24 ਅਪ੍ਰੈਲ ਦੀ ਸਿਆਸੀ ਘਟਨਾ ਤੋਂ ਬਾਅਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਤਿੱਖੇ ਸ਼ਬਦਾਂ ’ਚ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਰਾਜਨੀਤੀ ਹੁਣ ਸਿਧਾਂਤਾਂ ਦੀ ਨਹੀਂ ਰਹੀ, ਸਗੋਂ ਜਿੱਥੇ ਫਾਇਦਾ ਫਿੱਟ ਬੈਠੇ, ਉੱਥੇ ਪੱਖ ਬਦਲਣ ਦਾ ਰੁਝਾਨ ਵਧ ਗਿਆ ਹੈ।

ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ, ਕਪੂਰਥਲਾ : ਦੇਸ਼ ਦੇ ਰਾਜਨੀਤਿਕ ਹਲਕਿਆਂ ’ਚ ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾ ਦੇ ਭਾਰਤੀ ਜਨਤਾ ਪਾਰਟੀ ’ਚ ਰਲੇਵੇ ਦੀ ਵੱਡੀ ਸਿਆਸੀ ਘਟਨਾ ਤੋਂ ਬਾਅਦ ਸੂਬੇ ’ਚ ਆਮ ਆਦਮੀ ਪਾਰਟੀ ਦੇ ਬਚੇ ਇਕਲੌਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਹੈ ਕਿ ‘ਧਨਾਢ ਲੋਕ ਡਰ ਦੇ ਮਾਰੇ ਪਾਰਟੀ ਬਦਲ ਗਏ ਹਨ, ਕਈਆਂ ਦੇ ਫੈਸਲਿਆਂ ਪਿੱਛੇ ਉਨ੍ਹਾਂ ਦੀਆਂ ਆਪਣੀਆਂ ਕਾਰੋਬਾਰੀ ਕਮਜ਼ੋਰੀਆ ਹੋ ਸਕਦੀਆ ਹਨ ਪਰ ਸਾਡਾ ਜੀਵਨ ਸਾਫ ਸੁਥਰਾ ਹੈ ਤੇ ਅਸੀਂ ਲੋਕ ਸੇਵਾ ਦੇ ਮਕਸਦ ਨਾਲ ਪੰਜਾਬ ਵਾਸੀਆ ਲਈ ਡਟ ਕੇ ਖੜ੍ਹੇ ਹਾਂ।
24 ਅਪ੍ਰੈਲ ਦੀ ਸਿਆਸੀ ਘਟਨਾ ਤੋਂ ਬਾਅਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਤਿੱਖੇ ਸ਼ਬਦਾਂ ’ਚ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਰਾਜਨੀਤੀ ਹੁਣ ਸਿਧਾਂਤਾਂ ਦੀ ਨਹੀਂ ਰਹੀ, ਸਗੋਂ ਜਿੱਥੇ ਫਾਇਦਾ ਫਿੱਟ ਬੈਠੇ, ਉੱਥੇ ਪੱਖ ਬਦਲਣ ਦਾ ਰੁਝਾਨ ਵਧ ਗਿਆ ਹੈ। ਸੰਤ ਸੀਚੇਵਾਲ ਨੇ ਮੌਜੂਦਾ ਸਿਆਸੀ ਹਾਲਾਤਾਂ ’ਤੇ ਚਿੰਤਾ ਜਤਾਉਂਦਿਆਂ ਕਿਹਾ, ‘ਰਾਜਨੀਤੀ ਦਾ ਕੋਈ ਪੱਕਾ ਸਿਧਾਂਤ ਨਹੀਂ ਰਹਿ ਗਿਆ, ਅੱਜ ਕੱਲ ਕਿਸੇ ’ਤੇ ਭਰੋਸਾ ਨਹੀਂ ਰਹਿੰਦਾ।” ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਚੋਣ ਆਪਣੇ ਸਟੈਂਡ ’ਤੇ ਕਾਇਮ ਹੈ, ਜਦਕਿ ਹੋਰ ਲੋਕ ਵੱਖ-ਵੱਖ ਕਾਰਨਾਂ ਕਰਕੇ ਆਪਣਾ ਰਾਹ ਬਦਲ ਗਏ ਹਨ।
ਇਸ ਵੱਡੀ ਘਟਨਾ ਤੋਂ ਬਾਅਦ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ ਅਤੇ ਵੱਖ-ਵੱਖ ਧਿਰਾਂ ਵੱਲੋਂ ਅਲੱਗ-ਅਲੱਗ ਤਰ੍ਹਾਂ ਦੀਆਂ ਵਿਆਖਿਆਵਾਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ, ਸੰਤ ਸੀਚੇਵਾਲ ਨੇ ਆਪਣੇ ਸੰਤੁਲਿਤ ਅਤੇ ਸਪਸ਼ਟ ਬਿਆਨ ਨਾਲ ਇਹ ਸੰਕੇਤ ਦੇ ਦਿੱਤਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਣਸ਼ਚਿਤਤਾ ਤੋਂ ਉਪਰ ਰਹਿੰਦੇ ਹੋਏ ਆਪਣੇ ਰਾਹ ’ਤੇ ਅਡਿਗ ਹੈ। ਉਨ੍ਹਾਂ ਦੇ ਬਿਆਨਾਂ ਨੇ ਜਿੱਥੇ ਸਿਆਸੀ ਅਟਕਲਾਂ ਨੂੰ ਨਵਾਂ ਰੁਖ ਦਿੱਤਾ ਹੈ, ਉੱਥੇ ਉਨ੍ਹਾਂ ਦਾ ਸਾਫ਼ ਅਤੇ ਸੰਤੁਲਿਤ ਲਹਿਜ਼ਾ ਵੀ ਚਰਚਾ ਦਾ ਕੇਂਦਰ ਬਣ ਗਿਆ ਹੈ।
‘ਮੈਂ ਸਿਆਸਤ ਨੂੰ ਸੇਵਾ ਦੇ ਤੌਰ ‘ਤੇ ਲਿਆ ਹੈ, ਇਹ ਮੇਰੇ ਲਈ ਕੋਈ ਵਪਾਰ ਨਹੀਂ’
ਸੰਤ ਸੀਚੇਵਾਲ ਨੇ ਦ੍ਰਿੜਤਾ ਨਾਲ ਕਿਹਾ ਕਿ ਉਨ੍ਹਾਂ ਦੀ ਰਾਜਨੀਤਿਕ ਯਾਤਰਾ ਦਾ ਮਕਸਦ ਸਿਰਫ਼ ਲੋਕਾਂ ਦੀ ਸੇਵਾ ਕਰਨਾ ਹੈ ਅਤੇ ਉਹ ਕਿਸੇ ਵੀ ਤਰ੍ਹਾਂ ਦੀ ਸਿਆਸੀ ਸੌਦੇਬਾਜ਼ੀ ਜਾਂ ਲਾਭ-ਹਾਨੀ ਦੇ ਹਿਸਾਬ ਨਾਲ ਨਹੀਂ ਚਲਦੇ। “ਮੇਰੇ ਲਈ ਸਿਧਾਂਤ ਸਭ ਤੋਂ ਵੱਡੇ ਹਨ, ਮੈਂ ਉਨ੍ਹਾਂ ਨਾਲ ਕੋਈ ਸਮਝੌਤਾ ਨਹੀਂ ਕਰਾਂਗਾ”ਉਨ੍ਹਾਂ ਨੇ ਖੁੱਲ੍ਹ ਕੇ ਕਿਹਾ ਕਿ ਉਨ੍ਹਾਂ ਦੀ ਰਾਜਨੀਤੀ ਦੀ ਨੀਂਹ ਸਿਧਾਂਤਾਂ ‘ਤੇ ਟਿਕੀ ਹੈ ਅਤੇ ਕਿਸੇ ਵੀ ਹਾਲਤ ਵਿੱਚ ਉਹ ਇਸ ਲਕੀਰ ਤੋਂ ਹਟਣ ਵਾਲੇ ਨਹੀਂ ਹਨ। “ਮੈਂ ਕਿਸੇ ਦਬਾਅ ਜਾਂ ਲਾਲਚ ਹੇਠ ਆ ਕੇ ਫੈਸਲੇ ਨਹੀਂ ਕਰਦਾ” ਉਨ੍ਹਾਂ ਨੇ ਦ੍ਰਿੜਤਾ ਨਾਲ ਕਿਹਾ ਕਿ ਉਹ ਆਪਣੇ ਮੂਲ ਮਕਸਦ ਤੋਂ ਹਟਣ ਵਾਲੇ ਨਹੀਂ ਅਤੇ ਲੋਕਾਂ ਦੀ ਭਲਾਈ ਹੀ ਉਨ੍ਹਾਂ ਦੀ ਪਹਿਲ ਰਹੇਗੀ। ਉਨ੍ਹਾਂ ਦੀ ਸੋਚ ਆਜ਼ਾਦ ਹੈ ਅਤੇ ਉਹ ਕਿਸੇ ਵੀ ਤਰ੍ਹਾਂ ਦੇ ਸਿਆਸੀ ਦਬਾਅ ਨੂੰ ਮੰਨਣ ਵਾਲੇ ਨਹੀਂ।
“ਅਫ਼ਵਾਹਾਂ ਨਾਲ ਸੱਚਾਈ ਨਹੀਂ ਬਦਲਦੀ”
ਆਪ ਦੇ ਵਿਧਾਇਕਾ ਦੇ ਭਾਜਪਾ ਚ ਜਾਣ ਦੀਆ ਅਟਕਾਲ ਬਾਰੇ ਉਹਨਾ ਕਿਹਾ ਕਿ “ਅਫ਼ਵਾਹਾਂ ਸਿਆਸਤ ਦਾ ਹਿੱਸਾ ਹੁੰਦੀਆਂ ਹਨ, ਪਰ ਲੋਕਾਂ ਨੂੰ ਸੱਚਾਈ ਸਮਝਣੀ ਚਾਹੀਦੀ ਹੈ” ਚੱਲ ਰਹੀਆਂ ਚਰਚਾਵਾਂ ‘ਤੇ ਪ੍ਰਤੀਕਿਰਿਆ ਦਿੰਦਿਆਂ ਉਨਾ ਨੇ ਕਿਹਾ ਕਿ ਅਕਸਰ ਅਧੂਰੀ ਜਾਂ ਗਲਤ ਜਾਣਕਾਰੀ ਨਾਲ ਮਾਹੌਲ ਬਣਾਇਆ ਜਾਂਦਾ ਹੈ, ਪਰ ਸੱਚਾਈ ਹਮੇਸ਼ਾਂ ਸਾਹਮਣੇ ਆ ਜਾਦੀ ਹੈ। ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਿਰਫ਼ ਪੱਕੇ ਤੱਥਾਂ ‘ਤੇ ਹੀ ਵਿਸ਼ਵਾਸ ਕੀਤਾ ਜਾਵੇ। ਸੰਤ ਸੀਚੇਵਾਲ ਨੇ ਆਪਣੀ ਪੋਜ਼ੀਸ਼ਨ ਬਿਲਕੁਲ ਸਪੱਸ਼ਟ ਕਰ ਦਿੱਤੀ ਹੈ।
“ਪੰਜਾਬ ਦੇ ਮੁੱਦੇ ਹੀ ਮੇਰੀ ਅਸਲੀ ਤਰਜੀਹ ਹਨ”
ਉਨ੍ਹਾਂ ਨੇ ਦੁਹਰਾਇਆ ਕਿ ਦਰਿਆ ਸਫਾਈ, ਪ੍ਰਦੂਸ਼ਣ ਕੰਟਰੋਲ ਅਤੇ ਕਿਸਾਨੀ ਨਾਲ ਜੁੜੇ ਮਸਲੇ ਉਨ੍ਹਾਂ ਦੇ ਮੁੱਖ ਐਜੰਡੇ ਹਨ ਅਤੇ ਉਹ ਇਨ੍ਹਾਂ ‘ਤੇ ਕੰਮ ਕਰਦੇ ਰਹਿਣਗੇ।
ਓਧਰ ਸਿਆਸੀ ਵਿਸ਼ਲੇਸ਼ਕਾਂ ਅਨੁਸਾਰ, ਅਜਿਹੇ ਸਮੇਂ ‘ਚ ਜਦੋਂ ਅਟਕਲਾਂ ਅਤੇ ਦਬਾਅ ਦੋਵੇ ਹੀ ਚਰਮ ‘ਤੇ ਹੁੰਦੇ ਹਨ, ਤਾ ਇੱਕ ਸਪੱਸ਼ਟ ਅਤੇ ਸਿਧਾਂਤਕ ਸਟੈਂਡ ਆਪਣੇ ਆਪ ‘ਚ ਵੱਡੀ ਗੱਲ ਹੁੰਦੀ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ‘ਚ ਪੰਜਾਬ ਦੇ ਰਾਜਨੀਤਿਕ ਮਾਮਲੇ ‘ਤੇ ਹੋਰ ਵਿਕਾਸ ਹੋ ਸਕਦੇ ਹਨ, ਜਿਸ ਨਾਲ ਪੰਜਾਬ ਦੀ ਸਿਆਸਤ ‘ਚ ਨਵੇਂ ਸਮੀਕਰਨ ਬਣ ਸਕਦੇ ਹਨ।