ਪਾਣੀ ਨੂੰ ਲੈ ਕੇ ਵਿਵਾਦ : ਗੁਆਂਢੀਆਂ ਦੇ ਹਮਲੇ ’ਚ ਭੈਣ-ਭਰਾ ਗੰਭੀਰ ਜ਼ਖ਼ਮੀ
ਪਾਣੀ ਨੂੰ ਲੈ ਕੇ ਵਿਵਾਦ : ਗੁਆਂਢੀਆਂ ਦੇ ਹਮਲੇ ਵਿੱਚ ਭੈਣ ਭਰਾ ਗੰਭੀਰ ਜਖ਼ਮੀ
Publish Date: Tue, 18 Nov 2025 09:53 PM (IST)
Updated Date: Tue, 18 Nov 2025 09:55 PM (IST)

ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਸੋਮਵਾਰ ਦੇਰ ਸ਼ਾਮ ਪਿੰਡ ਭੈਨੀ ਹੁਸੈਖਾਨ ਵਿਚ ਪਾਣੀ ਨੂੰ ਲੈ ਕੇ ਹੋਏ ਵਿਵਾਦ ਨੇ ਗੰਭੀਰ ਰੂਪ ਲੈ ਲਿਆ, ਜਿਸ ਵਿਚ ਗੁਆਂਢੀਆਂ ਵੱਲੋਂ ਕੀਤੇ ਗਏ ਹਮਲੇ ਵਿਚ ਸਕੇ ਭੈਣ-ਭਰਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਮੌਕੇ ਉੱਤੇ ਪੁੱਜੇ ਅਤੇ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਕਪੂਰਥਲਾ ਪਹੁੰਚਾਇਆ ਗਿਆ। ਜ਼ਖ਼ਮੀ ਭੈਣ-ਭਰਾ ਦੀ ਪਹਿਚਾਣ ਕਿਰਨਪ੍ਰੀਤ ਕੌਰ (17) ਤੇ ਰਮਨ ਸਿੰਘ ਪੁੱਤਰ ਜਜ ਸਿੰਘ ਨਿਵਾਸੀ ਪਿੰਡ ਭੈਨੀ ਹੁਸੈਖਾਨ ਦੇ ਰੂਪ ਵਿਚ ਹੋਈ ਹੈ। ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਰਮਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਗੁਆਂਢੀਆਂ ਦੇ ਨਾਲ ਪਾਣੀ ਦੀ ਸਪਲਾਈ ਅਤੇ ਸਰਕਾਰੀ ਮੋਟਰ ਚਲਾਉਂਣ ਨੂੰ ਲੈ ਕੇ ਅਕਸਰ ਬਹਿਸ ਹੁੰਦੀ ਰਹਿੰਦੀ ਸੀ। ਸੋਮਵਾਰ ਸ਼ਾਮ ਨੂੰ ਜਦੋਂ ਉਸਦੀ ਭੈਣ ਘਰ ਦੇ ਬਾਹਰ ਲੱਗੀ ਸਰਕਾਰੀ ਪਾਣੀ ਦੀ ਮੋਟਰ ਚਲਾਉਂਣ ਗਈ, ਤਾਂ ਗੁਆਂਢ ਵਿਚ ਰਹਿਣ ਵਾਲੇ ਲੋਕ ਉੱਥੇ ਪਹੁੰਚ ਗਏ ਅਤੇ ਉਸ ਨਾਲ ਲੜਾਈ ਕਰਣ ਲੱਗੇ। ਇਲਜ਼ਾਮ ਹੈ ਕਿ ਉਨ੍ਹਾਂ ਨੇ ਕਿਰਨਪ੍ਰੀਤ ਕੌਰ ਦੇ ਨਾਲ ਕੁੱਟਮਾਰ ਵੀ ਕੀਤੀ। ਰਮਨ ਸਿੰਘ ਅਨੁਸਾਰ ਭੈਣ ਦੀਆਂ ਚੀਕਾਂ ਸੁਣ ਕੇ ਜਦੋਂ ਉਹ ਉਸਨੂੰ ਬਚਾਉਣ ਆਇਆ ਤਾਂ ਗੁਆਂਢੀਆਂ ਨੇ ਉਸ ਉੱਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਦੋਨੋਂ ਭਰਾ-ਭੈਣ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਰੌਲਾ ਰੱਪਾ ਸੁਣਕੇ ਆਸ ਪਾਸ ਦੇ ਲੋਕ ਇਕੱਠੇ ਹੋਏ ਅਤੇ ਲੜਾਈ ਰੁਕਵਾ ਕੇ ਦੋਨਾਂ ਨੂੰ ਹਸਪਤਾਲ ਪਹੁੰਚਾਇਆ। ਸਿਵਲ ਹਸਪਤਾਲ ਦੇ ਡਿਊਟੀ ਡਾਕਟਰ ਨੇ ਦੱਸਿਆ ਕਿ ਦੋਨਾਂ ਜ਼ਖ਼ਮੀਆਂ ਦੇ ਸਿਰ ਉੱਤੇ ਗੰਭੀਰ ਸੱਟਾਂ ਆਈਆਂ ਹਨ। ਇਸ ਸਬੰਧੀ ਮੈਡੀਕਲ ਰਿਪੋਰਟ ਥਾਣਾ ਪੁਲਿਸ ਨੂੰ ਭੇਜ ਦਿੱਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।