ਅਧਿਆਪਕ ਜੋੜੇ ਦੇ ਪਰਿਵਾਰ ਨੂੰ 1-1 ਕਰੋੜ ਮੁਆਵਜ਼ਾ ਦਿੱਤਾ ਜਾਵੇ : ਡੀਟੀਐੱਫ
ਅਧਿਆਪਕ ਜੋੜੇ ਦੀ ਦਰਦਨਾਕ ਮੌਤ ਤੇ ਡੀ.ਟੀ.ਐੱਫ ਨੇ ਜਤਾਇਆ ਗਹਿਰਾ ਦੁੱਖ ਅਤੇ ਪ੍ਰਸ਼ਾਸਨ ਖਿਲਾਫ ਸਖਤ ਰੋਸ
Publish Date: Mon, 15 Dec 2025 06:48 PM (IST)
Updated Date: Mon, 15 Dec 2025 06:51 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਲੰਘੇ ਐਤਵਾਰ ਸਵੇਰੇ ਚੋਣ ਡਿਊਟੀ ’ਤੇ ਜਾ ਰਹੇ ਮੋਗਾ ਜ਼ਿਲੇ ਦੇ ਸੰਗਤਪੁਰਾ ਪਿੰਡ ਨੇੜੇ ਅਧਿਆਪਕ ਜੋੜੇ ਜਸਕਰਨ ਸਿੰਘ ਅਤੇ ਉਨ੍ਹਾਂ ਦੀ ਪਤਨੀ (ਵਾਸੀ ਧੂੜਕੋਟ ਰਣਸੀਹ) ਦੀ ਕਾਰ ਸੰਘਣੀ ਧੁੰਦ ਕਾਰਨ ਨਹਿਰ ਵਿਚ ਡਿੱਗ ਗਈ। ਇਸ ਕਾਰਨ ਦੋਵਾਂ ਅਧਿਆਪਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਫਗਵਾੜਾ ਨੇ ਆਪਣੇ ਆਗੂਆਂ ਬਿਕਰਮਦੇਵ ਸਿੰਘ, ਮਹਿੰਦਰ ਕੌੜਿਆਂ ਵਾਲੀ ਅਤੇ ਅਸ਼ਵਨੀ ਅਵਸਥੀ ਦੇ ਹਵਾਲੇ ਨਾਲ ਇਸ ਦਰਦਨਾਕ ਘਟਨਾ ’ਤੇ ਗਹਿਰੇ ਦੁੱਖ ਦਾ ਇਜ਼ਹਾਰ ਅਤੇ ਪ੍ਰਸ਼ਾਸਨ ਉੱਤੇ ਸਖਤ ਇਤਰਾਜ਼ ਅਤੇ ਰੋਸ ਜ਼ਾਹਰ ਕੀਤਾ ਹੈ। ਫਰੰਟ ਦੇ ਸਥਾਨਕ ਆਗੂਆਂ ਗੁਰਮੁਖ ਲੋਕਪ੍ਰੇਮੀ, ਜਤਿੰਦਰ ਕੁਮਾਰ, ਹਰਜਿੰਦਰ ਨਿਆਣਾ, ਮਲਕੀਤ ਸਿੰਘ ਅਤੇ ਸਤਨਾਮ ਪਰਮਾਰ ਆਦਿ ਨੇ ਪ੍ਰੈੱਸ ਬਿਆਨ ਦਿੰਦਿਆਂ ਕਿਹਾ ਕਿ ਡੀਟੀਐੱਫ ਤੇ ਹੋਰ ਜਥੇਬੰਦੀਆਂ ਵੱਲੋਂ ਪਹਿਲਾਂ ਹੀ ਵਾਰ-ਵਾਰ ਮੰਗ ਕੀਤੀ ਗਈ ਸੀ ਕਿ ਚੋਣ ਡਿਊਟੀਆਂ ਦੌਰਾਨ ਸਕੂਲੀ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਕੀਤਾ ਜਾਵੇ ਅਤੇ ਅਧਿਆਪਕਾਂ ਦੀ ਡਿਊਟੀ ਬਾਕੀ ਮੁਲਾਜ਼ਮਾਂ ਦੇ ਅਨੁਪਾਤ ’ਚ ਹੀ ਲਗਾਈ ਜਾਵੇ। ਸਾਰਾ ਸਾਲ ਚੱਲਣ ਵਾਲਾ ਕੰਮ ਕਰਦੇ ਹੋਣ ਕਾਰਨ ਬੀਐੱਲਓਜ਼ ਨੂੰ ਡਿਊਟੀ ਤੋਂ ਛੋਟ ਦਿੱਤੀ ਜਾਵੇ। ਮੁਲਾਜ਼ਮਾਂ ਦੀਆਂ ਡਿਊਟੀਆਂ ਰਿਹਾਇਸ਼ੀ ਬਲਾਕਾਂ ਚ ਹੀ ਲਗਾਈਆਂ ਜਾਣ। ਕਪਲ ਕੇਸ ਵਿਚ ਇਕ ਮੁਲਾਜ਼ਮ ਦੀ ਹੀ ਡਿਊਟੀ ਲਗਾਈ ਜਾਵੇ। ਵਿਧਵਾ ਤਲਾਕਸ਼ੁਦਾ ਛੋਟੇ ਬੱਚਿਆਂ ਦੀਆਂ ਮਾਵਾਂ ਅਤੇ ਬਿਮਾਰਾਂ ਨੂੰ ਡਿਊਟੀ ਤੋਂ ਛੋਟ ਦਿੱਤੀ ਜਾਵੇ। ਇਸ ਸਬੰਧੀ ਡੀਟੀਐੱਫ ਵੱਲੋਂ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਭੇਜੇ ਗਏ ਸਨ ਪਰ ਜ਼ਿਲ੍ਹਾ ਅਧਿਕਾਰੀਆਂ ਨੇ ਭਾਵਹੀਣਤਾ ਅਤੇ ਲਾਪਰਵਾਹੀ ਨਾਲ ਸਾਰੀਆਂ ਮੰਗਾਂ ਨੂੰ ਅੱਖੋਂ-ਪਰੋਖੇ ਕਰ ਦਿੱਤਾ। ਔਰਤ ਮੁਲਾਜ਼ਮਾਂ ਸਮੇਤ ਵੱਡੀ ਗਿਣਤੀ ਵਿਚ ਡਿਊਟੀਆਂ 70-80 ਕਿਲੋਮੀਟਰ ਦੂਰ ਤੱਕ ਲਗਾਈਆਂ ਗਈਆਂ, ਜਿਸ ਕਾਰਨ ਮੁਲਾਜ਼ਮਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਆਗੂਆਂ ਨੇ ਕਿਹਾ ਕਿ ਦੋ ਕੀਮਤੀ ਜਾਨਾਂ ਦਾ ਨੁਕਸਾਨ ਸ਼ਬਦਾਂ ਵਿਚ ਬਿਆਨ ਕਰਨਾ ਸੰਭਵ ਨਹੀਂ। ਉਨ੍ਹਾਂ ਮੰਗ ਕੀਤੀ ਕਿ ਮ੍ਰਿਤਕਾਂ ਦੇ ਪਰਿਵਾਰ ਨੂੰ ਇਕ-ਇਕ ਕਰੋੜ ਮੁਆਵਜ਼ਾ ਦਿੱਤਾ ਜਾਵੇ ਅਤੇ ਪਰਿਵਾਰ ਦੇ ਭਵਿੱਖ ਦੀ ਸੁਰੱਖਿਆ ਹਿੱਤ ਸਰਕਾਰ ਜ਼ਿੰਮੇਵਾਰਾਨਾ ਐਲਾਨ ਕਰੇ। ਕੇਵਲ ਇੰਨਾ ਹੀ ਕਾਫੀ ਨਹੀਂ ਅਧਿਆਪਕ, ਮੁਲਾਜ਼ਮ ਜਥੇਬੰਦੀਆਂ ਨਾਲ਼ ਉੱਚ ਪੱਧਰੀ ਮੀਟਿੰਗ ਕਰਕੇ ਚੋਣ ਡਿਊਟੀਆਂ ਦੌਰਾਨ ਰੱਖੇ ਜਾਂਦੇ ਸਾਰੇ ਮਸਲੇ ਹੱਲ ਕੀਤੇ ਜਾਣ ਅਤੇ ਭਵਿੱਖ ਵਿਚ ਚੋਣਾਂ ਦਾ ਕੋਈ ਸੁਚੱਜਾ ਸਿਸਟਮ ਅਮਲ ਵਿਚ ਲਿਆਂਦਾ ਜਾਵੇ। ਇਸ ਮੌਕੇ ਸੁਰਿੰਦਰ ਰਾਮ, ਸੁਖਜਿੰਦਰ ਸਿੰਘ, ਸੁਰਿੰਦਰ ਰਾਮ, ਰਮੇਸ਼ ਸਿੰਘ, ਸਤਿੰਦਰ ਕੁਮਾਰ ਅਤੇ ਕੁਲਦੀਪਕ ਕਾਲੀਆ ਵੀ ਹਾਜ਼ਰ ਸਨ।