਿਸਦੀ ਤੇ ਡਿਊਟੀ ਕਿਸਦੀ ਹੈ। ਕੁਝ ਲੋਕਾਂ ਨੇ ਦੱਬੀ ਜ਼ੁਬਾਨ ਵਿਚ ਦਸਿਆ ਕਿ ਜਦੋਂ ਸੀਲਾਂ ਤੋੜਨ ਵਾਲੀ ਕਾਰਵਾਈ ਵਿਚ ਖਪਤਕਾਰਾਂ ਦਾ ਕੋਈ ਦੋਸ਼ ਹੀ ਨਹੀਂ ਹੈ ਤਾਂ ਭੁਗਤਾਨ ਦੀ ਸਜ਼ਾ ਉਹ ਕਿਵੇਂ ਸਹਿਣ ਕਰਨ। ਲੋਕਾਂ ਦੀ ਮੰਗ ਹੈ ਕਿ ਬਿਜਲੀ ਵਿਭਾਗ ਇਸ ਮਾਮਲੇ ਦੀ ਪੂਰੀ ਜਾਂਚ ਕਰੇ ਅਤੇ ਜਿਨ੍ਹਾਂ ਦੀ ਲਾਪਰਵਾਹੀ ਹੈ, ਉਨ੍ਹਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਤੇ ਉਨ੍ਹਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਖਪਤਕਾਰਾਂ ਨੂੰ ਬੇਦੋਸ਼ੇ ਹੋਣ ਦੇ ਬਾਵਜੂਦ ਵੀ ਜੁਰਮਾਨਿਆਂ ਦੇ ਖੌਫ ਨਾਲ ਨਾ ਜਿਉਣਾ ਪਏ। ਇਸ ਲਈ ਵਿਭਾਗ ਇਸ ’ਤੇ ਤੁਰੰਤ ਕਾਰਵਾਈ ਕਰੇ। ਕੁਝ ਲੋਕਾਂ ਨੇ ਦੱਸਿਆ ਹੈ ਕਿ ਬਿਜਲੀ ਵਿਭਾਗ ਦੀ ਅਣਗਿਹਲੀ ਕਾਰਨ ਵੀ ਕੁਝ ਮੀਟਰਾਂ ਦੀਆਂ ਤਾਰਾਂ ਢਿੱਲੀਆਂ ਛੱਡਣ ਨਾਲ ਵੀ ਕੁੱਝ ਮੀਟਰਾਂ ਦੀਆਂ ਸੀਲਾਂ ਸਪਾਰਕ ਹੋਣ ਕਾਰਨ ਸੜ ਕੇ ਟੁੱਟ ਗਈਆਂ ਹਨ, ਜਿਨ੍ਹਾਂ ਨੂੰ ਬਿਜਲੀ ਵਿਭਾਗ ਵੱਲੋਂ ਦੁਬਾਰਾ ਵੇਖਣ ਦੀ ਖੇਚਲ ਤੱਕ ਨਹੀਂ ਕੀਤੀ ਗਈ ਹੈ।