- ਸੜਕਾਂ ’ਤੇ ਪਸ਼ੂਆਂ

- ਸੜਕਾਂ ’ਤੇ ਪਸ਼ੂਆਂ ਨੂੰ ਛੱਡਣ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਨੇ ਡੇਅਰੀ ਫਾਰਮਰਾਂ ਨੂੰ ਐੱਸਪੀਸੀਏ ਦਾ ਲਾਈਫ਼ ਮੈਂਬਰ ਬਣ ਕੇ ਸਰਕਾਰ ਨੂੰ ਸਹਿਯੋਗ ਦੇਣ ਲਈ ਕਿਹਾ
- ਨਗਰ ਨਿਗਮ ਅਧਿਕਾਰੀਆਂ ਨੂੰ ਕਰਤਾਰਪੁਰ ਵਿਖੇ ਨਵੀਂ ਗਊਸ਼ਾਲਾ ਨੂੰ ਸਮੇਂ ਸਿਰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਦੇ ਵੀ ਦਿੱਤੇ ਨਿਰਦੇਸ਼
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਵੱਲੋਂ ਪਿਛਲੇ ਕੁਝ ਮਹੀਨਿਆਂ ’ਚ ਐਨੀਮਲ ਬਰਥ ਕੰਟਰੋਲ (ਏਬੀਸੀ) ਪ੍ਰੋਗਰਾਮ ਤਹਿਤ ਵਾਰਡ ਨੰਬਰ 10 ਤੇ 11 ’ਚ ਅਵਾਰਾ ਕੁੱਤਿਆਂ ਦੀ ਸਟਰਲਾਈਜ਼ੇਸ਼ਨ ਸਫ਼ਲਤਾਪੂਰਵਕ ਪੂਰੀ ਕਰ ਲਈ ਗਈ ਹੈ। ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੁਸਾਇਟੀ ਫਾਰ ਪ੍ਰੀਵੈਂਸ਼ਨ ਆਫ਼ ਕਰੂਐਲਟੀ ਟੂ ਐਨੀਮਲਜ਼ (ਐੱਸਪੀਸੀਏ) ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜਾਨਵਰਾਂ ਤੇ ਨਾਗਰਿਕਾਂ ਦੋਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਦੀ ਵਚਨਬੱਧਤਾ ਦੁਹਰਾਈ। ਡਾ. ਅਗਰਵਾਲ ਨੇ ਦੱਸਿਆ ਕਿ ਦੋਵਾਂ ਵਾਰਡਾਂ ’ਚ ਕੁੱਲ 1,017 ਅਵਾਰਾ ਕੁੱਤੇ ਸਟਰਲਾਈਜ਼ ਕੀਤੇ ਗਏ ਹਨ।
ਇਹ ਮੁਹਿੰਮ ਹੁਣ ਵਾਰਡ 8 ਤੇ 9 ’ਚ ਸ਼ੁਰੂ ਕੀਤੀ ਗਈ ਹੈ ਤੇ ਪ੍ਰਸ਼ਾਸਨ ਦਾ ਉਦੇਸ਼ ਅਵਾਰਾ ਕੁੱਤਿਆਂ ਦੀ ਆਬਾਦੀ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕਰਨ ਲਈ ਇਸ ਪ੍ਰੋਗਰਾਮ ਨੂੰ ਸ਼ਹਿਰ ਦੇ ਹਰੇਕ ਵਾਰਡ ’ਚ ਲਾਗੂ ਕਰਨਾ ਹੈ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਸ਼ਹਿਰ ਦੀਆਂ ਸੜਕਾਂ ਤੋਂ ਬੇਸਹਾਰਾ ਪਸ਼ੂਆਂ ਨੂੰ ਗਊਸ਼ਾਲਾਵਾਂ ’ਚ ਤਬਦੀਲ ਕਰਨ ਲਈ ਕੀਤੇ ਜਾ ਰਹੇ ਯਤਨਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਮਹੀਨਿਆਂ ’ਚ 70 ਤੋਂ ਵੱਧ ਬੇਸਹਾਰਾ ਪਸ਼ੂ ਗਊਸ਼ਾਲਾਵਾਂ ’ਚ ਭੇਜੇ ਗਏ ਹਨ, ਜਿਸ ਨਾਲ ਯਾਤਰੀਆਂ ਤੇ ਪਸ਼ੂਆਂ ਦੋਵਾਂ ਦੀ ਸੁਰੱਖਿਆ ਯਕੀਨੀ ਬਣੀ ਹੈ, ਖਾਸ ਕਰ ਨੇੜੇ ਆ ਰਹੇ ਧੁੰਦ ਦੇ ਮੌਸਮ ਦੌਰਾਨ। ਉਨ੍ਹਾਂ ਹੋਰ ਪਸ਼ੂਆਂ ਦੇ ਰੱਖ-ਰਖਾਅ ਲਈ ਨਗਰ ਨਿਗਮ ਅਧਿਕਾਰੀਆਂ ਨੂੰ ਕਰਤਾਰਪੁਰ ਗਊਸ਼ਾਲਾ ਵਿਖੇ ਪੈਂਡਿੰਗ ਕੰਮਾਂ ਤੇ ਕੰਨੀਆਂ ਕਲਾਂ ਗਊਸ਼ਾਲਾ ਦੇ ਵਿਸਥਾਰ ’ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।
ਡਾ. ਅਗਰਵਾਲ ਨੇ ਪੀਐੱਸਪੀਸੀਐੱਲ, ਤੇਲ ਕੰਪਨੀਆਂ ਤੇ ਆਬਕਾਰੀ ਵਿਭਾਗ ਨੂੰ ਗਊਸ਼ਾਲਾਵਾਂ ਦੇ ਸਹੀ ਰੱਖ-ਰਖਾਅ ਲਈ ਸਥਾਨਕ ਅਥਾਰਟੀ ਨੂੰ ਗਊ ਸੈੱਸ ਸਮੇਂ ਸਿਰ ਜਮ੍ਹਾ ਕਰਵਾਉਣ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਕੀਤੀਆਂ। ਡੇਅਰੀ ਫਾਰਮਰਾਂ ਨੂੰ ਐੱਸਪੀਸੀਏ ਦੇ ਲਾਈਫ਼ ਮੈਂਬਰ ਬਣਨ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਬੇਸਹਾਰਾ ਪਸ਼ੂਆਂ ਨੂੰ ਸੜਕਾਂ 'ਤੇ ਛੱਡਣ ਦੀ ਬਜਾਏ ਪ੍ਰਸ਼ਾਸਨ ਵੱਲੋਂ ਚਲਾਈਆਂ ਜਾਂਦੀਆਂ ਗਊਸ਼ਾਲਾਵਾਂ ਨੂੰ ਸੌਂਪ ਦੇਣ ਦੀ ਅਪੀਲ ਵੀ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਵਟਸਐਪ ਐਕਸ਼ਨ ਹੈਲਪਲਾਈਨ 96462–22555 'ਤੇ ਬੇਸਹਾਰਾ ਪਸ਼ੂਆਂ ਸਬੰਧੀ ਪ੍ਰਾਪਤ ਸ਼ਿਕਾਇਤਾਂ ਦਾ ਤੁਰੰਤ ਹੱਲ ਕੀਤਾ ਜਾ ਰਿਹਾ ਹੈ ਤੇ ਜਨਤਾ ਨੂੰ ਸਮੇਂ ਸਿਰ ਸਹਾਇਤਾ ਲਈ ਹੈਲਪਲਾਈਨ ਦੀ ਵਰਤੋਂ ਕਰਨ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ।