ਵਾਹਨ ਚਲਾਉਣ ਸਮੇਂ ਜੋਸ਼ ਦੀ ਨਹੀਂ, ਹੋਸ਼ ਦੀ ਜ਼ਰੂਰਤ
ਸੜਕ ਤੇ ਵਾਹਨ ਚਲਾਉਣ ਸਮੇਂ ਜੋਸ਼ ਦੀ ਜ਼ਰੂਰਤ ਨਹੀਂ, ਹੋਸ਼ ਦੀ ਜ਼ਰੂਰਤ ਹੈ
Publish Date: Sat, 17 Jan 2026 08:02 PM (IST)
Updated Date: Sat, 17 Jan 2026 08:04 PM (IST)
-ਸੜਕੀ ਹਾਦਸਿਆਂ ਨੂੰ ਰੋਕਣ ਲਈ ਜਾਗਰੂਕਤਾ ਸੈਮੀਨਾਰ ਜਾਰੀ
-ਹਾਦਸਿਆਂ ਨੂੰ ਰੋਕਣ ਲਈ ਚਾਲਕ ਦਾ ਜਾਗਰੂਕ ਹੋਣਾ ਜ਼ਰੂਰੀ
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਨੈਸ਼ਨਲ ਰੋਡ ਸੇਫਟੀ ਮਹੀਨਾ-2026 ਭਾਰਤ ਸਰਕਾਰ, ਪੰਜਾਬ ਸਰਕਾਰ ਤੇ ਡਾਇਰੈਕਟਰ ਜਨਰਲ ਆਫ਼ ਪੁਲਿਸ ਟਰੈਫਿਕ ਪੰਜਾਬ ਚੰਡੀਗੜ੍ਹ ਦੇ ਹੁਕਮਾਂ ਅਨੁਸਾਰ 1 ਤੋਂ 31 ਜਨਵਰੀ ਤੱਕ ਨੈਸ਼ਨਲ ਰੋਡ ਸੇਫਟੀ ਮਹੀਨਾ ਮਨਾਇਆ ਜਾ ਰਿਹਾ। ਸੜਕ ਸੁਰੱਖਿਆ ਅਭਿਆਨ ਤਹਿਤ ਟ੍ਰੈਫਿਕ ਪੁਲਿਸ ਕਪੂਰਥਲਾ ਅਤੇ ਰੋਡ ਸੇਫਟੀ ਟੀਮ ਮੈਂਬਰ ਗੁਰਬਚਨ ਸਿੰਘ ਬੰਗੜ ਸਟੇਟ ਐਵਾਰਡੀ ਵੱਲੋਂ ਸੜਕੀ ਆਵਾਜਾਈ ਨਿਯਮਾਂ ਬਾਰੇ ਆਮ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਕਿ ਸੜਕੀ ਹਾਦਸਿਆਂ ਨੂੰ ਰੋਕਿਆ ਜਾ ਸਕੇ। ਅੱਜ ਆਈਟੀਸੀ ਫੈਕਟਰੀ ਦੇ ਅਧਿਕਾਰੀਆਂ ਕਰਮਚਾਰੀਆਂ ਨੂੰ ਟਰੈਫਿਕ ਨਿਯਮਾਂ ਸਬੰਧੀ ਰੋਡ ਸੇਫਟੀ ਟੀਮ ਮੈਂਬਰ ਗੁਰਬਚਨ ਸਿੰਘ ਬੰਗੜ ਤੇ ਟਰੈਫਿਕ ਇੰਚਾਰਜ ਇੰਸਪੈਕਟਰ ਦਰਸ਼ਨ ਸਿੰਘ ਨੇ ਜਾਣਕਾਰੀ ਦਿੱਤੀ। ਇਸ ਦੌਰਾਨ ਦੱਸਿਆ ਗਿਆ ਕਿ ਦੋ ਪਹੀਆਂ ਵਾਹਨ ਚਲਾਉਣ ਸਮੇਂ ਹੈਲਮਟ ਦੀ ਵਰਤੋਂ ਜ਼ਰੂਰ ਕੀਤੀ ਜਾਵੇ, ਇਸ ਨਾਲ ਸਿਰ ਦੀ ਸੱਟ ਤੋਂ ਬਚਿਆ ਜਾ ਸਕਦਾ ਹੈ। ਚਾਰ ਪਹੀਆਂ ਵਾਹਨ ਚਲਾਉਣ ਸਮੇਂ ਸੀਟ ਬੈਲਟ ਦਾ ਇਸਤੇਮਾਲ ਕੀਤਾ ਜਾਵੇ ਅਤੇ ਨਾਲ ਬੈਠੀਆਂ ਸਵਾਰੀਆਂ ਨੂੰ ਵੀ ਸੀਟ ਬੈਲਟ ਜ਼ਰੂਰ ਲਗਾਈ ਜਾਵੇ, ਇਸ ਨਾਲ ਮੌਤ ਤੇ ਸੱਟਾਂ ਤੋਂ ਬਚਿਆਂ ਜਾ ਸਕਦਾ ਹੈ। ਦੁਰਘਟਨਾ ਦੌਰਾਨ ਸੀਟ ਬੈਲਟ ਮੌਤ ਦੀ ਸੰਭਾਵਨਾ ਅਤੇ ਉਸਦੇ ਪ੍ਰਭਾਵ ਨੂੰ ਕਾਫੀ ਹੱਦ ਤੱਕ ਘੱਟ ਕਰ ਦਿੰਦੀ ਹੈ। ਸਰਦੀ ਦੇ ਮੌਸਮ ਵਿਚ ਧੁੰਦ ਦਾ ਪ੍ਰਕੋਪ ਹਰ ਰੋਜ਼ ਵਧਦਾ ਹੀ ਜਾ ਰਿਹਾ ਹੈ, ਜਿਸ ਨਾਲ ਸੜਕੀ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ। ਹਰੇਕ ਵਾਹਨ ਚਾਲਕ ਦਾ ਫਰਜ਼ ਬਣਦਾ ਹੈ ਕਿ ਵਾਹਨ ਨੂੰ ਸੁਰੱਖਿਅਤ ਚਲਾਇਆ ਜਾਵੇ ਤਾਂ ਜੋ ਸੜਕ ਹਾਦਸਿਆਂ ਤੋਂ ਬਚਾਅ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਧੁੰਦ ਵਿਚ ਗੱਡੀ ਚਲਾਉਂਦੇ ਸਮੇਂ ਰਫ਼ਤਾਰ ਘੱਟ ਰੱਖੋ ਅਤੇ ਹੈੱਡਲਾਈਟਾਂ ਚਾਲੂ ਕਰੋ। ਜੇਕਰ ਵਾਹਨ ਉੱਤੇ ਫਾਗ ਲਾਈਟਾਂ ਲੱਗੀਆਂ ਹੋਈਆਂ ਹਨ ਤਾਂ ਉਨ੍ਹਾਂ ਨੂੰ ਚਾਲੂ ਕਰੋ। ਵਾਹਨਾਂ ਵਿਚਾਲੇ ਹਮੇਸ਼ਾ ਸੁਰੱਖਿਅਤ ਦੂਰੀ ਬਣਾ ਕੇ ਰੱਖੋ। ਹਮੇਸ਼ਾ ਲੋਅ ਬੀਮ ਮੋਡ ’ਤੇ ਹੈੱਡਲਾਈਟਾਂ ਨੂੰ ਰੱਖੋ, ਤਾਂ ਜੋ ਵਾਹਨ ਚਾਲਕ ਸੜਕ ਨੂੰ ਚੰਗੀ ਤਰ੍ਹਾਂ ਦੇਖ ਸਕਣ। ਧੁੰਦ ਵਿਚ ਹਾਈ ਬੀਮ ਰੱਖਣ ਨਾਲ ਕੋਈ ਮਦਦ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਵਾਹਨ ਚਲਾਉਣ ਸਮੇਂ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਵਰਤੋਂ ਨਾ ਕੀਤੀ ਜਾਵੇ, ਸੜਕ ’ਤੇ ਵਾਹਨ ਨਾ ਪਾਰਕ ਕੀਤਾ ਜਾਵੇ, ਸੀਮਤ ਰਫ਼ਤਾਰ ਨਾਲ ਵਾਹਨ ਚਲਾਇਆ ਜਾਵੇ, ਵਾਹਨ ਚਲਾਉਣ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ ਨਾ ਕੀਤੀ ਜਾਵੇ। ਇਸ ਮੌਕੇ ਇੰਚਾਰਜ ਟਰੈਫਿਕ ਇੰਸਪੈਕਟਰ ਦਰਸ਼ਨ ਸਿੰਘ, ਏਐੱਸਆਈ ਬਲਵਿੰਦਰ ਸਿੰਘ ਨਟਕਰ ਅਤੇ ਆਈਟੀਸੀ ਦੇ ਅਧਿਕਾਰੀ-ਕਰਮਚਾਰੀ ਹਾਜ਼ਰ ਸਨ।