ਨਗਰ ਕੀਰਤਨ ਦੌਰਾਨ ਸੰਗਤ ਨੇ ਕੀਤਾ ‘ਸਤਿਨਾਮ ਵਾਹਿਗੁਰੂ’ ਜਾਪ
ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਨਗਰ ਕੀਰਤਨ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਭਰੀ ਹਾਜਰੀ
Publish Date: Wed, 14 Jan 2026 08:05 PM (IST)
Updated Date: Thu, 15 Jan 2026 04:12 AM (IST)

* ਮਾਘੀ ਦਿਹਾੜੇ ਮੌਕੇ ਸਜਾਏ ਨਗਰ ਕੀਰਤਨ ’ਚ ਸੰਗਤ ਨੇ ਵੱਡੀ ਗਿਣਤੀ ’ਚ ਭਰੀ ਹਾਜ਼ਰੀ * ਨਾ ਸ਼ੁੱਧ ਹਵਾ ਹੈ, ਨਾ ਪਾਣੀ ਅਤੇ ਨਾ ਹੀ ਜ਼ਹਿਰ-ਰਹਿਤ ਖੁਰਾਕ : ਸੰਤ ਸੀਚੇਵਾਲ * ਬਾਣੀ ਵਿੱਚ ਮਨੁੱਖ ਨੂੰ ਰੋਗਾਂ ਤੋਂ ਮੁਕਤ ਕਰਨ ਦੀ ਅਥਾਹ ਸ਼ਕਤੀ ਕੈਪਸ਼ਨ : 14ਕੇਪੀਟੀ12,13,14,15 ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਸਜਾਏ ਗਏ ਨਗਰ ਕੀਰਤਨ ਦੇ ਵੱਖ ਵੱਖ ਦ੍ਰਿਸ਼ । ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਚਾਲੀ ਮੁਕਤਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਨਿਰਮਲ ਕੁਟੀਆ ਸੀਚੇਵਾਲ ਤੋਂ ਸ਼ੁਰੂ ਹੋ ਕੇ ਦੋਨਾ ਇਲਾਕੇ ਦੇ ਸੱਤ ਪਿੰਡਾਂ ਦੀ ਪਰਿਕਰਮਾ ਕਰਦਾ ਹੋਇਆ ਦੇਰ ਸ਼ਾਮ ਨਿਰਮਲ ਕੁਟੀਆ ਸੀਚੇਵਾਲ ਵਿਖੇ ਸੰਪੰਨ ਹੋਇਆ। ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ। ਸੀਚੇਵਾਲ ਤੋਂ ਚੱਲੇ ਇਸ ਨਗਰ ਕੀਰਤਨ ਦੌਰਾਨ ਨਾਨਕ ਹੱਟ, ਪਿੰਡ ਚੱਕ ਚੇਲਾ, ਨਿਹਾਲੂਵਾਲ, ਮੁਰੀਦਵਾਲ, ਕਾਸੂਵਾਲ, ਰੂਪੈਵਾਲ, ਅੱਡਾ ਰੂਪੈਵਾਲ, ਮਹਿਮੂਵਾਲ ਅਤੇ ਮਾਲੂਪੁਰ ਪਿੰਡਾਂ ਦੀ ਪਰਿਕਰਮਾ ਕੀਤੀ ਗਈ। ਵੱਖ-ਵੱਖ ਪਿੰਡਾਂ ਵਿੱਚ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦੌਰਾਨ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਗਤਾਂ ਨੂੰ ਹਵਾ, ਪਾਣੀ ਅਤੇ ਧਰਤੀ ਦੀ ਸੰਭਾਲ ਦਾ ਸੁਨੇਹਾ ਦਿੱਤਾ। ਉਨ੍ਹਾਂ ਅਪੀਲ ਕੀਤੀ ਕਿ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਨਦੀਆਂ ਅਤੇ ਦਰਿਆਵਾਂ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਨ ਲਈ ਸਮੂਹਿਕ ਹੰਭਲੇ ਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਨਾਮ-ਬਾਣੀ ਅਤੇ ਕੀਰਤਨ ਨਾਲ ਜੁੜਨ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਗੁਰੂ ਦੀ ਬਾਣੀ ਵਿੱਚ ਮਨੁੱਖ ਨੂੰ ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਮੁਕਤ ਕਰਨ ਦੀ ਅਥਾਹ ਸ਼ਕਤੀ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਅੱਜ ਸਾਡੇ ਕੋਲ ਨਾ ਸ਼ੁੱਧ ਹਵਾ ਹੈ, ਨਾ ਪਾਣੀ ਅਤੇ ਨਾ ਹੀ ਜ਼ਹਿਰ-ਰਹਿਤ ਖੁਰਾਕ। ਉਨ੍ਹਾਂ ਨੇ ਬਦਲਵੀ ਅਤੇ ਕੁਦਰਤੀ ਖੇਤੀ ਅਪਣਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਸਾਨੂੰ ਕੁਦਰਤ ਨਾਲ ਸਾਂਝ ਪਾਉਣ ਅਤੇ ਉਸਦੀ ਰੱਖਿਆ ਕਰਨ ਦੀ ਪ੍ਰੇਰਣਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਗੁਰੂਆਂ ਦੇ ਉਪਦੇਸ਼ਾਂ ਤੋਂ ਦੂਰ ਹੋਣ ਕਾਰਨ ਵਾਤਾਵਰਣ ਸੰਕਟ ਗੰਭੀਰ ਰੂਪ ਧਾਰ ਚੁੱਕਾ ਹੈ। ਨਗਰ ਕੀਰਤਨ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸੰਗਤਾਂ ਨੂੰ ਬੂਟਿਆਂ ਦਾ ਪ੍ਰਸ਼ਾਦ ਵੰਡਿਆ ਗਿਆ। ਇਸ ਤੋਂ ਪਹਿਲਾਂ ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਨਿਰਮਲ ਕੁਟੀਆ ਸੀਚੇਵਾਲ ਵਿਖੇ ਧਾਰਮਿਕ ਦੀਵਾਨ ਸਜਾਇਆ ਗਿਆ, ਜਿਸ ਵਿੱਚ ਸੰਤ ਸੀਚੇਵਾਲ ਨੇ ਪ੍ਰਵਚਨਾਂ ਦੀ ਸਾਂਝ ਪਾਈ। ਨਗਰ ਕੀਰਤਨ ਦੇ ਅੱਗੇ-ਅੱਗੇ ਗੱਤਕਾ ਖਿਡਾਰੀਆਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ। ਵੱਖ-ਵੱਖ ਪਿੰਡਾਂ ਵਿੱਚ ਸੰਗਤਾਂ ਲਈ ਵਿਸ਼ੇਸ਼ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ। ਨਗਰ ਕੀਰਤਨ ਦੌਰਾਨ ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਸੀਚੇਵਾਲ ਦੇ ਵਿਦਿਆਰਥੀਆਂ ਨੇ ਰਸਭਿੰਨਾ ਕੀਰਤਨ ਕੀਤਾ, ਜਦਕਿ ਨਿਰਮਲ ਕੁਟੀਆ ਸੀਚੇਵਾਲ ਦੇ ਹਾਜ਼ੂਰੀ ਰਾਗੀ ਤੇਜਿੰਦਰ ਸਿੰਘ ਸਰਪੰਚ ਦੇ ਜੱਥੇ ਨੇ ਮਾਘੀ ਨਾਲ ਸੰਬੰਧਤ ਪ੍ਰਸੰਗ ਸੁਣਾਏ । ਇਸ ਮੌਕੇ ਸੰਤ ਸੁਖਜੀਤ ਸਿੰਘ, ਸੰਤ ਗੁਰਮੇਜ਼ ਸਿੰਘ, ਸੰਤ ਪ੍ਰਗਟ ਨਾਥ, ਸੁਰਜੀਤ ਸਿੰਘ ਸ਼ੰਟੀ, ਸਰਪੰਚ ਜੋਗਾ ਸਿੰਘ, ਸਰਪੰਚ ਬੂਟਾ ਸਿੰਘ, ਅਮਰੀਕ ਸਿੰਘ ਸੰਧੂ ਸਮੇਤ ਇਲਾਕੇ ਦੇ ਪੰਚ-ਸਰਪੰਚ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਰਹੀਆਂ।