ਦੋਆਬੇ ਦਾ ਸਭ ਤੋਂ ਵੱਡਾ 10ਵਾਂ ਜੇ.ਪੀ.ਜੀ.ਏ ਕਿਸਾਨ ਮੇਲਾ ਨਕੋਦਰ ਵਿਖੇ 8-9 ਦਸੰਬਰ ਨੂੰ

- ਸੰਤ ਬਲਬੀਰ ਸਿੰਘ ਸੀਚੇਵਾਲ ਸਮੇਤ ਪ੍ਰਮੁੱਖ ਹਸਤੀਆਂ ਕਰਨਗੀਆਂ ਉਦਘਾਟਨ
- 150 ਤੋਂ ਵੱਧ ਕੰਪਨੀਆਂ ਨਾਲ ਲੈਣਗੀਆਂ ਹਿੱਸਾ
- ਆਧੁਨਿਕ ਮਸ਼ੀਨਰੀ ਤੇ ਨਵੇਂ ਬੀਜਾਂ ਦੀ ਹੋਵੇਗੀ ਪ੍ਰਦਰਸ਼ਨੀ
ਕੁਲਬੀਰ ਸਿੰਘ ਮਿੰਟੂ/ਪਰਮਜੀਤ ਸਿੰਘ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਜਲੰਧਰ ਪੋਟੈਟੋ ਗਰੋਵਰ ਐਸੋਸੀਏਸ਼ਨ ਵੱਲੋਂ ਕਰਵਾਇਆ 10ਵਾਂ ਜੇਪੀਜੀਏ ਕਿਸਾਨ ਮੇਲਾ ਇਸ ਵਾਰ 8 ਤੇ 9 ਦਸੰਬਰ ਨੂੰ ਨਕੋਦਰ ਦੀ ਨਵੀਂ ਦਾਣਾ ਮੰਡੀ ਵਿੱਚ ਕਰਵਾਇਆ ਜਾ ਰਿਹਾ ਹੈ। ਕਿਸਾਨ ਮੇਲੇ ਦੀਆਂ ਤਿਆਰੀਆਂ ਸਬੰਧੀ ਨਵੀਂ ਦਾਣਾ ਮੰਡੀ ਵਿੱਚ ਹੋਈ ਮੀਟਿੰਗ ਦੀ ਅਗਵਾਈ ਕਰਦੇ ਹੋਏ ਪ੍ਰਧਾਨ ਗੁਰਰਾਜ ਸਿੰਘ ਨਿੱਝਰ ਨੇ ਦੱਸਿਆ ਕਿ ਹਰ ਸਾਲ ਸਤੰਬਰ ਮਹੀਨੇ ਕਰਤਾਰਪੁਰ ਵਿੱਚ ਹੁੰਦਾ ਇਹ ਮੇਲਾ ਇਸ ਵਾਰੀ ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਨਹੀਂ ਕਰਵਾਇਆ ਜਾ ਸਕਿਆ। ਕਿਸਾਨਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਇਹ ਮੇਲਾ ਨਕੋਦਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਮੇਲੇ ਵਿੱਚ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦਿਆਂ ਅਤੇ ਨਵੀਆਂ ਤਕਨੀਕਾਂ ਬਾਰੇ ਵੀ ਕਿਸਾਨਾਂ ਨੂੰ ਵਿਸਥਾਰਪੂਰਵਕ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿਆਲ ਦੇ ਛੋਟੇ ਦਿਨਾਂ ਨੂੰ ਧਿਆਨ ਵਿੱਚ ਰੱਖਦਿਆਂ ਮਾਝਾ, ਮਾਲਵਾ ਅਤੇ ਦੋਆਬੇ ਦੇ ਵੱਡੇ ਹਿੱਸੇ ਤੋਂ ਕਿਸਾਨਾਂ ਲਈ ਨਕੋਦਰ ਪਹੁੰਚਣਾ ਬਹੁਤ ਹੀ ਸੁਖਾਲਾ ਰਹੇਗਾ। ਇਸ ਮੌਕੇ ਕਮੇਟੀ ਵੱਲੋਂ ਮੇਲੇ ਦਾ ਅਧਿਕਾਰਕ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਵਾਈਸ ਪ੍ਰਧਾਨ ਅਸ਼ਵਿੰਦਰਪਾਲ ਸਿੰਘ ਖਹਿਰਾ ਨੇ ਦੱਸਿਆ ਕਿ 10ਵੇਂ ਜੇਪੀਜੀਏ ਕਿਸਾਨ ਮੇਲੇ ਦੀਆਂ ਤਿਆਰੀਆਂ ਬਹੁਤ ਹੀ ਵੱਡੇ ਪੱਧਰ ‘ਤੇ ਜਾਰੀ ਹਨ। ਮੇਲੇ ਦੇ ਪ੍ਰਬੰਧਾਂ ਜਿਵੇਂ ਕਿ ਲੰਗਰ, ਟੈਂਟ, ਪਾਰਕਿੰਗ ਅਤੇ ਹੋਰ ਕਮੇਟੀਆਂ ਦੀਆਂ ਜਿੰਮੇਵਾਰੀਆਂ—ਨਿਰਧਾਰਤ ਕਰਨ ਲਈ ਐਗਜੈਕਟਿਵ ਕਮੇਟੀ ਦੀ ਵਿਸ਼ੇਸ਼ ਮੀਟਿੰਗ ਹੋਈ। ਉਨ੍ਹਾਂ ਕਿਹਾ ਕਿ ਦੋਆਬੇ ਦਾ ਇਹ ਇੱਕੋ ਇੱਕ ਵਿਸ਼ਾਲ ਕਿਸਾਨ ਮੇਲਾ ਹੈ ਜਿਸ ਵਿੱਚ ਖੇਤੀਬਾੜੀ ਮਸ਼ੀਨਰੀ, ਖਾਦਾਂ ਅਤੇ ਕੀਟਨਾਸ਼ਕਾਂ ਦੀਆਂ 150 ਤੋਂ ਵੱਧ ਕੰਪਨੀਆਂ ਆਪਣੇ ਸਟਾਲ ਲਗਾ ਰਹੀਆਂ ਹਨ। ਮੇਲੇ ਵਿੱਚ ਆਧੁਨਿਕ ਮਸ਼ੀਨਰੀ, ਉੱਚ ਗੁਣਵਤਾ ਵਾਲੇ ਬੀਜ ਅਤੇ ਨਵੀਨਤਮ ਖੇਤੀ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਸਰਕਾਰੀ ਤੇ ਗੈਰ ਸਰਕਾਰੀ ਮਾਹਰ ਡਾਕਟਰ ਕਿਸਾਨਾਂ ਨਾਲ ਅਗਾਂਹਵਧੂ ਖੇਤੀ ਸਬੰਧੀ ਵਿਚਾਰ-ਵਟਾਂਦਰਾ ਕਰਨਗੇ।
ਇਸ ਮੌਕੇ ਕਮੇਟੀ ਮੈਂਬਰ ਚੈਂਚਲ ਸਿੰਘ, ਤੇਗਾ ਸਿੰਘ, ਨਰਿੰਦਰ ਸਿੰਘ, ਬਲਰਾਜ ਸਿੰਘ, ਗੁਬਿੰਦਰ ਸਿੰਘ, ਹਰਮਿੰਦਰ ਸਿੰਘ, ਸੁਖਵੀਰ ਸਿੰਘ, ਅਜੇਪਾਲ ਸਿੰਘ ਢਿੰਲੋਂ, ਮਨਿੰਦਰ ਸਿੰਘ ਬਿਲਖੂ, ਮਨਦੀਪ ਸਿੰਘ, ਪਵਨਦੀਪ ਸਿੰਘ ਅਤੇ ਗੁਰਵਿੰਦਰ ਸਿੰਘ ਬੋਪਾਰਾਏ ਆਦਿ ਹਾਜ਼ਰ ਸਨ। ਇਸ ਤੋਂ ਬਾਅਦ ਜਲੰਧਰ ਪੋਟੈਟੋ ਗਰੋਵਰ ਐਸੋਸੀਏਸ਼ਨ ਦੀ ਟੀਮ ਨੇ ਦੋਆਬੇ ਦੇ ਕਿਸਾਨਾਂ ਨਾਲ ਗੁਰਕਮਲ ਕੋਲਡ ਸਟੋਰ, ਤਾਸ਼ਪੁਰ ਵਿਖੇ ਮੇਲੇ ਦੀਆਂ ਤਿਆਰੀਆਂ ਬਾਰੇ ਮੀਟਿੰਗ ਕੀਤੀ। ਇਸ ਮੌਕੇ ਵਾਈਸ ਪ੍ਰਧਾਨ ਅਸ਼ਵਿੰਦਰ ਸਿੰਘ ਨੇ ਕਿਸਾਨਾਂ ਨੂੰ ਸੱਦਾ ਪੱਤਰ ਸੌਂਪਦੇ ਹੋਏ ਮੇਲੇ ਨੂੰ ਸਫਲ ਬਣਾਉਣ ਲਈ ਵੱਧ ਚੜ੍ਹ ਕੇ ਸਹਿਯੋਗ ਕਰਨ ਦੀ ਅਪੀਲ ਕੀਤੀ। ਤੇਗਾ ਸਿੰਘ ਨੇ ਦੱਸਿਆ ਕਿ ਦੋਆਬੇ ਦੇ ਕਿਸਾਨਾਂ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਉਤਸ਼ਾਹ ਹੈ ਕਿ ਪਹਿਲੀ ਵਾਰ ਇਸ ਇਲਾਕੇ ਵਿੱਚ ਇੰਨਾ ਵੱਡਾ ਕਿਸਾਨ ਮੇਲਾ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 8-9 ਦਸੰਬਰ ਨੂੰ ਨਕੋਦਰ ਦੀ ਦਾਣਾ ਮੰਡੀ ਵਿੱਚ ਹੋਣ ਵਾਲੇ ਮੇਲੇ ਵਿੱਚ ਕਿਸਾਨ ਭਰਪੂਰ ਤਨਦੇਹੀ ਨਾਲ ਆਪਣੀ ਭੂਮਿਕਾ ਨਿਭਾਉਣਗੇ। ਇੱਥੇ ਇਕੱਠੇ ਹੋਏ ਕਿਸਾਨਾਂ ਨੂੰ ਸੱਦਾ ਪੱਤਰ ਵੀ ਵੰਡੇ ਗਏ। ਇਸ ਤੋਂ ਉਪਰੰਤ ਐਸੋਸੀਏਸ਼ਨ ਦੀ ਟੀਮ ਵੱਲੋਂ ਹਰਦੇਵ ਸਿੰਘ ਲਾਡੀ, ਐੱਮਐੱਲਏ ਸ਼ਾਹਕੋਟ ਅਤੇ ਬੀਬੀ ਇੰਦਰਜੀਤ ਕੌਰ, ਐੱਮਐੱਲਏ ਨਕੋਦਰ ਨੂੰ ਵਿਸ਼ੇਸ਼ ਸੱਦਾ ਦਿੱਤਾ ਗਿਆ। ਅਸ਼ਵਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਮੇਲੇ ਦੇ ਦੋ ਦਿਨਾਂ ਸਮਾਗਮਾਂ ਵਿੱਚ ਦੋਆਬੇ ਦੀਆਂ ਸਾਰੀਆਂ ਪ੍ਰਮੁੱਖ ਹਸਤੀਆਂ ਰਾਜਨੀਤਿਕ ਰੰਗ ਤੋਂ ਉਪਰ ਉੱਠ ਕੇ ਹਿੱਸਾ ਲੈਣਗੀਆਂ। ਇਸ ਇਲਾਕੇ ਦਾ ਮਾਣ ਸੰਤ ਬਲਬੀਰ ਸਿੰਘ ਸੀਚੇਵਾਲ, ਬੀਬੀ ਇੰਦਰਜੀਤ ਕੌਰ ਅਤੇ ਹੋਰ ਸੰਤ ਮਹਾਪੁਰਸ਼ ਮੇਲੇ ਦਾ ਉਦਘਾਟਨ ਕਰਨਗੇ।