ਜੱਜੀ ਮਾਰਗ ‘ਤੇ ਬਜ਼ੁਰਗ ਨਾਲ ਲੁੱਟ
ਜੱਜੀ ਮਾਰਗ ‘ਤੇ ਬਜ਼ੁਰਗ ਨਾਲ ਲੁੱਟ, ਪੁਲਿਸ ਚੌਂਕੀ ‘ਚ ਨਫ਼ਰੀ ਦੀ ਕਮੀ ਕਾਰਨ ਪਰੇਸ਼ਾਨੀ
Publish Date: Sat, 15 Nov 2025 09:46 PM (IST)
Updated Date: Sat, 15 Nov 2025 09:50 PM (IST)

ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ ਨਡਾਲਾ : ਸ਼ਨੀਵਾਰ ਦੁਪਹਿਰ ਕਰੀਬ 2 ਵਜੇ ਜੱਜੀ ਮਾਰਗ ’ਤੇ ਸਥਿਤ ਗੁਰਾਇਆ ਜਿਮ ਨੇੜੇ ਦੋ ਅਣਪਛਾਤੇ ਲੁਟੇਰਿਆਂ ਵੱਲੋਂ ਇਕ ਬਜ਼ੁਰਗ ਵਿਅਕਤੀ ਨਾਲ ਕੁੱਟਮਾਰ ਕਰਕੇ ਉਸ ਦਾ ਮੋਬਾਇਲ ਫੋਨ ਅਤੇ ਨਕਦੀ ਲੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੰਬਰਦਾਰ ਵਿਲੀਅਮ ਪੁੱਤਰ ਸਰਦਾਰ, ਵਾਸੀ ਰਾਏਪੁਰ ਰਾਈਆਂ ਨੇ ਦੱਸਿਆ ਕਿ ਉਹ ਦੁਪਹਿਰ ਢਾਈ ਵਜੇ ਦੇ ਕਰੀਬ ਆਪਣੀ ਸਕੂਟਰੀ ‘ਤੇ ਪੈਟਰੋਲ ਪੰਪ ਵੱਲ ਜਾ ਰਹੇ ਸਨ। ਜਦੋਂ ਉਹ ਗੁਰਾਇਆ ਜਿਮ ਦੇ ਕੋਲ ਪਹੁੰਚੇ ਤਾਂ ਪਿੱਛੋਂ ਦੋ ਮੋਨੇ ਨੌਜਵਾਨ ਪਲਸਰ ਮੋਟਰਸਾਈਕਲ ‘ਤੇ ਆਏ ਅਤੇ ਉਨ੍ਹਾਂ ਨੂੰ ਧੱਕਾ ਮਾਰ ਕੇ ਸੜਕ ‘ਤੇ ਸੁੱਟ ਦਿੱਤਾ। ਨੌਜਵਾਨ ਕੁੱਟਮਾਰ ਕਰਦਿਆਂ ਉਨ੍ਹਾਂ ਕੋਲੋਂ ਮੋਬਾਇਲ ਅਤੇ ਨਕਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਵਿਲੀਅਮ ਨੇ ਦੱਸਿਆ ਕਿ ਜਿਮ ਵਿਚੋਂ ਇਕ ਨੌਜਵਾਨ ਨੇ ਲੁਟੇਰਿਆਂ ਦਾ ਪਿੱਛਾ ਵੀ ਕੀਤਾ ਪਰ ਉਹ ਤੇਜ਼ ਰਫ਼ਤਾਰ ਨਾਲ ਭੱਜ ਨਿਕਲੇ। ਬਜ਼ੁਰਗ ਨੇ ਕਿਹਾ ਕਿ ਜਦੋਂ ਉਹ ਨਡਾਲਾ ਪੁਲਿਸ ਚੌਂਕੀ ਵਿਚ ਸ਼ਿਕਾਇਤ ਦਰਜ ਕਰਨ ਪਹੁੰਚੇ ਤਾਂ ਉੱਥੇ ਕੋਈ ਵੀ ਪੁਲਿਸ ਮੁਲਾਜ਼ਮ ਮੌਜੂਦ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੁਟੇਰਿਆਂ ਨੂੰ ਜਲਦੀ ਕਾਬੂ ਕਰਕੇ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਨਡਾਲਾ ਚੌਂਕੀ ਵਿਚ ਪੁਲਿਸ ਨਫ਼ਰੀ ਵਧਾਈ ਜਾਵੇ ਤਾਂ ਜੋ ਇਲਾਕੇ ਵਿਚ ਅਜਿਹੀਆਂ ਘਟਨਾਵਾਂ ‘ਤੇ ਰੋਕ ਲੱਗ ਸਕੇ। ਇਸ ਦੌਰਾਨ ਏਐੱਸਆਈ ਦਲਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਘਟਨਾ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੈਪਸ਼ਨ : 15ਕੇਪੀਟੀ49 ਕੈਪਸ਼ਨ: 15ਕੇਪੀਟੀ50