ਸਬ-ਡਿਵੀਜ਼ਨ ਭੁਲੱਥ ’ਚ ਵੋਟਾਂ ਦੀ ਗਿਣਤੀ ਭਲਕੇ 17
ਸਬ ਡਵੀਜ਼ਨ ਭੁਲੱਥ ’ਚ ਬਲਾਕ ਸੰਮਤੀ ਨਡਾਲਾ ਦੀ ਚੋਣ ਸ਼ਾਂਤੀਪੂਰਕ ਢੰਗ ਨਾਲ ਸੰਪੰਨ, ਵੋਟਾਂ ਦੀ ਗਿਣਤੀ ਭਲਕੇ 17
Publish Date: Mon, 15 Dec 2025 08:25 PM (IST)
Updated Date: Mon, 15 Dec 2025 08:27 PM (IST)
ਕੰਗ ਪੰਜਾਬੀ ਜਾਗਰਣ ਨਡਾਲਾ : ਸਬ-ਡਿਵੀਜ਼ਨ ਭੁਲੱਥ ਅਧੀਨ ਆਉਂਦੀ ਬਲਾਕ ਸੰਮਤੀ ਨਡਾਲਾ ਦੀ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹ ਗਈ। ਇਸ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ ਵਿਚ ਬੰਦ ਹੋ ਗਈ ਹੈ, ਜਿਨ੍ਹਾਂ ਨੂੰ ਨਡਾਲਾ ਕਾਲਜ ਵਿਚ ਬਣਾਏ ਗਏ ਸਟ੍ਰਾਂਗ ਰੂਮਾਂ ਵਿਚ ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸੰਭਾਲ ਕੇ ਰੱਖਿਆ ਗਿਆ ਹੈ। ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ 17 ਦਸੰਬਰ ਨੂੰ ਗੁਰੂ ਨਾਨਕ ਪ੍ਰੇਮ ਕਰਮਸਰ ਨਡਾਲਾ ਵਿਖੇ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ। ਚੋਣ ਪ੍ਰਕਿਰਿਆ ਦੇ ਸ਼ਾਂਤਮਈ ਤਰੀਕੇ ਨਾਲ ਪੂਰਾ ਹੋਣ ਉਪਰੰਤ ਹੁਣ ਸਾਰਿਆਂ ਦੀਆਂ ਨਿਗਾਹਾਂ ਨਤੀਜਿਆਂ ’ਤੇ ਟਿਕੀਆਂ ਹੋਈਆਂ ਹਨ। ਇਸ ਸਬੰਧੀ ਸੋਮਵਾਰ ਨੂੰ ਰਿਟਰਨਿੰਗ ਅਫਸਰ ਰਜਿੰਦਰ ਸਿੰਘ, ਐੱਸਡੀਐੱਮ ਭੁਲੱਥ ਵੱਲੋਂ ਨਡਾਲਾ ਕਾਲਜ ਵਿਖੇ ਪਹੁੰਚ ਕੇ ਗਿਣਤੀ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਨੂੰ ਸੁਚਾਰੂ, ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਸੁਰੱਖਿਆ ਦੇ ਪੂਰੇ ਇੰਤਜ਼ਾਮ ਹੋਣਗੇ।